Mar 7, 2026

ਚੰਡੀਗੜ੍ਹ, 2 ਜਨਵਰੀ-ਪੰਜਾਬ ਸਰਕਾਰ ਵੱਲੋਂ ਪੱਤਰਕਾਰਾਂ ਸਮੇਤ ਕਾਰਕੁਨਾਂ ਖ਼ਿਲਾਫ਼ ਕੇਸ ਦਰਜ ਕਰਨ ਵਿਰੁੱਧ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਸੱਦੇ ‘ਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪ੍ਰੈੱਸ ਕੌਂਸਲ ਆਫ਼ ਇੰਡੀਆ ਦੇ ਚੇਅਰਪਰਸਨ ਅਤੇ ਸਕੱਤਰ ਦੇ ਨਾਮ ਮੰਗ-ਪੱਤਰ ਦਿੱਤੇ ਗਏ। ਜਥੇਬੰਦੀ ਦੇ ਚੇਅਰਮੈਨ ਬਲਬੀਰ ਜੰਡੂ, ਪ੍ਰਧਾਨ ਜੈ ਸਿੰਘ ਛਿੱਬਰ, ਸਕੱਤਰ ਜਨਰਲ ਸੰਤੋਖ ਗਿੱਲ, ਸੀਨੀਅਰ ਮੀਤ ਪ੍ਰਧਾਨ ਭੂਸ਼ਨ ਸੂਦ, ਜਥੇਬੰਦਕ ਸਕੱਤਰ ਦਵਿੰਦਰ ਸਿੰਘ ਭੰਗੂ ਅਤੇ ਮੀਤ ਪ੍ਰਧਾਨ ਰਾਜਨ ਮਾਨ ਨੇ ਇੱਥੋਂ ਜਾਰੀ ਬਿਆਨ ਵਿੱਚ ਕਿਹਾ ਕਿ ਸੂਬਾ ਸਰਕਾਰ ਵੱਲੋਂ ਪ੍ਰੈੱਸ ਅਤੇ ਪ੍ਰਗਟਾਵੇ ਦੀ ਅਜ਼ਾਦੀ ਉਪਰ ਹਾਲੀਆ ਹਮਲਿਆਂ ਵਿਰੁੱਧ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਜਥੇਬੰਦੀ ਦੇ ਸੂਬਾਈ ਅਤੇ ਜ਼ਿਲ੍ਹਾ ਆਗੂਆਂ ਦੀ ਅਗਵਾਈ ਹੇਠ ਬਰਨਾਲਾ, ਸੰਗਰੂਰ, ਮੋਹਾਲੀ, ਅੰਮ੍ਰਿਤਸਰ ਸਮੇਤ ਫ਼ਿਰੋਜ਼ਪੁਰ (ਦਿਹਾਤੀ) ਜ਼ਿਲ੍ਹਿਆਂ ਤੋਂ ਇਲਾਵਾ ਅੱਧੀ ਦਰਜਨ ਸਬ-ਡਿਵੀਜ਼ਨਾਂ ਵਿੱਚ ਪੱਤਰਕਾਰਾਂ ਨੇ ਰੋਸ ਪ੍ਰਗਟ ਕਰਦਿਆਂ ਮੰਗ-ਪੱਤਰ ਸੌਂਪੇ।
ਆਗੂਆਂ ਨੇ 4 ਜਨਵਰੀ ਨੂੰ ਚੰਡੀਗੜ੍ਹ ਵਿੱਚ ਪੱਤਰਕਾਰਾਂ ਵੱਲੋਂ ਸੰਕੇਤਕ ਰੋਸ ਪ੍ਰਦਰਸ਼ਨ ਦਾ ਸਮਰਥਨ ਕਰਨ ਦਾ ਐਲਾਨ ਕੀਤਾ। ਇਸ ਸਬੰਧੀ ਜਥੇਬੰਦੀ ਦੇ ਚੰਡੀਗੜ੍ਹ ਯੂਨਿਟ ਦੇ ਆਗੂ ਸਾਥੀਆਂ ਤੋਂ ਇਲਾਵਾ ਸੂਬਾਈ ਸਕੱਤਰ ਸਾਥੀ ਵੀਰਪਾਲ ਭਗਤਾ ਅਤੇ ਇੰਡੀਅਨ ਜਰਨਲਿਸਟ ਯੂਨੀਅਨ ਦੀ ਕੌਮੀ ਕੌਂਸਲ ਦੇ ਮੈਂਬਰ ਸੁਖਨੈਬ ਸਿੱਧੂ ਸ਼ਾਮਲ ਹੋਣਗੇ। ਆਗੂਆਂ ਨੇ ਕਿਹਾ ਕਿ ਸਾਰੇ ਜ਼ਿਲ੍ਹਿਆਂ ਵਿੱਚ ਅਗਲੇ ਦਿਨਾਂ ਦੌਰਾਨ ਮੰਗ-ਪੱਤਰ ਦਿੱਤੇ ਜਾਣਗੇ। ਇਹ ਵੀ ਫ਼ੈਸਲਾ ਕੀਤਾ ਗਿਆ ਕਿ ਸੂਬਾਈ ਆਗੂ ਪੰਜਾਬ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਸੂਬੇ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੂੰ ਮਿਲ ਕੇ ਪੱਤਰਕਾਰਾਂ ਖ਼ਿਲਾਫ਼ ਕੇਸ ਰੱਦ ਕਰਨ ਦੀ ਮੰਗ ਕਰਨਗੇ।
ਸਾਥੀਓ, ਆਪਣੇ ਜ਼ਿਲ੍ਹਿਆਂ ਦੇ ਸਾਥੀਆਂ ਦੇ ਨਾਮ ਸ਼ਾਮਲ ਕਰ ਕੇ ਖ਼ਬਰਾਂ ਭੇਜ ਦਿੱਤੀਆਂ ਜਾਣ।