ਓਟਵਾ ( ਦੇ ਪ੍ਰ ਬਿ)-ਏਸ਼ੀਅਨ ਮੁਲਕਾਂ ਨਾਲ ਵਪਾਰਕ ਸਬੰਧਾਂ ਨੂੰ ਵਧਾਉਣ ਤਹਿਤ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ 26 ਫਰਵਰੀ ਤੋਂ 7 ਮਾਰਚ ਤੱਕ ਤਿੰਨ ਮੁਲਕਾਂ ਜਾਪਾਨ, ਆਸਟਰੇਲੀਆ ਤੇ ਭਾਰਤ ਦਾ ਦੌਰਾ ਕਰਨਗੇ। ਆਪਣੇ ਇਸ ਦੌਰੇ ਦੌਰਾਨ ਉਹ ਭਾਰਤ ਦੀ ਆਰਥਿਕ ਰਾਜਧਾਨੀ ਮੁੰਬਈ ਵਿਚ ਕਾਰੋਬਾਰੀਆਂ ਅਤੇ ਰਾਜਧਾਨੀ ਦਿੱਲੀ ਵਿਚ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਨਗੇ।
ਓਟਵਾ ਵਿਚ ਪ੍ਰਧਾਨ ਮੰਤਰੀ ਦਫਤਰ ਵਲੋਂ ਜਾਰੀ ਸੂਚਨਾ ਮੁਤਾਬਿਕ ਪ੍ਰਧਾਨ ਮੰਤਰੀ ਕਾਰਨੀ ਦੀ ਭਾਰਤ ਦੀ ਪਹਿਲੀ ਯਾਤਰਾ ਵਿੱਚ ਦੇਸ਼ ਦੀ ਵਪਾਰਕ ਰਾਜਧਾਨੀ ਮੁੰਬਈ ਅਤੇ ਰਾਜਧਾਨੀ ਦਿੱਲੀ ਸ਼ਾਮਲ ਹਨ। ਉਹਨਾਂ ਦੇ ਦੌਰੇ ਵਿਚ ਪੰਜਾਬ ਸ਼ਾਮਿਲ ਨਹੀ ਹੈ ਜੋ ਕਿ ਕੈਨੇਡਾ ਵਿੱਚ ਇਮੀਗ੍ਰੇਸ਼ਨ ਦਾ ਇੱਕ ਵੱਡਾ ਸਰੋਤ ਹੈ।
ਪ੍ਰਧਾਨ ਮੰਤਰੀ ਕਾਰਨੀ ਦਾ ਇਹ ਦੌਰਾ ਸਾਬਕਾ ਪ੍ਰਧਾਨ ਮੰਤਰੀਆਂ ਸਟੀਫਨ ਹਾਰਪਰ ਅਤੇ ਜਸਟਿਨ ਟਰੂਡੋ ਦੇ ਭਾਰਤ ਦੌਰਿਆਂ ਨਾਲੋਂ ਵੱਖਰਾ ਹੋਵੇਗਾ। ਸਮਝਿਆ ਜਾਂਦਾ ਹੈ ਕਿ ਕਾਰਨੀ ਸਰਕਾਰ ਆਪਣੇ ਭਾਰਤੀ ਮੇਜ਼ਬਾਨ ਦੀ ਕਿਸੇ ਵੀ ਪੱਖੋ ਨਾਰਾਜਗੀ ਤੋਂ ਬਚਣਾ ਚਾਹੇਗੀ, ਕਿਉਂਕਿ ਭਾਰਤ ਸਰਕਾਰ ਦਾ ਕੈਨੇਡਾ ਦੀ ਧਰਤੀ ਤੇ ਸਰਗਰਮ ਖਾਲਿਸਤਾਨੀਆਂ ਦੀਆਂ ਸਰਗਰਮੀਆਂ ਕਾਰਣ ਕੈਨੇਡਾ ਨਾਲ ਤਣਾਅ ਦਾ ਵੱਡਾ ਕਾਰਣ ਹੈ।
ਤਤਕਾਲੀ ਪ੍ਰਧਾਨ ਮੰਤਰੀ ਟਰੂਡੋ ਅਤੇ ਹਾਰਪਰ ਦੋਵਾਂ ਨੇ ਭਾਰਤ ਦੇ ਆਪਣੇ ਪਹਿਲੇ ਸਰਕਾਰੀ ਦੌਰਿਆਂ ਦੌਰਾਨ – 2009 ਵਿੱਚ ਹਾਰਪਰ ਅਤੇ 2018 ਵਿੱਚ ਟਰੂਡੋ – ਪੰਜਾਬ ਅਤੇ ਸਿੱਖ ਧਰਮ ਦੇ ਸਭ ਤੋਂ ਪਵਿੱਤਰ ਸਥਾਨ ਅੰਮ੍ਰਿਤਸਰ ਵਿੱਚ ਸਥਿਤ ਗੋਲਡਨ ਟੈਂਪਲ ਦਾ ਦੌਰਾ ਕੀਤਾ ਸੀ ਪਰ ਪ੍ਰਧਾਨ ਮੰਤਰੀ ਕਾਰਨੀ ਨੇ ਆਪਣੇ ਇਸ ਦੌਰੇ ਵਿਚ ਅੰਮ੍ਰਿਤਸਰ ਨੂੰ ਸ਼ਾਮਿਲ ਨਹੀਂ ਕੀਤਾ।
