ਸਰੀ -ਸਰੀ ਦੇ ਰੇਡੀਓ ਇੰਡੀਆ ਦੇ ਐਮ ਡੀ ਤੇ ਉਘੇ ਸੰਗੀਤ ਪ੍ਰੋਮੋਟਰ ਮਨਿੰਦਰ ਸਿੰਘ ਗਿੱਲ ਨੇ ਇਕ ਬਿਆਨ ਰਾਹੀਂ ਸੂਫੀ ਗਾਇਕ ਉਸਤਾਦ ਪੂਰਨ ਸ਼ਾਹ ਕੋਟੀ ਦੇ ਗੁਜ਼ਰ ਜਾਣ ‘ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਆਪਣੇ ਸ਼ੋਕ ਸੰਦੇਸ਼ ਵਿਚ ਕਿਹਾ ਹੈ ਕਿ ਉਸਤਾਦ ਪੂਰਨ ਸ਼ਾਹਕੋਟੀ ਦੇ ਸਦੀਵੀ ਵਿਛੋੜੇ ਨਾਲ ਜਿਥੇ ਸੰਗੀਤ ਜਗਤ ਨੂੰ ਵੱਡਾ ਘਾਟਾ ਪਿਆ ਹੈ ਉਥੇ ਇਸ ਦੁਖਦਾਈ ਖਬਰ ਨੂੰ ਦੇਣ ਵਾਲੇ ਕਾਰਡ ਦੀ ਸ਼ਬਦਾਵਲੀ ਉਸ ਨੇਕ ਰੂਹ ਦੀ ਪਾਕੀਜ਼ਗੀ ਨੂੰ ਬਿਆਨ ਕਰਨ ਵਾ੍ਲੀ ਹੈ।
ਇਸ ਕਾਰਡ ਵਿਚ ਇੱਕ ਮੁਸਲਮਾਨ ਦੇ ਸਪੁਰਦ-ਏ-ਖ਼ਾਕ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਬਾਣੀ ਲਿਖੀ ਗਈ ਹੈ, ਜੋ ਸਾਡੀ ਭਾਈਚਾਰਕ ਸੋਚ ਨੂੰ ਰੂਪਮਾਨ ਕਰਦੀ ਹੈ। ਇਹ ਹੈ ਪੰਜਾਬ—ਪੰਜਾਬ ਨਾ ਹਿੰਦੂ ਹੈ, ਨਾ ਮੁਸਲਮਾਨ। ਪੰਜਾਬ ਗੁਰੂਆਂ ਦੇ ਨਾਮ ‘ਤੇ ਜੀਉਂਦਾ ਹੈ। ਪਰ ਅਫਸੋਸ ਦਿੱਲੀ ਦੀਆਂ ਸਿਆਸੀ ਪਾਰਟੀਆਂ ਇਹ ਨਹੀਂ ਸਮਝਦੀਆਂ। ਕਦੇ ਹਿੰਦੂ, ਕਦੇ ਜੱਟ ਤੇ ਕਦੇ ਦਲਿਤ ਦੇ ਨਾਮ ‘ਤੇ ਪੰਜਾਬ ਵਿੱਚ ਲੋਕਾਂ ਨੂੰ ਤੋੜਨ ਤੇ ਵੰਡਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਮੈਨੂੰ ਮਾਣ ਹੈ ਕਿ ਪੂਰਨ ਸ਼ਾਹ ਕੋਟੀ ਸਾਹਿਬ ਤੇ ਮਾਸਟਰ ਸਲੀਮ ਨੇ ਮੇਰੇ ਨਾਲ ਪੂਰੀ ਦੁਨੀਆ ਵਿੱਚ ਅਨੇਕਾਂ ਸ਼ੋਅ ਕੀਤੇ ਹਨ ਜੋ ਅੱਜ ਵੀ ਲੋਕਾਂ ਦੇ ਚੇਤਿਆਂ ਵਿੱਚ ਵੱਸੇ ਹੋਏ ਹਨ। ਉਹ ਮਹਾਨ ਕਲਾਕਾਰ ਸਨ, ਜੋ ਕਲਾ ਨੂੰ ਬਹੁਤ ਉੱਚਾ ਸੁੱਚਾ ਦਰਜਾ ਦਿੰਦੇ ਸਨ। ਉਹਨਾਂ ਨੇ ਪੰਜਾਬੀ ਸੰਗੀਤ ਜਗਤ ਨੂੰ ਹੰਸ ਰਾਜ ਹੰਸ, ਜਸਬੀਰ ਜੱਸੀ ਅਤੇ ਮਾਸਟਰ ਸਲੀਮ ਵਰਗੇ ਕਈ ਹੀਰੇ ਦਿੱਤੇ ਜਿਨ੍ਹਾਂ ਨੇ ਸ਼ਾਹਕੋਟੀ ਸਾਬ੍ਹ ਦੇ ਨਾਮ ਨੂੰ ਅਮਰ ਕੀਤਾ ਹੈ।
ਵਿਛੜੀ ਰੂਹ ਨੂੰ ਗੁਰੂ ਚਰਨਾਂ ਵਿੱਚ ਨਿਵਾਸ ਮਿਲੇ, ਅੱਲਾਹ ਜੰਨਤ-ਏ-ਫਿਰਦੌਸ ਬਖ਼ਸ਼ੇ।
