ਸਰੀ, 2 ਜਨਵਰੀ (ਹਰਦਮ ਮਾਨ)- ਉਘੇ ਸਿੱਖ ਵਿਦਵਾਨ ਤੇ ਸੀਨੀਅਰ ਫੋਟੋ ਪੱਤਰਕਾਰ ਸ ਜੈਤੇਗ ਸਿੰਘ ਅਨੰਤ ਜੋ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 11 ਜਨਵਰੀ ਦਿਨ ਐਤਵਾਰ ਨੂੰ ਸਵੇਰੇ 11 ਵਜੇ ਰਿਵਰਸਾਈਡ ਫਿਊਨਰਲ ਹੋਮ 7410 ਕੌਪਕਾਟ ਰੋਡ ਡੈਲਟਾ ਵਿਖੇ ਕੀਤਾ ਜਾਵੇਗਾ। ਉਪਰੰਤ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਬਰੁੱਕਸਾਈਡ ਸਾਹਿਬ 8365 140 ਸਟਰੀਟ ਸਰੀ ਵਿਖੇ ਬਾਦ ਦੁਪਹਿਰ 1 ਵਜੇ ਹੋਵੇਗੀ।
ਪਰਿਵਾਰ ਨਾਲ ਹਮਦਰਦੀ ਲਈ ਉਹਨਾਂ ਦੇ ਸਪੁੱਤਰ ਕੁਲਬੀਰ ਸਿੰਘ ਅਨੰਤ ਨਾਲ ਫੋਨ ਨੰਬਰ 778-979-5356 ਜਾਂ ਉਹਨਾਂ ਦੀ ਸਪੁਤਰੀ ਕੁਲਪ੍ਰੀਤ ਵੜੈਚ ਨਾਲ ਫੋਨ ਨੰਬਰ 604-764-8124 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਸ ਜੈਤੇਗ ਸਿੰਘ ਅਨੰਤ ਜੋ ਪੰਜਾਬੀ ਸਾਹਿਤ ਅਤੇ ਕਲਾ ਦੇ ਖੇਤਰ ਦੀ ਮਾਣਯੋਗ ਕੌਮਾਂਤਰੀ ਪਛਾਣ ਵਾਲੀ ਸ਼ਖਸੀਅਤ ਸਨ, ਬੀਤੇ ਕੁਝ ਸਮੇਂ ਤੋਂ ਸਰੀ ਮੈਮੋਰੀਅਲ ਹਸਪਤਾਲ ਵਿਖੇ ਜ਼ੇਰੇ-ਇਲਾਜ ਸਨ, ਜਿਥੇ ਉਹਨਾਂ ਅੰਤਿਮ ਸਵਾਲ ਲਏ। ਸ. ਅਨੰਤ ਦਾ ਜਨਮ 14 ਅਗਸਤ 1946 ਨੂੰ ਲਹਿੰਦੇ ਪੰਜਾਬ ਦੇ ਪਿੰਡ ਮਿਢਰਾਂਝਾ (ਤਖ਼ਤ ਹਜ਼ਾਰਾ ਨੇੜੇ) ਵਿੱਚ ਹੋਇਆ। ਉਹ 1997 ਵਿਚ ਕੈਨੇਡਾ ਆ ਗਏ ਸਨ ਅਤੇ ਸਰੀ ਸ਼ਹਿਰ ਵਿਚ ਰਹਿ ਰਹੇ ਸਨ। ਅਜੇ ਦੋ ਕੁ ਮਹੀਨੇ ਪਹਿਲਾਂ ਹੀ ਉਨ੍ਹਾਂ ਦੀ ਸੁਪਤਨੀ ਜਸਪਾਲ ਕੌਰ ਅਨੰਤ ਵੀ ਅਕਾਲ ਚਲਾਣਾ ਕਰ ਗਏ ਸਨ।
ਉਨ੍ਹਾਂ ਵੱਲੋਂ ਪੰਜਾਬੀ ਸਾਹਿਤ, ਕਲਾ ਅਤੇ ਵਿਸ਼ੇਸ਼ ਕਰਕੇ ਗ਼ਦਰ ਲਹਿਰ, ਸਿੱਖ ਵਿਰਸੇ, ਵਿਰਾਸਤ ਲਈ ਕੀਤੇ ਬਹੁਤ ਵੱਡੇ ਕਾਰਜ ਬੇਹੱਦ ਪ੍ਰਸੰਸਾਤਮਿਕ ਅਤੇ ਸਾਂਭਣਯੋਗ ਹਨ ਅਤੇ ਇਨ੍ਹਾਂ ਇਤਿਹਾਸਕ ਕਾਰਜਾਂ ਰਾਹੀਂ ਉਨ੍ਹਾਂ ਨਿਵੇਕਲੀਆਂ ਪੈੜਾਂ ਪਾਈਆਂ ਹਨ। ਉਨ੍ਹਾਂ ਦੀ ਕਲਮ ਦਾ ਸਫ਼ਰ 1968 ਵਿਚ ਰੋਜ਼ਾਨਾ ਜਥੇਦਾਰ ਅਖਬਾਰ ਤੋਂ ਹੋਇਆ। ਮੁੱਢਲਾ ਸਮਾਂ ਉਨ੍ਹਾਂ ਪੰਜਾਬੀ ਅਖਬਾਰਾਂ ਵਿਚ ਕਲਾ ਆਲੋਚਕ ਦੇ ਤੌਰ ਤੇ ਆਪਣੀ ਕਲਮ ਚਲਾਈ ਅਤੇ ਆਪਣੀ ਪਛਾਣ ਬਣਾਈ। ਪੇਸ਼ੇ ਵਜੋਂ ਉਹ ਇਕ ਸਫਲ ਫੋਟੋ ਪੱਤਰਕਾਰ ਸਨ । ਉਨ੍ਹਾਂ ਦੇਸ਼ ਵਿਦੇਸ਼ਾਂ ਵਿਚ 70 ਤੋਂ ਵੱਧ ਐਵਾਰਡ ਵੀ ਹਾਸਲ ਕੀਤੇ। ਭਾਰਤ ਦੇ ਟੌਪ 10 ਫੋਟੋ ਕਲਾਕਾਰਾਂ ਵਿਚ ਉਨ੍ਹਾਂ ਦਾ ਸ਼ੁਮਾਰ ਸੀ।
