Apr 23, 2026

ਨਿਊਯਾਰਕ ( ਏਜੰਸੀਆਂ)-ਅਮਰੀਕਾ ਨੇ ਅੱਜ ਤੜਕੇ ਵੈਨੇਜ਼ੁਏਲਾ ’ਤੇ ਵੱਡੇ ਪੱਧਰ ’ਤੇ ਹਵਾਈ ਹਮਲੇ ਕਰਦਿਆਂ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੂੰ ਫੜਨ  ਦਾ ਦਾਅਵਾ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੁੱਥ ਸੋਸ਼ਲ’ ’ਤੇ ਇਸ ਕਾਰਵਾਈ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਇਸ ਨੂੰ ਸਫ਼ਲ ਕਾਰਵਾਈ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਮਾਦੂਰੋ ਅਤੇ ਉਨ੍ਹਾਂ ਦੀ ਪਤਨੀ ਸਿਲੀਆ ਫਲੋਰਸ ਨੂੰ ਫੜ ਕੇ ਦੇਸ਼ ਤੋਂ ਬਾਹਰ ਲਿਜਾਇਆ ਗਿਆ ਹੈ। ਟਰੰਪ ਨੇ ਕਿਹਾ, ‘ਜਦੋਂ ਤੱਕ ਵੈਨੇਜ਼ੁਏਲਾ ਵਿੱਚ ਸੱਤਾ ਦਾ ਸੁਚਾਰੂ ਢੰਗ ਨਾਲ ਤਬਾਦਲਾ ਨਹੀਂ ਕਰ ਦਿੱਤਾ ਜਾਂਦਾ, ਉਦੋਂ ਤੱਕ ਉਥੋਂ ਦਾ ਕੰਟਰੋਲ ਸਾਡੇ ਹੱਥ ਰਹੇਗਾ।’

ਇਸ ਦੌਰਾਨ ਹੋਏ ਜਾਨੀ ਨੁਕਸਾਨ ਬਾਰੇ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ। ਇਹ ਕਾਰਵਾਈ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਸਹਿਯੋਗ ਨਾਲ ਕੀਤੀ ਗਈ ਹੈ। ਸੈਨੇਟਰ ਮਾਈਕ ਲੀ ਮੁਤਾਬਕ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਦੱਸਿਆ ਕਿ ਮਾਦੂਰੋ ’ਤੇ ਅਮਰੀਕਾ ਵਿੱਚ ਅਪਰਾਧਿਕ ਕੇਸ ਚਲਾਏ ਜਾਣਗੇ। ਜ਼ਿਕਰਯੋਗ ਹੈ ਕਿ ਮਾਰਚ 2020 ਵਿੱਚ ਮਾਦੂਰੋ ’ਤੇ ‘ਨਾਰਕੋ-ਟੈਰਰਿਜ਼ਮ’ (ਨਸ਼ਾ ਤਸਕਰੀ ਅਤੇ ਅਤਿਵਾਦ) ਦੇ ਦੋਸ਼ ਲੱਗੇ ਸਨ। ਹਮਲੇ ਦੌਰਾਨ ਰਾਜਧਾਨੀ ਕਰਾਕਸ ਵਿੱਚ ਘੱਟੋ-ਘੱਟ ਸੱਤ ਧਮਾਕੇ ਸੁਣੇ ਗਏ ਅਤੇ ਅਮਰੀਕੀ ਜਹਾਜ਼ ਨੀਵੀਂ ਉਡਾਣ ਭਰਦੇ ਦੇਖੇ ਗਏ। ਇਸ ਕਾਰਵਾਈ ਮਗਰੋਂ ਵੈਨੇਜ਼ੁਏਲਾ ਸਰਕਾਰ ਨੇ ਇਸ ਨੂੰ ਅਮਰੀਕਾ ਵੱਲੋਂ ਕੀਤਾ ਗਿਆ ‘ਸਾਮਰਾਜਵਾਦੀ ਹਮਲਾ’ ਕਰਾਰ ਦਿੰਦਿਆਂ ਲੋਕਾਂ ਨੂੰ ਸੜਕਾਂ ’ਤੇ ਉਤਰਨ ਦੀ ਅਪੀਲ ਕੀਤੀ ਹੈ। ਟਰੰਪ ਨੇ ਦੱਸਿਆ ਕਿ ਅਪਰੇਸ਼ਨ ਦੌਰਾਨ ਇੱਕ ਹੈਲੀਕਾਪਟਰ ਨੁਕਸਾਨਿਆ ਗਿਆ ਅਤੇ ਕੁਝ ਅਮਰੀਕੀ ਜਵਾਨ ਜ਼ਖ਼ਮੀ ਹੋਏ, ਪਰ ਕਿਸੇ ਦੀ ਮੌਤ ਨਹੀਂ ਹੋਈ। ਟਰੰਪ ਨੇ ਕਿਹਾ, ‘‘ਕੁਝ ਜਵਾਨਾਂ ਨੂੰ ਸੱਟਾਂ ਵੱਜੀਆਂ, ਪਰ ਉਹ ਵਾਪਸ ਆ ਗਏ ਹਨ ਅਤੇ ਉਨ੍ਹਾਂ ਦੀ ਹਾਲਤ ਠੀਕ ਹੈ।’’ ਬਾਅਦ ਵਿੱਚ ਉਨ੍ਹਾਂ ਕਿਹਾ, ‘‘ਇਹ ਜੰਗ ਹੈ, ਜਿਸ ਕਰਕੇ ਸਾਨੂੰ ਇਹ ਕਰਨਾ ਪਿਆ।’’

ਜਿਕਰਯੋਗ ਹੈ ਕਿ ਅਮਰੀਕਾ ਪਿਛਲੇ ਕੁਝ ਮਹੀਨਿਆਂ ਤੋਂ ਨਸ਼ਾ ਤਸਕਰੀ ਰੋਕਣ ਦੇ ਨਾਂ ’ਤੇ ਖੇਤਰ ਵਿੱਚ ਆਪਣੀ ਫੌਜੀ ਮੌਜੂਦਗੀ ਵਧਾ ਰਿਹਾ ਸੀ ਅਤੇ ਇਹ ਤਾਜ਼ਾ ਹਮਲਾ ਉਸੇ ਲੜੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ।