Screenshot
ਦਰਬਾਰਾ ਸਿੰਘ ਕਾਹਲੋ—-
ਅਜੇ ਦੋ ਦਿਨ ਪਹਿਲਾਂ ਹੀ ਮੇਰੇ ਪਰਮ ਮਿੱਤਰ ਸਰਦਾਰ ਗੁਰਜੀਤ ਸਿੰਘ ਰੁਮਾਣਾ ਸੇਵਾ ਮੁਕਤ ਸੁਪਡੈਂਟ ਪੁਲਿਸ ਦਾ ਟੈਲੀਫੋਨ ਆਇਆ ਸੀ ।ਬਿਲਕੁਲ ਠੀਕ ਠਾਕ ਸਨ ਅਤੇ ਜ਼ਿਲਾ ਬਾਲ ਭਲਾਈ ਕਮੇਟੀ ,ਲੁਧਿਆਣਾ ਦੇ ਚੇਅਰਮੈਨ ਵਜੋਂ ਰੋਜ਼ਾਨਾ ਦਫਤਰ ਦੋ ਤਿੰਨ ਘੰਟੇ ਸੇਵਾ ਲਈ ਜਾ ਰਹੇ ਸਨ ।ਸਨ 2024 ਵਿੱਚ ਮੈਂ ਪੰਜਾਬ ਗਿਆ ਸੀ ਪਰ ਜਾਂਦਿਆਂ ਹੀ ਭੈੜੇ ਬੁਖਾਰ ਨਾਲ ਪੀੜਤ ਹੋਣ ਕਰਕੇ ਕਿਧਰੇ ਸੱਜਣਾਂ ਮਿੱਤਰਾਂ ਨੂੰ ਮਿਲ ਨਾ ਸਕਿਆ ।ਉਹ ਮੇਰੇ ਨਾਲ ਸਖਤ ਨਰਾਜ਼ ਹੋਏ ਕਿ ਮੈਂ ਉਹਨਾਂ ਨੂੰ ਸੁਨੇਹਾ ਭੇਜ ਦਿੰਦਾ ਤਾਂ ਉਹ ਆਪ ਆ ਕੇ ਮੈਨੂੰ ਮਿਲ ਜਾਂਦੇ ।ਸੋ ਇਸ ਫੋਨ ਤੇ ਪੱਕਾ ਵਾਅਦਾ ਹੋਇਆ ਕਿ ਇਸ ਸਾਲ ਜਦੋਂ ਮੈਂ ਪੰਜਾਬ ਆਵਾਂਗਾ ਤਾਂ ਜਰੂਰ ਮਿਲਾਂਗੇ ।ਬਹੁਤ ਤਾਂਘ ਉਡਮ ਰਹੀ ਸੀ ਦੋਹਾਂ ਪਾਸਿਆਂ ਤੋਂ ਮਿਲਣ ਦੀ ।ਪਰ ਅਹੁ ਗਏ ਸਾਜਨ ਅਹੁ ਗਏ ।
ਮੈਨੂੰ ਜਦੋਂ ਉਹਨਾਂ ਦੇ ਲੜਕੇ ਹੈਰੀ ਐਡਵੋਕੇਟ ਦਾ ਇਸ ਜਹਾਨ ਤੋਂ ਰੁਖਸਤੀ ਵਾਲਾ ਸੁਨੇਹਾ ਮਿਲਿਆ ਤਾਂ ਮੈਂ ਬਿਲਕੁਲ ਸਤੰਭ ਰਹਿ ਗਿਆ ।ਜਿਵੇਂ ਮੇਰੇ ਤੇ ਬਿਜਲੀ ਦਾ ਪਹਾੜ ਟੁੱਟ ਪਿਆ ਹੋਵੇ ।ਮੈਂ ਆਪਣੇ ਕਮਰੇ ਵਿੱਚ ਇਕੱਲਾ ਬੈਠਾ ਟੈਲੀਵਿਜ਼ਨ ਤੇ ਤੁਰਕਿਸ਼ ਡਰਾਮਾ ਦੇਖ ਰਿਹਾ ਸੀ। ਵਾਹ !ਦੇਖੀ ਜਮਾਨੇ ਕੀ ਯਾਰੀ ।ਬਿਛੜੇ ਸਭੀ ਬਾਰੀ ਬਾਰੀ ।”ਕਾਗਜ਼ ਕੇ ਫੂਲ” ਫਿਲਮ ਦਾ ਗਾਣਾ ਮੇਰਾ ਮਨ ਮਸਤਕ ਚਕਰਾਉਣ ਲੱਗਾ ।ਤੇ ਫਿਰ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਇਹ ਸ਼ਬਦ ਇਸ ਫਾਨੀ ਸੰਸਾਰ ਦਾ ਸੱਚ ਦਰਸਾਉਂਦਾ ਢਾਰਸ ਬਣਾ ਰਿਹਾ ਸੀ ,”ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਵਾਰ ।ਕਹੁ ਨਾਨਕ ਥਿਰ ਕਛੂ ਨਹੀ ਸੁਪਨੇ ਜਿਉ ਸੰਸਾਰ ।ਮਾਂ ਬਾਪ ,ਨਿਘੇ ਸਨੇਹੀ, ਜਮਾਤੀ ਜਿਨਾਂ ਵਿੱਚ ਵਿਸ਼ੇਸ਼ ਕਰਕੇ ਚੌਥੀ ਤੋਂ ਦਸਵੀਂ ਜਮਾਤ ਤੱਕ ਇੱਕ ਡੈਕਸ ਤੇ ਬੈਠਣ ਵਾਲਾ ਸ਼ੀਸ਼ੋ ਮਸੀਹ ,ਲੰਗੋਟੀਏ ਯਾਰ ਹੀਰਾ, ਪੀਤਾ, ਜੀਤਾ ਦਰਜੀ, ਬੂਆ, ਜਿੰਦ ਜਾਨ ਮਿੱਤਰ ਪੰਡਿਤ ਦੇਵ ਰਾਜ ਸ਼ਰਮਾ ਸ਼ਿੰਗਾਰਾ ਸਿੰਘ ਭੁੱਲਰ, ਹਰੀ ਕ੍ਰਿਸ਼ਨ ਸਿੰਘ ਸਲਾਰੀਆ, ਰਾਮ ਲੁਭਾਇਆ, ਕੁਲਦੀਪ ਸਿੰਘ ਜਮਾਤੀ ,ਨਿੱਘੇ ਸਨੇਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ,ਜਥੇਦਾਰ ਸੇਵਾ ਸਿੰਘ ਸੇਖਵਾਂ, ਕੈਪਟਨ ਕਵਲਜੀਤ ਸਿੰਘ,ਨਿਰਮਲ ਸਿੰਘ ਕਾਹਲੋ, ਗੋਬਿੰਦ ਸਿੰਘ ਕਾਂਜਲਾ ,ਮਾਰਗ ਦਰਸ਼ਕ ਸੁਹਰਾ ਸਾਹਿਬ ਰਾਮ ਸਿੰਘ ਚਾਹਲ ਆਦਿ ਭਾਵ ਕਿਹਨੂੰ ਕਿਹਨੂੰ ਯਾਦ ਕਰਾਂ ।ਵਾਰੋ ਵਾਰ ਵਿਛੜਦੇ ਚਲੇ ਗਏ ।ਇਹਨਾਂ ਨਾਲ ਜ਼ਿੰਦਗੀ ਦੇ ਬਹੁਤ ਹਸੀਨ, ਰੰਗਲੇ, ਮਾਣਮੱਤੇ, ਹਾਸੇ -ਠੱਠੇ ਦੀਆਂ ਫੁੱਹਾਰਾਂ ਭਰੇ ਦਿਨ ਗੁਜ਼ਾਰੇ “ਦੂਰ ਗਗਨ ਕੀ ਛਾਉ” ਫਿਲਮ ਦਾ ਗੀਤ “ਕੋਈ ਲੁਟਾ ਦੇ ਮੇਰੇ ਬੀਤੇ ਹੋਏ ਦਿਨ।” ਸਰਦਾਰ ਗੁਰਜੀਤ ਸਿੰਘ ਰੁਮਾਣਾ ਨਾਲ ਵੀ ਜਵਾਨੀ ਦੇ ਕੁਝ ਐਸੇ ਦਿਨ ਗੁਜ਼ਾਰੇ ਸਨ ।ਬਹੁਤ ਖੂਬਸੂਰਤ ਸ਼ਖਸੀਅਤ ਸਨ ਉਹ ।
ਬੀਏ ਐਲ ਐਲ ਬੀ ਗੁਰਜੀਤ ਸਿੰਘ ਰੁਮਾਣਾ ਫਰੀਦਕੋਟ ਜਿਲੇ ਦੇ ਪਿੰਡ ਰੁਮਾਣਾ ਵਿਖੇ ਸਰਦਾਰ ਕਿਰਪਾਲ ਸਿੰਘ ਰੁਮਾਣਾ ਅਤੇ ਸਰਦਾਰਨੀ ਪ੍ਰਤਾਪ ਕੌਰ ਦੇ ਘਰ ਪੈਦਾ ਹੋਏ ।ਬਾਅਦ ਵਿੱਚ ਪਰਿਵਾਰ ਪਿੰਡ ਲੱਦੂਵਾਸ,ਹਰਿਆਣਾ ਵਿੱਚ ਆ ਵਸਿਆ।ਉਹ ਪੁਲਿਸ ਵਿੱਚ ਏ ਐਸ ਆਈ ਵਜੋਂ ਸਲੈਕਟ ਹੋਏ ।ਟ੍ਰੇਨਿੰਗ ਵੇਲੇ ਸਰਵੋਤਮ ਕਾਪ ਖਿਤਾਬ ਨਾਮ ਕੀਤਾ । ਮੇਰੇ ਨਾਲ ਮੁਲਾਕਾਤ ਥਾਣਾ ਦੀਨਾ ਨਗਰ ਦੇ ਪੁਲਿਸ ਮੁਖੀ ਵਜੋਂ ਰਾਜਕੀ ਅਤੇ ਗੈਰ ਰਾਜਕੀ ਅੱਤਵਾਦ ਦੇ ਦਿਨਾਂ ਵਿੱਚ ਹੋਈ ।ਇਸ ਥਾਣੇ ਵਿੱਚ ਉਹ ਤਿੰਨ ਚਾਰ ਸਾਲ ਪੁਲਿਸ ਮੁਖੀ ਰਹੇ ।ਜੇਪੀ ਵਿਰਦੀ ਐਸ ਐਸ ਪੀ ਗੁਰਦਾਸਪੁਰ ਦੇ ਉਹ ਬਹੁਤ ਵਿਸ਼ਵਾਸ ਪਾਤਰ ਸਨ ।ਉਹਨਾਂ ਆਪਣੇ ਥਾਣੇ ਵਿੱਚ ਇੱਕ ਵੀ ਅੱਤਵਾਦੀ ਘਟਨਾ ਨਾ ਹੋਣ ਦਿੱਤੀ ।ਦਰਅਸਲ ਉਹ ਆਪਣੀ ਕਮਿਊਨਿਟੀ ਪੁਲਿਸਿੰਗ ਦੀ ਮਹਾਰਤ ਕਰਕੇ ਸਫਲ ਰਹੇ ।
ਸ਼ਿਕਾਇਤ ਨਿਵਾਰਨ ਘਰ :
ਇਕ ਦਿਨ ਮੈਨੂੰ ਕਹਿੰਦੇ ਕਿ ਸ਼ਿਕਾਇਤ ਕਰਤਾਵਾਂ ਦੇ ਬੈਠਣ ਅਤੇ ਸੁਣ ਲਈ ਥਾਣੇ ਵਿੱਚ ਪ੍ਰਬੰਧ ਕਰਨਾ ਚਾਹੁੰਦੇ ਹਨ। ਮੈਂ ਕਿਹਾ ” ਸ਼ਿਕਾਇਤ ਨਿਵਾਰਨ” ਘਰ ਉਸਾਰੋ। ਚਾਰ ਥੰਮਾਂ ਤੇ ਗੋਲ ਛੱਤ ਵਾਲਾ ਖੂਬਸੂਰਤ ਉੱਚੇ ਥੜੇ ਤੇ ਮੁਕਾਮ ਤਿਆਰ ਕੀਤਾ ਜਿਸ ਤੇ ਸ਼ਿਕਾਇਤ ਨਿਵਾਰਨ ਘਰ ਲਿਖਾਇਆ ਗਿਆ ਜਿੱਥੇ ਪੁਲਿਸ ਥਾਣਾ ਮੁਖੀ ਦੀ ਕੁਰਸੀ ,ਮੇਜ ਅਤੇ ਸ਼ਿਕਾਇਤ ਕਰਤਾਵਾਂ ਲਈ ਕੁਰਸੀਆਂ ਡੈਸਕ ਅਤੇ ਪਾਣੀ ਪੀਣ ਦਾ ਪ੍ਰਬੰਧ ਕੀਤਾ ਗਿਆ ।ਉਹ ਸੁਲਾਹ ਸਫਾਈ ਦੀ ਨੀਤੀ ਤੇ ਜੋਰ ਦਿੰਦੇ ਸਨ ।ਝਗੜੇ ਵਾਲੇ ਕੇਸ ਲਮਕਾ ਦਿੰਦੇ। ਲੋਕ ਆਪੇ ਸੁਲਾਹ ਲਈ ਤਿਆਰ ਹੋ ਜਾਂਦੇ ਉਹਨਾਂ ਦਾ ਪੱਕਾ ਮੱਤ ਸੀ ਕਿ ਜੋ ਇਨਸਾਫ ਤੁਰੰਤ ਅਤੇ ਬਿਨਾਂ ਖਰਚ ਪੁਲਿਸ ਦੇ ਸਕਦੀ ਹੈ ਪੂਰੇ ਵਿਸ਼ਵ ਦੀ ਕੋਈ ਅਦਾਲਤ, ਜੱਜ ਜਾਂ ਨਿਜ਼ਾਮ ਨਹੀਂ ਦੇ ਸਕਦਾ ।ਗਰੀਬਾਂ ਅਤੇ ਮਜ਼ਲੂਮਾਂ ਦਾ ਪੂਰਾ ਧਿਆਨ ਰੱਖਦੇ ਸਨ ।ਉਨਾਂ ਦੀ ਸਹਾਇਤਾ ਵੀ ਕਰਦੇ ।
ਬਦਨਾਮ ਡੀਡਾ :
ਦੀਨਾ ਨਗਰ ਥਾਣੇ ਦਾ ਪਿੰਡ ਡੀਡਾ ਸਾਰੇ ਪੰਜਾਬ ਵਿੱਚ ਹੀ ਨਹੀਂ ਬਲਕਿ ਇੰਗਲੈਂਡ ਤੱਕ ਨਜਾਇਜ਼ ਸ਼ਰਾਬ ਵੇਚਣ ਦੇ ਧੰਦੇ ਕਰਕੇ ਬਦਨਾਮ ਹੈ। ਇਥੋਂ ਦੀ ਸਾਂਸੀ ਬਿਰਾਦਰੀ ਨੂੰ ਜਨਤਕ ਮੁੱਖ ਧਾਰਾ ਵਿੱਚ ਲਿਆਉਣ ਲਈ ਉਹਨਾਂ ਨੇ ਐਸ ਐਸ ਪੀ ਜੇਪੀ ਵਿਰਦੀ ਅਤੇ ਨਾਮਵਰ ਸ਼ਹਿਰੀਆਂ ਦੀ ਅਗਵਾਈ ਵਿੱਚ ਰੇੜੀਆਂ ਦੀ ਸਪਲਾਈ ਕੀਤੀ ਤਾਂ ਕਿ ਉਹ ਇਹਨਾਂ ਤੇ ਸ਼ਹਿਰ ਵਿੱਚ ਵਸਤਾਂ ਵੇਚ ਕੇ ਗੁਜ਼ਾਰਾ ਕਰ ਸਕਣ। ਨਜਾਇਜ਼ ਸ਼ਰਾਬ ਵੇਚਣ ਦਾ ਧੰਦਾ ਛੱਡ ਦੇਣ ।ਲੇਕਿਨ ਉਹ ਕਦੇ ਬਾਜ ਨਹੀਂ ਆਏ ।ਉਨਾ ਸਮੇਂ ਦਿਖਾਵਾ ਹੀ ਕਰਦੇ ਰਹੇ ।
ਖਾੜਕੂ ਬੀਬੀ:
ਇਕ ਵਾਰ ਇਕ ਨਾਮੀ ਖਾੜਕੂ ਬੀਬੀ ਉਚ ਅਧਿਕਾਰੀਆਂ ਨੇ ਦੀਨਾ ਨਗਰ ਥਾਣੇ ਵਿੱਚ ਭੇਜੀ ।ਰੁਮਾਣਾ ਸਾਹਿਬ ਨੇ ਉਸ ਲਈ ਵੱਖਰੇ ਕਮਰੇ ,,ਨਹਾਉਣ ਧੋਣ, ਸਾਫ ਕੱਪੜਿਆਂ ਅਤੇ ਪਾਠ ਪੂਜਾ ਦਾ ਪ੍ਰਬੰਧ ਬਗੈਰ ਕਿਸੇ ਡਰ ਡੁੱਕਰ ਦੇ ਕੀਤਾ ।ਇਸ ਤੋਂ ਪਤਾ ਚੱਲਦਾ ਹੈ ਕਿ ਉਹ ਔਰਤਾਂ ਦਾ ਕਿੰਨਾ ਸਨਮਾਨ ਕਰਦੇ ਸਨ ।ਦੀਨਾ ਨਗਰ ਥਾਣੇ ਦੇ ਪਿੰਡ ਦਾ ਇੱਕ ਖੂੰਖਾਰ ਖਾੜਕੂ ਘੋੜੀਆਂ ਦੇ ਜਥੇ ਨਾਲ ਵਾਰਦਾਤਾਂ ਲਈ ਮਸ਼ਹੂਰ ਸੀ ਲੇਕਿਨ ਉਹਨਾਂ ਨੇ ਉਹਨੂੰ ਸਾਫ ਕਹਿ ਰੱਖਿਆ ਸੀ ਕਿ ਜੇ ਉਹਨਾਂ ਦੇ ਥਾਣੇ ਵਿੱਚ ਕੋਈ ਵਾਰਦਾਤ ਕੀਤੀ ਤਾਂ ਸਿੱਟੇ ਬਹੁਤ ਗੰਭੀਰ ਨਿਕਲਣਗੇ ।ਇੱਕ ਵਾਰ ਇਕ ਰਸੂਖਦਾਰ ਨੇ ਇਕ ਕਤਲ ਦੇ ਕੇਸ ਵਿੱਚ ਬੇਕਸੂਰ ਨੌਜਵਾਨ ਨੂੰ ਫਸਾਉਣ ਦਾ ਯਤਨ ਕੀਤਾ ।ਸਰਦਾਰ ਰਮਾਣਾ ਨੇ ਸਖਤੀ ਨਾਲ ਮਨਾ ਕਰ ਦਿੱਤਾ। ਉਸ ਨੌਜਵਾਨ ਦੇ ਬੁੱਢੇ ਬਾਬੇ ਨੇ ਉਸ ਨੂੰ ਲੱਖ ਲੱਖ ਅਸੀਂਸਾ ਦਿੱਤੀਆਂ ।
ਨਸ਼ਾ ਤਸਕਰ :
ਧਾਰੀਵਾਲ ਥਾਣੇ ਵਿੱਚ ਇੱਕ ਬਦਨਾਮ ਨਸ਼ਾ ਤਸਕਰ ਨੂੰ ਉਸਨੇ ਪਕੜ ਕੇ ਜਦੋਂ ਹਵਾਲਾਤ ਵਿੱਚ ਬੰਦ ਕਰ ਦਿੱਤਾ ਤਾਂ ਇੱਕ ਆਈ ਜੀ ਪੁਲਿਸ ਦਾ ਫੋਨ ਆਇਆ ਕਿ ਇਸ ਨੂੰ ਤੁਰੰਤ ਰਿਹਾ ਕਰ ਦੇਵੋ ।ਰੋਮਾਣਾ ਦਾ ਜਵਾਬ ਸੀ, “ਮੈਨੂੰ ਤੁਰੰਤ ਇਸ ਥਾਣੇ ਵਿੱਚੋਂ ਬਦਲ ਦਿਓ।” ਸੋ ਉਹਨਾਂ ਬਦਲੀ ਕਰਵਾ ਲਈ ।ਸੋ ਇਹ ਮਿਸਾਲ ਹੈ ਕਿ ਕਿਵੇਂ ਪੰਜਾਬ ਵਿੱਚ ਰਾਜਨੀਤੀਵਾਨਾਂ, ਨਸ਼ਾ ਤਸਕਰਾਂ, ਗੈਂਗਸਟਰਾਂ ਅਤੇ ਪੁਲਿਸ ਦਾ ਗੱਠਜੋੜ ਬਹੁਤ ਪੁਰਾਣਾ ਹੈ। ਇਸ ਨੂੰ ਪੱਕਾ ਕਰਨ ਵਿੱਚ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦਾ ਰੋਲ ਕਿਸੇ ਤੋਂ ਲੁਕਿਆ ਨਹੀਂ ।
ਸੇਵਾ ਮੁਕਤੀ ਬਾਅਦ ਉਹ ਡੀਜੀਪੀ ਪੰਜਾਬ ਦੀ ਕਾਨੂੰਨੀ ਸਲਾਹਕਾਰ ਕਮੇਟੀ ਦੇ ਮੈਂਬਰ ਰਹੇ ।ਉਨਾਂ ਨੂੰ ਪੰਜਾਬੀ ਸਾਹਿਤ ਦਾ ਬਹੁਤ ਸ਼ੌਕ ਸੀ। ਅੱਜ ਕੱਲ ਉਹ ਜਿਲ੍ਹਾ ਬਾਲ ਭਲਾਈ ਕਮੇਟੀ ਦੇ ਚੇਅਰਮੈਨ ਵਜੋਂ ਤਾਇਨਾਤ ਸਨ। ਦਿਲ ਦਾ ਦੌਰਾ ਇਨਾ ਘਾਤਕ ਨਿਕਲਿਆ ਕਿ ਪਲਾਂ ਵਿੱਚ ਉਹ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਏ। ਜਿੰਨਾ ਜਿੰਨਾ ਪੰਜਾਬ ਦੇ ਖੇਤਰਾਂ ਵਿੱਚ ਉਹਨਾਂ ਨੇ ਸੇਵਾ ਕੀਤੀ ਉੱਥੇ ਉਹ ਇੱਕ ਜੀਵੰਤ ਦੰਤ ਕਥਾ ਹਸਤੀ ਵਜੋਂ ਹਮੇਸ਼ਾ ਯਾਦ ਕੀਤੇ ਜਾਇਆ ਕਰਨਗੇ ।
