ਅੰਮ੍ਰਿਤਸਰ ( ਦੇ ਪ੍ਰ ਬਿ)- ਬੀਤੇ ਦਿਨੀਂ ਕੈਲਗਰੀ, ਕੈਨੇਡਾ ਤੋਂ ਕੰਸਰਵੇਟਿਵ ਐਮ ਪੀ ਤੇ ਸ਼ੈਡੋ ਮਨਿਸਟਰ ਜਸਰਾਜ ਸਿੰਘ ਹੱਲਣ, ਐਮ ਪੀ ਅਮਨਪ੍ਰੀਤ ਸਿੰਘ ਗਿੱਲ ਤੇ ਐਮ ਪੀ ਦਲਵਿੰਦਰ ਸਿੰਘ ਗਿੱਲ ਦੇ ਅੰਮ੍ਰਿਤਸਰ ਵਿਖੇ ਪੁੱਜਣ ਤੇ ਸਾਬਕਾ ਮੰਤਰੀ ਤੇ ਸੀਨੀਅਰ ਆਗੂ ਸ੍ਰੀ ਅਨਿਲ ਜੋਸ਼ੀ ਤੇ ਸਾਥੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਕੈਨੇਡੀਅਨ ਐਮ ਪੀਜ ਜੋ ਚੋਣਾਂ ਵਿਚ ਜਿੱਤ ਉਪਰੰਤ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਅਤੇ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਇਕ ਨਿੱਜੀ ਦੌਰੇ ਤੇ ਪੁੱਜੇ ਦਾ ਸ੍ਰੀ ਜੋਸ਼ੀ ਵਲੋਂ ਫੁੱਲਾਂ ਦੇ ਗੁਲਦਸਤਿਆਂ ਨਾਲ ਸਵਾਗਤ ਕੀਤਾ। ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਆਗੂ ਡਾ ਦਲਜੀਤ ਸਿੰਘ ਚੀਮਾ ਵੀ ਪੁੱਜੇ ਤੇ ਵਫਦ ਦਾ ਸਵਾਗਤ ਕੀਤਾ।
ਇਸ ਮੌਕੇ ਕੈਨੇਡੀਅਨ ਐਮ ਪੀਜ ਨਾਲ ਕੈਲਗਰੀ ਤੋਂ ਅਮਰਪ੍ਰੀਤ ਸਿੰਘ ਬੈਂਸ, ਅੰਮ੍ਰਿਤ ਹੇਅਰ, ਜਸ਼ਨਪ੍ਰੀਤ ਸਿੰਘ ਰੰਧਾਵਾ, ਹੁਨਰਪ੍ਰੀਤ ਸਿੰਘ ਸਹੋਤਾ,ਪੂਰਨ ਸਿੰਘ ਬਿੱਲਾ ਸੰਧੂ, ਰਾਜ ਬੰਗਾ ਨਾਨੈਮੋ, ਗੁਰਪ੍ਰਤਾਪ ਸਿੰਘ ਟਿੱਕਾ, ਦੇਸ ਪ੍ਰਦੇਸ ਟਾਈਮਜ਼ ਦੇ ਸੰਪਾਦਕ ਸੁਖਵਿੰਦਰ ਸਿੰਘ ਚੋਹਲਾ ਤੇ ਹੋਰ ਹਾਜ਼ਰ ਸਨ। ਇਸ ਮੌਕੇ ਸ੍ਰੀ ਜੋਸ਼ੀ ਵਲੋਂ ਵਫਦ ਦੇ ਮਾਣ ਵਿਚ ਰਾਤ ਦੇ ਖਾਣੇ ਦੀ ਦਾਅਵਤ ਦਿੱਤੀ ਗਈ। ਵਫਦ ਨੂੰ ਪੁਰਾਣੇ ਅੰਮ੍ਰਿਤਸਰ ਸ਼ਹਿਰ ਦੀਆਂ ਵਿਰਾਸਤੀ ਇਮਾਰਤਾਂ ਵਿਖਾਈਆਂ ਅਤੇ ਸ਼ਹਿਰ ਦੇ ਵਿਰਾਸਤੀ ਖਾਣਿਆਂ ਦਾ ਜਾਇਕਾ ਵੀ ਚਖਾਇਆ।
ਅੰਮ੍ਰਿਤਸਰ ਦੇ ਪ੍ਰਸਿੱਧ ਫੁਲਕਾਰੀ ਇੰਪੋਰੀਅਮ ਵਿਖੇ ਵਫਦ ਦਾ ਫੁਲਕਾਰੀਆਂ ਨਾਲ ਸਨਮਾਨ ਕੀਤਾ ਗਿਆ।
ਇਸੇ ਦੌਰਾਨ ਵਫਦ ਵਲੋਂ ਅੰਮ੍ਰਿਤਸਰ ਤੋਂ ਕਾਂਗਰਸੀ ਐਮ ਪੀ ਗੁਰਜੀਤ ਸਿੰਘ ਔਜਲਾ ਨਾਲ ਵੀ ਇਕ ਮੁਲਾਕਾਤ ਕੀਤੀ ਗਈ ਤੇ ਯਾਦਗਾਰੀ ਤਸਵੀਰ ਕਰਵਾਈ।
















