ਮਨਿੰਦਰ ਸਿੰਘ ਗਿੱਲ* —
ਸਰੀ (ਕੈਨੇਡਾ)- ਅੱਜ ਸੰਸਾਰ ਇੱਕ ਭਿਅੰਕਰ ਯੁੱਧ ਦੀ ਘੁੰਮਣ ਘੇਰੀ ਵਿੱਚ ਫਸ ਚੁੱਕਾ ਹੈ, ਜਿਸ ਲਈ ਅਮਰੀਕਾ ਅਤੇ ਇਜ਼ਰਾਇਲ ਵੱਲੋਂ ਇਰਾਨ ਦੇ ਸੁਪਰੀਮ ਲੀਡਰ ਆਇਤੁਲਾ ਅਲੀ ਖਾਮੇਨੀ ਅਤੇ ਉਹਨਾਂ ਦੇ ਸਰਵਉਚ ਮਿਲਟਰੀ ਜਰਨੈਲਾਂ ਨੂੰ ਇੱਕ ਫੌਜੀ ਹਮਲੇ ਵਿੱਚ ਹਲਾਕ ਕਰਨ ਦੀ ਕਾਰਵਾਈ ਜਿੰਮੇਵਾਰ ਹੈ ਪਰ ਹੁਣ ਇਸ ਯੁੱਧ ਦਾ ਅੰਤ ਕਿੰਨਾ ਹਾਲਾਤਾਂ ਵਿੱਚ ਹੋਵੇਗਾ ਇਹ ਕੋਈ ਵੀ ਨਹੀਂ ਕਹਿ ਸਕਦਾ। ਇਰਾਨ ਨੇ ਇੱਕ ਮਜਬੂਤ ਜੁਆਬੀ ਕਾਰਵਾਈ ਕਰਕੇ ਅਮਰੀਕਾ ਦਾ ਇਹ ਭਰਮ ਕੀ ਸੁਪਰੀਮ ਲੀਡਰ ਦੀ ਮੌਤ ਤੋਂ ਬਾਅਦ ਇਰਾਨੀ ਸਰਕਾਰ ਹਫੜਾ ਦਫੜੀ ਦਾ ਸ਼ਿਕਾਰ ਹੋ ਕੇ ਡਿੱਗ ਜਾਵੇਗੀ ਅਤੇ ਉਹ ਆਪਣੇ ਪਸੰਦੀਦਾ ਕਿਸੇ ਆਗੂ ਨੂੰ ਇਰਾਨ ਦਾ ਸਰਵਰਾ ਬਣਾ ਦੇਣਗੇ ਨੂੰ ਤੋੜ ਦਿੱਤਾ ਹੈ, ਪਰ ਇਸ ਜੰਗ ਦੀ ਜ਼ਦ ਵਿੱਚ ਇਰਾਨ ਦੇ ਨਾਲ-ਨਾਲ ਖਾੜੀ ਦੇ ਕਈ ਮਹੱਤਵਪੂਰਨ ਮੁਲਕ ਜਿਸ ਤਰ੍ਹਾਂ ਸਾਊਦੀ ਅਰਬ, ਕਤਰ, ਉਮਾਨ, ਕੁਵੈਤ, ਬਹਿਰੀਨ ਅਤੇ ਯੂਏਈ ਆ ਚੁੱਕੇ ਹਨ। ਇਹ ਸਾਰੇ ਹੀ ਮੁਲਕ ਦੁਨੀਆ ਦੇ ਵਿੱਚ ਵੱਡੇ ਤੇਲ ਅਤੇ ਗੈਸ ਉਤਪਾਦਕ ਹਨ ਅਤੇ ਇਸ ਜੰਗ ਨੇ ਸਾਰੀ ਦੁਨੀਆ ਦੀ ਊਰਜਾ ਸੁਰੱਖਿਆ ਖਤਰੇ ਵਿੱਚ ਪਾ ਦਿੱਤੀ ਹੈ, ਜਿਸ ਕਾਰਨ ਵੱਖ-ਵੱਖ ਮੁਲਕਾਂ ਨੂੰ ਅਨੇਕ ਤਰ੍ਹਾਂ ਦੀਆਂ ਸਮੱਸਿਆਵਾਂ ਝੱਲਣੀਆਂ ਪੈ ਰਹੀਆਂ ਹਨ। ਜੇ ਗੱਲ ਭਾਰਤ ਦੀ ਕਰੀਏ ਤਾਂ ਭਾਰਤ ਦੀ ਊਰਜਾ ਸੁਰੱਖਿਆ ਵੀ ਖਾੜੀ ਦੇ ਮੁਲਕਾਂ ਉੱਤੇ ਨਿਰਭਰ ਕਰਦੀ ਹੈ, ਇਸ ਯੁੱਧ ਦੇ ਕਾਰਨ ਭਾਰਤ ਵਿੱਚ ਐਲਪੀਜੀ ਗੈਸ ਸਿਲੰਡਰ ਦੀ ਭਾਰੀ ਕਿੱਲਤ ਪੈਦਾ ਹੋ ਗਈ ਹੈ ਗੈਸ ਦੇ ਰੇਟ ਵਧ ਗਏ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਭਾਅ ਵੀ ਵਧਣ ਦਾ ਅਨੁਮਾਨ ਲਗਾਇਆ ਜਾ ਰਿਹਾ।
ਜੇ ਜੀਉ ਪੋਲੀਟੀਕਲ ਦ੍ਰਿਸ਼ਟੀਕੋਣ ਤੋਂ ਦੇਖੀਏ ਤਾਂ ਜੰਗ ਤੋਂ ਦੋ ਦਿਨ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਇਜ਼ਰਾਇਲ ਦਾ ਦੌਰਾ ਕੀਤਾ ਅਤੇ ਉਥੇ ਇਜ਼ਰਾਇਲੀ ਪਾਰਲੀਮੈਂਟ ਵਿੱਚ ਇੱਕ ਬਹੁਤ ਮਹੱਤਵਪੂਰਨ ਸੰਦੇਸ਼ ਦਿੱਤਾ ਸੀ। ਉਹਨਾਂ ਕਿਹਾ ਕਿ ਭਾਰਤ, ਇਜ਼ਰਾਇਲ ਦੇ ਨਾਲ ਖੜ੍ਹਾ ਹੈ ਅਤੇ ਭਵਿੱਖ ਵਿੱਚ ਵੀ ਇਜ਼ਰਾਇਲ ਦੇ ਨਾਲ ਖੜੇਗਾ। ਭਾਵੇਂ ਉਸ ਵੇਲੇ ਜੰਗ ਦਾ ਐਲਾਨ ਜਾਂ ਕੋਈ ਹਮਲਾ ਨਹੀਂ ਹੋਇਆ ਸੀ ਪਰ ਇਸ ਚੀਜ਼ ਦਾ ਅੰਦਾਜ਼ਾ ਦੁਨੀਆਂ ਨੂੰ ਸੀ ਕਿ ਇਜ਼ਰਾਇਲ, ਇਰਾਨ ਉੱਤੇ ਕਿਸੇ ਵੇਲੇ ਵੀ ਹਮਲਾ ਕਰ ਸਕਦਾ ਹੈ, ਜੇ ਦੁਨੀਆਂ ਨੂੰ ਇਹ ਅੰਦੇਸ਼ਾ ਸੀ ਫਿਰ ਭਾਰਤੀ ਪ੍ਰਧਾਨ ਮੰਤਰੀ ਨੇ ਇਜ਼ਰਾਇਲ ਦੀ ਪਾਰਲੀਮੈਂਟ ਵਿੱਚ ਖਲੋ ਕੇ ਇਹ ਸੁਨੇਹਾ ਕਿਉਂ ਦਿੱਤਾ ? ਕੀ ਭਾਰਤ ਸਰਕਾਰ ਇਹ ਨਹੀਂ ਜਾਣਦੀ ਸੀ ਕਿ ਇਸ ਦੇ ਕਾਰਨ ਇਰਾਨ ਨਾਲ ਭਾਰਤ ਦੇ ਸੰਬੰਧ ਪ੍ਰਭਾਵਿਤ ਹੋ ਸਕਦੇ ਹਨ ? ਇਰਾਨ ਦਾ ਭਾਰਤ ਦੇ ਨਾਲ ਇੱਕ ਸਭਿਆਚਾਰਕ ਰਿਸ਼ਤਾ ਹੈ ਇਹ ਦੋਨੇ ਹੀ ਸੱਭਿਅਤਾਵਾਂ ਇੱਕ ਦੂਸਰੇ ਨਾਲ ਜੁੜੀਆਂ ਹੋਈਆਂ ਹਨ ਅਤੇ ਲਗਭਗ 3000 ਸਾਲ ਤੋਂ ਇਰਾਨ ਅਤੇ ਭਾਰਤ ਦੇ ਵਪਾਰਕ ਸੰਬੰਧਾਂ ਦਾ ਸਾਨੂੰ ਵੇਰਵਾ ਵੀ ਮਿਲਦਾ ਹੈ। ਮੌਜੂਦਾ ਸਮੇਂ ਵਿੱਚ ਈਰਾਨ ਭਾਰਤ ਲਈ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਰਾਨ ਪਾਕਿਸਤਾਨ ਦੇ ਨਾਲ ਹੱਦ ਸਾਂਝੀ ਕਰਦਾ ਹੈ ਅਤੇ ਇਰਾਨ ਦੀਆਂ ਬੰਦਰਗਾਹਾਂ ਦੇ ਰਾਹੀਂ ਭਾਰਤ ਨੂੰ ਅਫਗਾਨਿਸਤਾਨ, ਸੈਂਟਰਲ ਏਸ਼ੀਆ ਅਤੇ ਰੂਸ ਤੱਕ ਦਾ ਰਸਤਾ ਮਿਲਦਾ ਹੈ। ਇਹ ਸਭ ਜਾਨਣ ਦੇ ਬਾਵਜੂਦ ਭਾਰਤੀ ਪ੍ਰਧਾਨ ਮੰਤਰੀ ਨੇ ਵੱਡਾ ਜੋਖ਼ਮ ਚੱਕ ਕੇ ਆਪਣਾ ਝੁਕਾਅ ਇਜ਼ਰਾਇਲ ਅਤੇ ਅਮਰੀਕਾ ਵੱਲ ਉਲਾਰ ਕੀਤਾ ਜਿਸ ਕਾਰਨ ਉਹਨਾਂ ਨੂੰ ਆਪਣੇ ਹੀ ਦੇਸ਼ ਅਤੇ ਵਿਦੇਸ਼ਾਂ ਵਿੱਚ ਬੈਠੇ ਭਾਰਤੀ ਭਾਈਚਾਰੇ ਵਿੱਚ ਵੱਡੀ ਨੁਕਤਾਚੀਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਹਨਾਂ ਦੇ ਅਕਸ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਨੀਤੀ ਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ ਇਸ ਨੂੰ ਸਮਝਣ ਵਿੱਚ ਜਿਆਦਾਤਰ ਲੋਕ ਨਾਕਾਮ ਰਹੇ ਹਨ ਅਤੇ ਉਹ 30 ਸਾਲ ਪੁਰਾਣੇ ਜੀਓ ਪੋਲੀਟੀਕਲ ਹਾਲਾਤ ਨੂੰ ਅੱਜ ਦੇ ਹਾਲਾਤਾਂ ਦੇ ਨਾਲ ਮਿਲਾਉਣ ਦੀ ਗਲਤ ਕੋਸ਼ਿਸ਼ ਕਰ ਰਹੇ ਹਨ। ਅੱਜ ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ ਇੱਕ ਨਵੇਂ ਗਲੋਬਲ ਆਰਡਰ ਦਾ ਨਿਰਮਾਣ ਹੋ ਰਿਹਾ ਹੈ, ਜਿਸ ਵਿੱਚ ਕਈ ਤਾਕਤਾਂ ਬਣਨਗੀਆਂ ਅਤੇ ਕਈਆਂ ਦਾ ਸੂਰਜ ਅਸਤ ਹੋਵੇਗਾ। ਇਨ੍ਹਾਂ ਪ੍ਰਸਥਿਤੀਆਂ ਵਿੱਚ ਆਪਣੇ ਦੇਸ਼ ਦੀ ਵਿਦੇਸ਼ ਨੀਤੀ ਨੂੰ ਚਲਾਉਣ ਲਈ ਭਾਰਤ ਸਰਕਾਰ ਨੂੰ ਕਈ ਪੁਰਾਣੀਆਂ ਨੀਤੀਆਂ ਤਿਆਗ ਕੇ ਕਈ ਜੋਖ਼ਮ ਭਰੇ ਨਵੇਂ ਰਸਤੇ ਚੁਣਨੇ ਪੈਣਗੇ ਤੇ ਮੇਰੇ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਇਸੇ ਤਰ੍ਹਾਂ ਦੀ ਕੋਸ਼ਿਸ਼ ਕਰ ਰਹੇ ਹਨ।
ਭਾਰਤ ਦਾ ਗੁਆਂਢੀ ਮੁਲਕ ਪਾਕਿਸਤਾਨ ਜੋ ਕਿ ਇਸਲਾਮਿਕ ਰਿਪਬਲਿਕ ਹੈ ਅਤੇ ਪਾਕਿਸਤਾਨੀ ਲੀਡਰਸ਼ਿਪ ਦੇ ਬਿਆਨਾਂ ਤੋਂ ਇਹ ਗੱਲ ਜਾਹਰ ਹੈ ਕਿ ਉਹ ਭਾਰਤ ਨੂੰ ਆਪਣਾ ਧੁਰ ਵਿਰੋਧੀ ਸਮਝਦੇ ਹਨ ਅਤੇ ਭਾਰਤ ਨੂੰ ਕਮਜ਼ੋਰ ਕਰਨ ਲਈ ਵਿਉਂਤਬੰਦੀ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਪਾਕਿਸਤਾਨ ਦੇ ਭਾਰਤ ਵਿੱਚ ਸਾਬਕਾ ਰਾਜਦੂਤ ਅਬਦੁਲ ਬਾਸਿਤ ਨੇ ਇਹ ਬਿਆਨ ਦਿੱਤਾ ਹੈਕਿ ਜੇ ਅਮਰੀਕਾ ਜਾਂ ਇਜ਼ਰਾਇਲ, ਪਾਕਿਸਤਾਨ ਉਤੇ ਹਮਲਾ ਕਰਦੇ ਹਨ ਅਤੇ ਪਾਕਿਸਤਾਨ ਨੂੰ ਆਪਣੀ ਹਾਰ ਦਿਖਾਈ ਦਿੰਦੀ ਹੈ ਤਾਂ ਉਹ ਭਾਰਤ ਦੇ ਵੱਡੇ ਸ਼ਹਿਰਾਂ ਮੁੰਬਈ ਅਤੇ ਦਿੱਲੀ ਉੱਤੇ ਹਮਲਾ ਕਰ ਦੇਣਗੇ। ਇਸ ਬਿਆਨ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪਾਕਿਸਤਾਨ ਵਿੱਚ ਉੱਚ ਅਹੁਦਿਆਂ ਅਤੇ ਨੀਤੀ ਘਾੜਿਆਂ ਦੀ ਭਾਰਤ ਪ੍ਰਤੀ ਕਿਸ ਤਰ੍ਹਾਂ ਦੀ ਸੋਚ ਹੈ ਅਤੇ ਭਾਰਤ ਵਿੱਚ ਜੇ ਕੋਈ ਵੀ ਪਾਰਟੀ ਸੱਤਾ ਵਿੱਚ ਬੈਠੀ ਹੋਵੇ ਉਸ ਨੂੰ ਇਹ ਸ਼ਤਰੂਬੋਧ ਚੰਗੀ ਤਰ੍ਹਾਂ ਹੋਣਾ ਚਾਹੀਦਾ ਹੈ ਕਿ ਕਿਹੜੇ ਮੁਲਕ ਭਾਰਤ ਦੀ ਹੋਂਦ ਨੂੰ ਕਮਜ਼ੋਰ ਜਾਂ ਸਮਾਪਤ ਕਰਨਾ ਚਾਹੁੰਦੇ ਹੈ ਤੇ ਉਹਨਾਂ ਦੇ ਨਾਲ ਕਿਸ ਤਰ੍ਹਾਂ ਨਜਿਠਣਾ ਹੈ। ਇਹ ਸ਼ਤਰੂ ਬੋਧ ਮਰਹੂਮ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਬਖੂਬੀ ਸੀ ਜਿਨਾਂ ਨੇ ਈਸਟ ਪਾਕਿਸਤਾਨ ਨੂੰ ਬੰਗਲਾਦੇਸ਼ ਬਣਾ ਕੇ ਦੇਸ਼ ਦੇ ਉੱਤਰ ਪੂਰਬ ਨੂੰ ਸਦਾ ਲਈ ਇੱਕ ਭਿਅੰਕਰ ਸੰਕਟ ਤੋਂ ਬਚਾ ਲਿਆ ਸੀ। ਪ੍ਰਧਾਨ ਮੰਤਰੀ ਮੋਦੀ ਦੀ ਨੀਤੀ ਰਾਸ਼ਟਰੀ ਸੁਰੱਖਿਆ ਦੇ ਮਾਮਲਿਆਂ ਤੇ ਬੜੀ ਸਖਤ ਅਤੇ ਬਹੁਤ ਹੱਦ ਤੱਕ ਕਾਮਯਾਬ ਰਹੀ ਹੈ ਉਹਨਾਂ ਨੇ ਸਰਜੀਕਲ ਸਟਰਾਈਕ, ਬਾਲਾਕੋਟ ਹਮਲਾ ਅਤੇ ਹਾਲ ਹੀ ਵਿੱਚ ਆਪਰੇਸ਼ਨ ਸਿੰਦੂਰ ਨੂੰ ਸਫਲਤਾ ਪੂਰਵਕ ਅੰਜ਼ਾਮ ਦੇ ਕੇ ਇਹ ਦਿਖਾ ਦਿੱਤਾ ਕਿ ਭਾਰਤ ਸੀਮਾ ਪਾਰ ਤੋਂ ਆਉਣ ਵਾਲੇ ਅੱਤਵਾਦ ਨੂੰ ਇੱਕ ਸੰਯੋਜਿਤ ਜੰਗ ਹੀ ਸਮਝੇਗਾ ਅਤੇ ਕਿਸੇ ਤਰ੍ਹਾਂ ਦੀ ਢਿੱਲ ਮੱਠ ਉਸ ਦੇ ਨਾਲ ਨਜਿਠਣ ਵਿੱਚ ਨਹੀਂ ਅਪਣਾਏਗਾ, ਪਰ ਆਪਰੇਸ਼ਨ ਸੰਧੂਰ ਨੇ ਕਾਫੀ ਜੀਉ ਪੋਲੀਟੀਕਲ ਅਸਲੀਅਤਾਂ ਵੀ ਸਾਡੇ ਅੱਗੇ ਲਿਆ ਖੜੀਆਂ ਕੀਤੀਆਂ ਹਨ, ਜਿਸ ਵਿੱਚ ਪਾਕਿਸਤਾਨ ਦੇ ਨਾਲ ਇਸਲਾਮਿਕ ਮੁਲਕ ਖੁੱਲ ਕੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚ ਤੁਰਕੀ ਅਤੇ ਅਜ਼ਾਰਬਾਈਜਾਨ ਨੇ ਪਾਕਿਸਤਾਨ ਦਾ ਹਥਿਆਰਾਂ ਨਾਲ ਸਮਰਥਨ ਵੀ ਕੀਤਾ ਸੀ। ਅੱਜ ਪਾਕਿਸਤਾਨ ਸਾਊਦੀ ਅਰਬ ਦੇ ਨਾਲ ਰੱਖਿਆ ਸਮਝੌਤੇ ਕਰ ਚੁੱਕਾ ਹੈ ਜਿਸ ਵਿੱਚ ਇੱਕ ਦੂਜੇ ਦੀ ਸੁਰੱਖਿਆ ਦੇ ਪ੍ਰਤੀ ਵਚਨਬੱਧਤਾ ਦੋਨਾਂ ਮੁਲਕਾਂ ਨੇ ਦਿਖਾਈ ਹੈ। ਪਿਛਲੇ ਦਿਨਾਂ ਵਿੱਚ ਇਰਾਨ ਦੇ ਸੁਪਰੀਮ ਲੀਡਰ ਆਇਤੁਲਾ ਅਲੀ ਖਾਮੇਨੀ ਕਸ਼ਮੀਰ ਦੇ ਮੁੱਦੇ ਉੱਤੇ ਬਾਰ-ਬਾਰ ਬਿਆਨਬਾਜ਼ੀ ਕਰਕੇ ਇਹ ਸਿੱਧ ਕਰ ਚੁੱਕੇ ਸਨ ਕਿ ਉਹ ਕਸ਼ਮੀਰ ਦੇ ਮੁੱਦੇ ਦਾ ਅੰਤਰਰਾਸ਼ਟਰੀਕਰਨ ਕਰਕੇ ਕਿਸ ਦੀ ਹਮਾਇਤ ਕਰ ਰਹੇ ਹਨ। ਭਾਰਤ ਸਰਕਾਰ ਨੇ ਚਾਰ ਦਿਨਾਂ ਦੇ ਆਪਰੇਸ਼ਨ ਸੰਧੂਰ ਨੂੰ ਸਿਰਫ ਮੁਅੱਤਲ ਕੀਤਾ ਹੈ ਖਤਮ ਨਹੀਂ ਕੀਤਾ, ਜੇ ਕੱਲ ਨੂੰ ਭਾਰਤ ਨੂੰ ਪਾਕਿਸਤਾਨ ਦੇ ਵੱਲੋਂ ਕਿਸੇ ਹਮਲੇ ਦਾ ਜਾਂ ਖਤਰੇ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਆਪਰੇਸ਼ਨ ਸੰਧੂਰ ਨੂੰ ਦੁਬਾਰਾ ਸ਼ੁਰੂ ਕੀਤਾ ਜਾਂਦਾ ਹੈ ਤਾਂ ਦੁਨੀਆਂ ਵਿੱਚ ਕਿਹੜੇ ਅਜਿਹੇ ਦੇਸ਼ ਹਨ ਜਿਹੜੇ ਭਾਰਤ ਦੀ ਇਮਦਾਦ ਕਰਨਗੇ ? ਅਮਰੀਕਾ ਕਿਸੇ ਦਾ ਵੀ ਭਰੋਸੇਯੋਗ ਸਹਿਯੋਗੀ ਨਹੀਂ ਹੈ। ਅੱਜ ਅਮਰੀਕਨ ਪ੍ਰੈਜੀਡੈਂਟ ਪਾਕਿਸਤਾਨ ਦੇ ਨਾਲ ਆਪਣੀਆਂ ਨਜ਼ਦੀਕੀਆਂ ਦਿਖਾ ਰਹੇ ਹਨ ਉਹਨਾਂ ਨੇ ਪਾਕਿਸਤਾਨ ਦੇ ਫੀਲਡ ਮਾਰਸ਼ਲ ਆਸੀਮ ਮੁਨੀਰ ਨਾਲ ਬੰਦ ਕਮਰਾ ਲੰਚ ਮੁਲਾਕਾਤ ਵੀ ਕੀਤੀ ਅਤੇ ਉਹਨਾਂ ਨੂੰ ਆਪਣਾ ਪਸੰਦੀਦਾ ਫੀਲਡ ਮਾਰਸ਼ਲ ਵੀ ਆਖਿਆ ਸੀ ਜਦਕਿ ਦੂਸਰੇ ਪਾਸੇ ਅਮਰੀਕਾ ਦੀ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਤੁਲਸੀ ਗਬਾੜ ਨੇ ਪਾਕਿਸਤਾਨ ਨੂੰ ਅਮਰੀਕਾ ਦੀ ਸੁਰੱਖਿਆ ਲਈ ਇੱਕ ਖਤਰਾ ਐਲਾਨ ਦਿੱਤਾ ਹੈ। ਅਮਰੀਕਾ ਦੀ ਭਾਰਤ ਪ੍ਰਤੀ ਨੀਤੀ ਵੀ ਸਟਰੈਟਜੀ ਪਾਰਟਨਰ ਵਾਲੀ ਨਹੀਂ, ਰੂਸ ਭਾਰਤ ਦਾ ਇੱਕ ਭਰੋਸੇਮੰਦ ਸਹਿਯੋਗੀ ਹੈ ਪਰ ਅੱਜ ਰੂਸ ਖੁਦ ਨਾਟੋ ਦੇ ਨਾਲ ਯੂਕਰੇਨ ਯੁੱਧ ਵਿੱਚ ਉਲਝਿਆ ਹੋਇਆ ਹੈ, ਭਾਰਤ ਨੂੰ ਆਪਣੀ ਊਰਜਾ ਨੀਤੀ ਅਮਰੀਕਾ ਦੇ ਪ੍ਰਭਾਵ ਤੋਂ ਆਜ਼ਾਦ ਰੱਖਣੀ ਚਾਹੀਦੀ ਹੈ ਅਜਿਹੇ ਹਾਲਾਤਾਂ ਵਿੱਚ ਇਜ਼ਰਾਇਲ ਹੀ ਇਕਲੌਤਾ ਅਜਿਹਾ ਮਿੱਤਰ ਦੇਸ਼ ਹੈ, ਜਿਹੜਾ ਪਾਕਿਸਤਾਨੀ ਖਤਰੇ ਖਿਲਾਫ ਭਾਰਤ ਨੂੰ ਤਕਨੋਲਜੀ, ਇੰਟੈਲੀਜੈਂਸ ਅਤੇ ਹਥਿਆਰਾਂ ਨਾਲ ਮਦਦ ਕਰ ਸਕਦਾ ਹੈ।
ਖਾਲਿਸਤਾਨੀ ਆਗੂ ਜਗਜੀਤ ਸਿੰਘ ਚੌਹਾਨ ਨੇ ਜਦੋਂ ਭਾਰਤ ਵਾਪਸੀ ਕੀਤੀ ਸੀ ਤਾਂ ਉਹਨਾਂ ਨੇ ਇੱਕ ਡਾਇਰੈਕਟਰ ਜਨਰਲ ਪੱਧਰ ਦੇ ਅਧਿਕਾਰੀ ਨੂੰ ਇਹ ਗੱਲ ਆਖੀ ਸੀ ਕਿ ਆਉਣ ਵਾਲੇ ਸਮੇਂ ਵਿੱਚ ਦੁਨੀਆ ਦੋ ਗੁੱਟਾਂ ਵਿੱਚ ਵੰਡੀ ਜਾਵੇਗੀ ਜਿਸ ਵਿੱਚ ਇੱਕ ਇਸਲਾਮਿਕ ਬਲਾਕ ਅਤੇ ਦੂਸਰਾ ਗੈਰ ਇਸਲਾਮਿਕ ਬਲਾਕ ਹੋਵੇਗਾ। ਉਹਨਾਂ ਨੇ ਆਪਣੀ ਭਾਰਤ ਵਾਪਸੀ ਦਾ ਕਾਰਨ ਵੀ ਇਹੀ ਦੱਸਿਆ ਸੀ ਕਿ ਉਹ ਸੰਸਾਰ ਵਿੱਚ ਸਿੱਖਾਂ ਨੂੰ ਇਸਲਾਮਿਕ ਬਲਾਕ ਨਾਲ ਖੜ੍ਹਾ ਨਹੀਂ ਦੇਖਣਾ ਚਾਹੁੰਦੇ। ਅੱਜ ਉਹਨਾਂ ਦੀ ਇਹ ਪੇਸ਼ਨਗੋਈ ਸੰਸਾਰ ਦੀ ਅਸਲੀਅਤ ਬਣ ਗਈ ਜਾਪਦੀ ਹੈ ਭਾਰਤ ਦੀ ਸਰਕਾਰ ਇਹਨਾਂ ਜੀਓ ਪੋਲੀਟੀਕਲ ਸਚਾਈਆਂ ਤੋਂ ਚੰਗੀ ਤਰ੍ਹਾਂ ਵਾਕਫ ਹੈ ਅਤੇ ਇਹਨਾਂ ਦੇ ਮੱਦੇਨਜ਼ਰ ਹੀ ਆਪਣੇ ਕਾਰ ਵਿਹਾਰ ਨੂੰ ਅੱਗੇ ਵਧਾ ਰਹੀ ਹੈ। ਬਾਕੀ ਇੱਕ ਲੋਕਤੰਤਰ ਵਿੱਚ ਸਰਕਾਰ ਦੇ ਨੀਤੀਗਤ ਫੈਸਲਿਆਂ ਦੀ ਨੁਕਤਾਚੀਨੀ ਕਰਨਾ, ਨਿੰਦਿਆ ਕਰਨਾ ਇੱਥੋਂ ਤੱਕ ਕੀ ਨਿਖੇਧੀ ਕਰਨਾ ਹਰ ਕਿਸੇ ਦਾ ਲੋਕਤੰਤਰਿਕ ਅਧਿਕਾਰ ਹੈ ਪਰ ਇਸ ਅਧਿਕਾਰ ਨੂੰ ਬੜੇ ਹੀ ਸੁਚੇਤ ਢੰਗ ਨਾਲ ਵਰਤਿਆ ਜਾਣਾ ਚਾਹੀਦਾ ਹੈ। ਭਾਰਤ ਲਈ ਇਹ ਸਮਾਂ ਬਹੁਤ ਨਾਜ਼ੁਕ ਹੈ ਜਿੱਥੇ ਉਸਨੇ ਆਪਣੀ ਵਿਸ਼ਵ ਵਿਆਪੀ ਸਾਖ ਨੂੰ ਸੁਰੱਖਿਅਤ ਰੱਖਣਾ ਹੈ ਤੇ ਬਹੁਤ ਸੂਖ਼ਮਤਾ ਨਾਲ ਘਟਨਾਵਾਂ ਨੂੰ ਵਾਚਣਾ ਅਤੇ ਪ੍ਰਤੀਕਰਮ ਦੇਣਾ ਹੈ ਇਜ਼ਰਾਇਲ ਦੇ ਨਾਲ ਦਹਾਕਿਆਂ ਤੋਂ ਇਮਾਨਦਾਰੀ ਨਾਲ ਨਿਭਣ ਵਾਲੇ ਰੂਸ ਵਰਗੇ ਸਥਾਈ ਸਹਿਯੋਗੀ ਦਾ ਸਾਥ ਬਣਾਈ ਰੱਖਣ ਲਈ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਹੈ ਤੇ ਇਹੀ ਮੋਦੀ ਸਰਕਾਰ ਲਈ ਪਰਖ਼ ਦੀ ਘੜੀ ਹੈ।
* ਮੈਨਜਿੰਗ ਡਾਇਰੈਕਟਰ,
