ਨਿਊਯਾਰਕ-ਨਿਊ ਯਾਰਕ ਦੇ ਲਾਗਾਰਡੀਆ ਹਵਾਈ ਅੱਡੇ ’ਤੇ ਐਤਵਾਰ ਦੇਰ ਰਾਤ ਏਅਰ ਕੈਨੇਡਾ ਦਾ ਖੇਤਰੀ ਜਹਾਜ਼ ਲੈਂਡਿੰਗ ਮੌਕੇ ਰਨਵੇਅ ’ਤੇ ਫਾਇਰ ਟਰੱਕ ਨਾਲ ਟਕਰਾਅ ਗਿਆ। ਹਾਦਸੇ ਵਿੱਚ ਦੋ ਪਾਇਲਟਾਂ ਦੀ ਮੌਤ ਹੋ ਗਈ ਤੇ ਜਹਾਜ਼ ਦਾ ਮੂਹਰਲਾ ਹਿੱਸਾ ਨੁਕਸਾਨਿਆ ਗਿਆ। ਜਹਾਜ਼ ਵਿੱਚ ਸਵਾਰ 39 ਯਾਤਰੀਆਂ ਤੇ ਅਮਲੇ ਦੇ ਮੈਂਬਰਾਂ ਨੂੰ ਇਲਾਕੇ ਦੇ ਨੇੜਲੇ ਹਸਪਤਾਲਾਂ ਵਿੱਚ ਲਿਜਾਇਆ ਗਿਆ। ਇਨ੍ਹਾਂ ਵਿੱਚੋਂ ਕੁਝ ਦੇ ਗੰਭੀਰ ਸੱਟਾਂ ਲੱਗੀਆਂ ਹਨ। ਮਾਮੂਲੀ ਸੱਟਾਂ-ਫੇਟਾਂ ਵਾਲਿਆਂ ਨੂੰ ਮੁੱਢਲੇ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ।
ਨਿਊ ਯਾਰਕ ਤੇ ਨਿਊ ਜਰਸੀ ਪੋਰਟ ਅਥਾਰਿਟੀ ਦੇ ਕਾਰਜਕਾਰੀ ਡਾਇਰੈਕਟਰ ਕੈਥਰੀਨ ਗਾਰਸੀਆ ਨੇ ਕਿਹਾ ਕਿ ਏਅਰ ਪੋਰਟ ਅਥਾਰਿਟੀ ਦੇ ਦੋ ਮੁਲਾਜ਼ਮ, ਜੋ ਫਾਇਰ ਟਰੱਕ ਵਿੱਚ ਸਵਾਰ ਸਨ, ਵੀ ਜ਼ਖ਼ਮੀ ਹੋ ਗਏ। ਹਾਲਾਂਕਿ ਉਨ੍ਹਾਂ ਦੀਆਂ ਸੱਟਾਂ ਜਾਨਲੇਵਾ ਨਹੀਂ ਹਨ। ਅਮਰੀਕਾ ਦੀ ਸੰਘੀ ਹਵਾਈ ਸੁਰੱਖਿਆ ਏਜੰਸੀ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਹਵਾਈ ਅੱਡਾ ਆਮ ਕਰਕੇ ਛੋਟੇ ਜਹਾਜ਼ਾਂ ਦੀਆਂ ਉਡਾਣਾਂ ਲਈ ਵਰਤਿਆ ਜਾਂਦਾ ਹੈ।ਗਾਰਸੀਆ ਨੇ ਕਿਹਾ ਕਿ ਮ੍ਰਿਤਕਾਂ ਵਿੱਚ ਜਹਾਜ਼ ਦਾ ਪਾਇਲਟ ਤੇ ਸਹਿ ਪਾਇਲਟ ਸ਼ਾਮਲ ਹਨ, ਅਤੇ ਦੋਵੇਂ ਕੈਨੇਡਾ ਤੋਂ ਬਾਹਰ ਰਹਿੰਦੇ ਸਨ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ (ਐੱਨ ਟੀ ਐੱਸ ਬੀ) ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਕਰਕੇ ਹਵਾਈ ਅੱਡੇ ਨੂੰ ਸੋਮਵਾਰ ਦੁਪਹਿਰੇ 2 ਵਜੇ ਤੱਕ ਬੰਦ ਰੱਖਿਆ ਗਿਆ। ਗਾਰਸੀਆ ਨੇ ਕਿਹਾ ਕਿ ਜਿਸ ਫਾਇਰ ਟਰੱਕ ਨਾਲ ਹਾਦਸਾ ਵਾਪਰਿਆ, ਉਹ ਯੂਨਾਈਟਿਡ ਏਅਰਲਾਈਨਜ਼ ਦੀ ਉਡਾਣ ਨਾਲ ਵਾਪਰੇ ਇਕ ਵੱਖਰੇ ਹਾਦਸੇ ਲਈ ਰਨਵੇਅ ਤੋਂ ਲੰਘ ਰਿਹਾ ਸੀ। ਜਾਣਕਾਰੀ ਅਨੁਸਾਰ ਏਅਰ ਕੈਨੇਡਾ ਲਈ ਜੈਜ਼ ਏਵੀਏਸ਼ਨ ਵੱਲੋਂ ਚਲਾਈ ਜਾ ਰਹੀ ਉਡਾਣ ਉੱਤੇ 72 ਯਾਤਰੀ ਤੇ ਅਮਲੇ ਦੇ ਚਾਰ ਮੈਂਬਰ ਸਵਾਰ ਸਨ। ਜਹਾਜ਼ ਨੇ ਮੌਂਟਰੀਅਲ ਪੀਅਰੇ ਐਲੀਅਟ ਟਰੂਡੋ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਯਾਤਰੀਆਂ ਨੂੰ ਪੌੜੀਆਂ ਲਾ ਕੇ ਐਮਰਜੈਂਸੀ ਐਗਜ਼ਿਟ ਜ਼ਰੀਏ ਬਾਹਰ ਕੱਢਿਆ ਗਿਆ। ਜਹਾਜ਼ ਵਿੱਚ ਸਵਾਰ ਪੰਜਾਬੀ ਜੋੜੇ ਨੇ ਦੱਸਿਆ ਕਿ ਸਭ ਤੋਂ ਪਿਛਲੀਆਂ ਸੀਟਾਂ ’ਤੇ ਬੈਠੇ ਹੋਣ ਕਰਕੇ ਉਨ੍ਹਾਂ ਦੇ ਗੰਭੀਰ ਸੱਟਾਂ ਫੇਟਾਂ ਤੋਂ ਬਚਾਅ ਰਿਹਾ।
