ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)-ਬੀਤੀ 14 ਮਾਰਚ ਸ਼ਨੀਵਾਰ ਨੂੰ ਜਨਰੇਸ਼ਨ ਕੁਨੈਕਸ਼ਨ ਨਾਮ ਦੀ ਸੰਸਥਾ ਦਾ ਇਕ ਗਰੁੱਪ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਪਹੁੰਚਿਆ। ਗਰੁੱਪ ਦੇ ਮੇੈਂਬਰਾਂ ਨੂੰ ਗੁਰੂ ਘਰ ਤੇ ਸੰਸਥਾ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਖ਼ਾਲਸਾ ਦੀਵਾਨ ਸੁਸਾਇਟੀ ਜੋ 1906 ਵਿਚ ਸਥਾਪਤ ਹੋਈ ਸੀ ਜਿਸ ਨੇ ਕੈਨੇਡਾ ਵਿਚ ਆਉਣ ਵਾਲੇ ਨਵੇ ਵਿਅਕਤੀਆਂ ਦੀ ਮਦਦ ਕੀਤੀ। ਪਹਿਲਾਂ ਗੁਰਦੁਆਰਾ 1866-ਵੈਸਟ ਸੈਕੰਡ ਐਵਨਿਊ ਵਿਖੇ ਸਥਾਪਤ ਸੀ ਜੋ 1969 ਵਿਚ 8000 ਰੌਸ ਸਟਰੀਟ ਵਿਖੇ ਮੂਵ ਹੋ ਗਿਆ ਸੀ। ਖ਼ਾਲਸਾ ਦੀਵਾਨ ਸੁਸਾਇਟੀ ਜਿਸਨੇ 1914 ਵਿਚ ਕਾਮਾਗਾਟਾਮਾਰੂ ਜਹਾਜ਼ ਦੇ 376 ਮੁਸਾਫ਼ਰਾਂ ਨੂੰ ਖਾਣ-ਪੀਣ ਦੇ ਪ੍ਰਬੰਧ ਤੋਂ ਇਲਾਵਾ ਕਾਨੂੰਨੀ ਲੜਾਈ ਵੀ ਲੜੀ ਸੀ। ਭਾਰਤੀਆਂ ਤੋਂ ਨੂੰ 1907 ਤੋਂ ਵੋਟ ਦਾ ਹੱਕ ਖੋਹਿਆ ਗਿਆ ਸੀ ਜੋ 40 ਸਾਲ ਦੀ ਖ਼ਾਲਸਾ ਦੀਵਾਨ ਦੀ ਜੱਦੋਜਹਿਦ ਬਾਅਦ 1947 ਵਿਚ ਮਿਲਿਆ ਸੀ। ਇੱਥੋਂ ਭਾਰਤ ਦੀ ਆਜ਼ਾਦੀ ਦੀਆਂ ਗ਼ਦਰੀ ਲਹਿਰਾਂ ਚੱਲੀਆਂ। ਖ਼ਾਲਸਾ ਦੀਵਾਨ ਸੁਸਾਇਟੀ ਨਾਲ ਸਬੰਧਿਤ ਦੇ 14 ਦੇਸ਼ ਭਗਤਾਂ ਨੂੰ ਫਾਂਸੀ ਦੀ ਸਜਾ ਹੋਈ ਅਤੇ ਅਨੇਕਾਂ ਨੂੰ ਕਾਲੇ ਪਾਣੀ ਦੀਆਂ ਸਜਾਵਾਂ ਹੋਈਆਂ। 1924 ਵਿਚ ਜੈਤੋ ਦੇ ਮੋਰਚੇ ਸਬੰਧੀ ਭਗਵਾਨ ਸਿੰਘ ਦੁਸਾਂਝ (ਸਾਬਕਾ ਪ੍ਰਧਾਨ) ਦੀ ਅਗਵਾਈ ਹੇਠ 10 ਸਿੱਖਾਂ ਦਾ ਜਥਾ ਭਾਰਤ ਗਿਆ। 1983 ਵਿਚ ਧਰਮ ਯੁੱਧ ਮੋਰਚੇ ਵਿਚ ਵੀ ਜਥਾ ਗਿਆ। ਜਨਰੇਸ਼ਨ ਕੁਨੈਕਸ਼ਨ ਦੇ ਮੈਂਬਰਾਂ ਨੂੰ ਉਕਤ ਸਾਰੀ ਜਾਣਕਾਰੀ ਦਿੰਦਿਆਂ ਇਥੇ ਸਥਾਪਿਤ ਕਾਮਾਗਾਟਾਮਾਰੂ ਮਿਊਜ਼ੀਅਮ ਵੀ ਦਿਖਾਇਆ ਗਿਆ। ਸਾਰੇ ਮੈਂਬਰ ਗੁਰੂ ਘਰ ਦੇ ਇਤਿਹਾਸ ਤੋਂ ਬਹੁਤ ਪ੍ਰਭਾਵਿਤ ਹੋਏ। ਬਾਅਦ ਵਿਚ ਲੰਗਰ ਛਕਾਇਆ ਗਿਆ। ਇਸ ਗਰੁੱਪ ਦੀ ਅਗਵਾਈ ਸਿਮਰਨ ਕੌਰ ਨੇ ਕੀਤੀ ਜੋ ਸਰੀ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਸਨ।
