ਅੰਮ੍ਰਿਤਸਰ- ਇਥੇ ਇੱਕ ਵਿਆਹ ਸਮਾਗਮ ਦੌਰਾਨ ਉਸ ਵੇਲੇ ਖਲਲ ਪੈ ਗਿਆ, ਜਦੋਂ ਦੋ ਹਮਲਾਵਰਾਂ ਨੇ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ। ਇਸ ਵਿਅਕਤੀ ਦੀ ਸ਼ਨਾਖਤ ਵਲਟੋਹਾ ਇਲਾਕੇ ਦੇ ਸਰਪੰਚ ਜਰਮਲ ਸਿੰਘ ਵੱਜੋਂ ਹੋਈ ਹੈ।
ਜਰਮਲ ਸਿੰਘ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਸਨ। ਉਹ ਇੱਥੇ ਇੱਕ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਪੁੱਜੇ ਸਨ। ਵਿਆਹ ਸਮਾਗਮ ਵਿੱਚ ਉਥੋਂ ਦੇ ਵਿਧਾਇਕ ਸਰਵਣ ਸਿੰਘ ਧੁੰਨ ਵੀ ਸ਼ਾਮਿਲ ਸਨ। ਮੌਕੇ ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਜਰਮਲ ਸਿੰਘ ਵਿਆਹ ਸਮਾਗਮ ਦੌਰਾਨ ਇੱਕ ਟੇਬਲ ਤੇ ਬੈਠੇ ਹੋਏ ਸਨ ਅਤੇ ਖਾ- ਪੀ ਰਹੇ ਸਨ। ਇਸ ਦੌਰਾਨ ਦੋ ਹਮਲਾਵਰ ਆਏ, ਜਿਨਾਂ ਨੇ ਉਹਨਾਂ ਤੇ ਗੋਲੀ ਚਲਾਈ ਅਤੇ ਫ਼ਰਾਰ ਹੋ ਗਏ। ਇਹ ਗੋਲੀਆਂ ਉਨ੍ਹਾਂ ਦੇ ਸਿਰ ਵਿੱਚ ਲੱਗੀਆਂ ਅਤੇ ਉਨਾਂ ਨੂੰ ਤੁਰੰਤ ਨੇੜੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲੀਸ ਵੱਲੋਂ ਮੌਕੇ ’ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।
ਮਿਲੇ ਵੇਰਵਿਆਂ ਦੇ ਮੁਤਾਬਿਕ ਸਰਪੰਚ ਨੂੰ ਕੁਝ ਗੈਂਗਸਟਰਾਂ ਵੱਲੋਂ ਕਥਿਤ ਤੌਰ ’ਤੇ ਧਮਕੀਆਂ ਮਿਲ ਰਹੀਆਂ ਸਨ, ਜਿਸ ਬਾਰੇ ਉਹਨਾਂ ਵੱਲੋਂ ਪੁਲੀਸ ਨੂੰ ਵੀ ਸੂਚਿਤ ਕੀਤਾ ਗਿਆ ਸੀ।
ਪੁਲੀਸ ਵੱਲੋਂ ਪੈਲੇਸ ਅਤੇ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ। ਸੀਸੀਟੀਵੀ ਕੈਮਰੇ ਵਿਚ ਸਪੱਸ਼ਟ ਦਿਖਾਈ ਦਿੰਦਾ ਹੈ ਦੋ ਨੌਜਵਾਨ ਵਿਆਹ ਸਮਾਗਮ ਵਿਚ ਸ਼ਾਮਿਲ ਹੁੰਦੇ ਹਨ ਤੇ ਇਕ ਜਣੇ ਵਲੋਂ ਪਿਸਤੌਲ ਕੱਢਕੇ ਸਰਪੰਚ ਦੇ ਪਿੱਛੋਂ ਆਕੇ ਸਿਰ ਵਿਚ ਗੋਲੀ ਮਾਰੀ ਗਈ। ਫਿਲਹਾਲ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ, ਪਰ ਪੁਲੀਸ ਪੁਰਾਣੀ ਦੁਸ਼ਮਣੀ ਸਮੇਤ ਸਾਰੇ ਪਹਿਲੂਆਂ ਤੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
–ਪਿੰਡ ਭਿੰਡਰ ਖੁਰਦ ਵਿਚ ਕਾਂਗਰਸੀ ਵਰਕਰ ਦੀ ਗੋਲੀਆਂ ਮਾਰਕੇ ਹੱਤਿਆ-
ਮੋਗਾ-ਇਥੋਂ ਨੇੜਲੇ ਪਿੰਡ ਭਿੰਡਰ ਖੁਰਦ ਵਿੱਚ ਅੱਜ ਸਵੇਰੇ ਕਰੀਬ ਸੱਤ ਵਜੇ ਕਾਰ ਸਵਾਰ ਹਮਲਾਵਰਾਂ ਨੇ ਕਾਂਗਰਸ ਵਰਕਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਉਮਰਸੀਰ ਸਿੰਘ ਉਰਫ਼ ਸ਼ੀਰਾ ਵਜੋਂ ਹੋਈ ਹੈ। ਉਹ ਮੋਗਾ ਸਥਿਤ ਨੈਸਲੇ ਇੰਡੀਆ ਵਿੱਚ ਮੁਲਾਜ਼ਮ ਅਤੇ ਯੂਨੀਅਨ ਆਗੂ ਵੀ ਸੀ। ਉਮਰਸੀਰ ਸਵੇਰੇ ਕਾਰ ’ਤੇ ਡਿਊਟੀ ਲਈ ਜਾ ਰਿਹਾ ਸੀ। ਘਰ ਦੇ ਨੇੜੇ ਹੀ ਕਾਲੀ ਕਾਰ ਵਿੱਚ ਸਵਾਰ ਪੰਜ ਹਮਲਾਵਰਾਂ ਨੇ ਉਸ ਨੂੰ ਘੇਰ ਲਿਆ ਅਤੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਉਸ ਦੇ ਕਰੀਬ 25 ਗੋਲੀਆਂ ਲੱਗੀਆਂ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲੀਸ ਨੇ ਸਰਪੰਚ ਸਣੇ ਸੱਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
