Apr 23, 2026

ਜਿੰਦਗੀ ਜਿੰਦਾ ਦਿਲੀ ਕਾ ਨਾਮ ਹੈ, ਮੁਰਦਾ ਦਿਲ ਕਿਆ ਖਾਕ ਜੀਆ ਕਰਤੇ ਹੈ….
ਚੜ੍ਹਦੇ ਪੰਜਾਬ ਦੀ ਧੜਕਣ ਮਸ਼ਹੂਰ ਸ਼ਹਿਰ ਲੁਧਿਆਣਾ ਦੇ ਜੰਮਪਲ ਸਾਹਸੀ,  ਹੌਸਲੇ ਵਾਲੇ, ਬੇਬਾਕ, ਤੇਜਤਰਾਰ ,ਘੁਮੱਕੜ, ਚੜਦੀ ਕਲਾ ਤੇ  ਦ੍ਰਿੜ ਇਰਾਦੇ ਵਾਲੇ  ਨੌਜਵਾਨ ਰਘਬੀਰ ਸਿੰਘ ਭਰੋਵਾਲ ਨੇ ਤਤਲਾ ਪਰਿਵਾਰ ਦੀ ਬਹੁਪੱਖੀ ਸ਼ਖਸ਼ੀਅਤ ਤੇ ਬਾਬਾ ਫਰੀਦ ਫਾਊਂਡੇਸ਼ਨ ਦੇ ਚੇਅਰਮੈਨ ਜਥੇਦਾਰ ਪ੍ਰੀਤਮ ਸਿੰਘ ਭਰੋਵਾਲ ਦੇ ਘਰ ਮਾਤਾ ਅਮਰਜੀਤ ਕੌਰ ਦੀ ਕੁੱਖੋਂ 26 ਜੂਨ 1982 ਨੂੰ ਜਨਮ ਲਿਆ। ਬਚਪਨ ਤੋਂ ਹੀ ਰਘਬੀਰ ਸਿੰਘ ਨੂੰ ਸੰਸਾਰ ਘੁੰਮਣ ਦਾ ਸ਼ੌਂਕ ਸੀ । ਉਸਦੇ ਅੰਦਰ ਅਲੱਗ ਅਲੱਗ ਸੱਭਿਆਚਾਰ, ਕੌਮਾਂ ਤੇ ਭਾਸ਼ਾਵਾਂ ਦੇ ਲੋਕਾਂ ਨੂੰ ਮਿਲਣ ਅਤੇ ਤਰ੍ਹਾਂ ਤਰ੍ਹਾਂ ਦੇ ਖਾਣੇ ਖਾਣ ਤੇ ਕੁਦਰਤ ਦੇ ਰੰਗਾਂ ਨੂੰ ਮਾਨਣ ਦੀ ਤਾਂਘ ਸੀ । ਕਈ ਵਾਰੀ ਘਰਦਿਆਂ ਪੁੱਛਣਾ ਤੇਰਾ ਮਕਸਦ ਕੀ ਹੈ ਘੁੰਮਣ ਦਾ ? ਤਾਂ ਉਸ ਕਹਿਣਾ , “ਸੰਸਾਰ ‘ਤੇ ਪਿਆਰ, ਸ਼ਾਂਤੀ ਤੇ ਮਿਲ ਕੇ ਰਹਿਣ ਦਾ ਸੁਨੇਹਾ ਦੇਣਾ”। ਜਿਵੇਂ ਜਿਵੇਂ ਵੱਡਾ ਹੋਣ ਲੱਗਾ ਤਾਂ ਉਸਦੀ ਇਹ ਇੱਛਾ ਹਕੀਕਤ ਦਾ ਰੂਪ ਲੈਣ ਲੱਗੀ ।
ਰਘਬੀਰ ਸਿੰਘ ਨੇ ਮੁਢਲੀ ਸਕੂਲੀ ਸਿੱਖਿਆ ਲੁਧਿਆਣੇ ਤੋਂ ਲੈਣ ਉਪਰੰਤ ਸਿਵਲ ਇੰਜੀਨੀਅਰ ਦੀ ਡਿਗਰੀ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਤੋਂ ਲੈ ਕੇ ਅਗਲੇਰੀ ਉੱਚ ਪੜ੍ਹਾਈ ਲਈ ਕਨੇਡਾ ਵੱਲ ਰੁਖ ਕੀਤਾ । ਕਨੇਡਾ ਪਹੁੰਚ ਕੇ ਸਾਰਿਆਂ ਦੀ ਤਰ੍ਹਾਂ ਮੁਢਲੀਆਂ ਔਕੜਾਂ ਦਾ ਸਾਹਮਣਾ ਕਰ ਬੜੀ ਮਿਹਨਤ ਤੇ ਲਗਨ ਨਾਲ ਆਪਣੇ ਆਪ ਨੂੰ ਆਰਥਿਕ ਤੌਰ ਤੇ ਨਿਖਾਰਿਆ ।
ਨਵੰਬਰ 2009 ਵਿੱਚ ਉਸ ਨੇ ਗ੍ਰਹਿਸਤੀ ਜੀਵਨ ਦੀ ਸ਼ੁਰੂਆਤ ਅਮਨਦੀਪ ਕੌਰ ਭਰੋਵਾਲ (ਔਲਖ ) ਪੋਤਰੀ ਸਵਰਗਵਾਸੀ ਕੈਪਟਨ ਡਾਕਟਰ ਮਲਕੀਤ ਸਿੰਘ ਔਲਖ, ਪੁੱਤਰੀ ਸਰਦਾਰ ਹਰਮਿੰਦਰ ਸਿੰਘ ਔਲਖ ਸਾਬਕਾ ਸਰਪੰਚ ਪਿੰਡ ਬਿੰਜਲ ਨਾਲ ਕੀਤੀ। ਉਸ ਦੇ ਘਰ ਦੋ ਧੀਆਂ ਹਰਨੂਰ ਕੌਰ ਭਰੋਵਾਲ, ਅਵਲੀਨ ਕੌਰ ਭਰੋਵਾਲ ਤੇ ਇੱਕ ਪੁੱਤਰ ਫਤਿਹ ਸਿੰਘ ਭਰੋਵਾਲ ਨੇ ਜਨਮ ਲਿਆ ।
ਦੁਨੀਆ ਘੁੰਮਣ ਦੀ ਤਾਂਘ ਉਸ ਨੂੰ ਹਰ ਵਕਤ ਉਤਸ਼ਾਹਿਤ ਕਰਦੀ ਰਹਿੰਦੀ। ਘਰੇਲੂ ਜ਼ਿੰਮੇਵਾਰੀਆਂ ਨਿਭਾਉਂਦਾ ਉਹ ਸਮਾਜਿਕ ਜਿੰਮੇਵਾਰੀਆਂ ਪ੍ਰਤੀ ਵੀ ਸੋਸ਼ਲ ਗਤੀਵਿਧੀਆਂ ਚ ਵੀ ਵੱਧ ਚੜ ਕੇ ਹਿੱਸਾ ਲੈਂਦਾ। ਵਿਦੇਸ਼ ਚ ਰਹਿੰਦਿਆਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਲਈ ਭਰੋਵਾਲ ਨੇ ਸ਼ੋਸ਼ਲ ਮੀਡੀਏ  ਰਾਹੀਂ ਅਹਿਮ ਯੋਗਦਾਨ ਬਿਨਾਂ ਕਿਸੇ ਸ਼ਰਤ ਤੋਂ ਪਾਇਆ ਪ੍ਰੰਤੂ ਅਫਸੋਸ ਉਸ ਦੇ ਲਈ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਤੋਂ ਕੋਈ ਵੀ ਸ਼ਬਦ ਸੁਣਨ ਨੂੰ ਨਹੀਂ ਮਿਲਿਆ। 2017 ਵਿੱਚ ਬਤੌਰ ਇਮੀਗਰੇਸ਼ਨ  ਸਲਾਹਕਾਰ ਵਜੋਂ ਸ਼ੁਰੂਆਤ ਕੀਤੀ ਜਿਸ ਤਹਿਤ ਭਰੋਵਾਲ ਨੇ ਕਾਨੂੰਨੀ ਪ੍ਰਕਿਰਿਆ ਤੇ ਨਵੇਂ ਨਿਯਮਾਂ ਬਾਰੇ ਜਾਣਕਾਰੀ ਆਪਣੇ ਸ਼ੋਸ਼ਲ ਸਾਧਨਾਂ ਰਾਹੀਂ ਸਭ ਨੂੰ ਦਿੱਤੀ ਤੇ ਨਾਲ ਹੀ ਨਵੇਂ ਸਲਾਹਕਾਰਾਂ ਦੀ ਮਦਦ ਵੀ ਕੀਤੀ
ਭਰੋਵਾਲ ਨੂੰ 2024-2025 ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪ੍ਰੰਤੂ ਆਪਣੀ ਹਿੰਮਤ, ਹੌਸਲੇ ਤੇ ਲਗਨ ਨਾਲ ਬਿਨਾਂ ਕਿਸੇ ਦੀ ਪਰਵਾਹ ਕੀਤਿਆਂ ਉਹ ਆਪਣੇ ਰਾਹਾਂ ‘ਤੇ ਤੁਰਦਾ ਰਿਹਾ।
ਕਈ ਵਾਰੀ ਉਸਦੀ ਹੁੰਦੀ ਆਲੋਚਨਾ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕਰਨੀ ਤਾਂ ਅੱਗੋਂ ਹੱਸ ਕੇ ਕਹਿ ਦਿੰਦਾ, “ਬਾਈ ਇਥੇ ਇੱਜਤ ਹੈ ਕਿਸ ਦੀ? ਸਭ ਇੱਕ ਦੂਜੇ ਨਾਲ ਜਰੂਰਤਾਂ ਕਰਕੇ ਤੁਰੇ ਫਿਰਦੇ ਹਨ। ਇੱਜਤ ਲੋੜ ਦੀ ਹੈ ਬੰਦੇ ਦੀ ਨਹੀਂ। ਗਲਤੀ ਕੀਹਦੇ ਤੋਂ ਨਹੀਂ ਹੁੰਦੀ ਜਿਸ ਤੋਂ ਨਹੀਂ ਹੁੰਦੀ ਫਿਰ ਕੁਝ ਕਰਦਾ ਵੀ ਮੈਂ ਤਾਂ ਆਪਣੀਆਂ ਗਲਤੀਆਂ ਤੋਂ ਸਿੱਖਦਾ ਤੇ ਅੱਗੇ ਵੱਧਦਾ ਹਾਂ। ਡਰ ਕਰਕੇ ਨਾ ਝੁਕਦਾ ਹਾਂ ਤੇ ਨਾ ਝੁਕਾਂਗਾ। ਮਰਨਾ ਤਾਂ ਸਭ ਨੇ ਹੀ ਹੈ”। ਜਦੋਂ ਮੈਂ ਸਹੀ ਫਿਰ ਕਿਉਂ ਕਿਸੇ ਦੀ ਪਰਵਾਹ ਕਰਾਂ । ਹਰ ਵਕਤ ਕੁਝ ਨਾ ਕੁਝ ਨਵਾਂ ਕਰਨ ਦੀ ਪ੍ਰੇਰਨਾ ਉਸ ਨੂੰ ਅੰਦਰੋਂ ਟੁੰਬਦੀ ਰਹਿੰਦੀ ਜਿਸ ਤੇ ਚੱਲਦਿਆਂ
ਆਪਣੇ ਕਰੀਬੀ ਮਿੱਤਰ ਸਰਦਾਰ ਮਨਮੋਹਣ ਸਿੰਘ ਸਮਰਾ ਨਾਲ ਮਿਲ ਕੇ ‘ਸਰੀ ਪੰਜਾਬੀ ਪੋਡਕਾਸਟ ਸ਼ੁਰੂ ਕੀਤਾ। ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਆਪਣੀ ਪਛਾਣ ਬਣਾਉਣ ਵਾਲੇ ਪ੍ਰਸਿੱਧ ਪੰਜਾਬੀ ਪੰਜਾਬੀਅਤ, ਮਨੋਰੰਜਨ ਅਤੇ ਸੱਭਿਆਚਾਰ ਤੇ ਧਾਰਮਿਕ ਚਿੰਤਕ ਸ਼ਖ਼ਸੀਅਤਾਂ ਨੂੰ ਰੂਬਰੂ ਕਰਾਉਣ ਲਈ ਯਤਨਸ਼ੀਲ ਰਹਿੰਦਾ। ਹਰ ਹਫ਼ਤੇ ਦੇ ਅੰਤ ਵਿੱਚ ਕਰੀਬੀ ਦੋਸਤ ਬੈਂਸ ਕਹਾਲੋਂ ਨੂੰ ਉਸਦੇ ਫੋਨ ਦੀ ਘੰਟੀ ਵੱਜਣ ਦੀ ਉਡੀਕ ਰਹਿੰਦੀ ਕਿਉਂਕਿ ਭਰੋਵਾਲ ਕੋਈ ਨਾ ਕੋਈ ਕਿਤੇ ਜਾਣ ਸਕੀਮ ਬਣਾਈ ਰੱਖਦਾ ਸਭ ਹੈਰਾਨ ਹੋ ਜਾਂਦੇ ਤੂੰ ਸਭ ਕੁਝ ਕਿਵੇਂ ਕਰ ਲੈਂਦਾ। ਏਨੀਆਂ ਮੁਸ਼ਕਿਲਾਂ ਤੇ ਰੁਝੇਵਿਆਂ ਦੇ ਬਾਵਜੂਦ ਆਪਣੇ ਬਚਪਨ ਦੇ ਸੁਪਨੇ ਨੂੰ ਪੂਰਾ ਕਰਨ ਲਈ ਆਖਰ ਉਸਨੇ ਸੰਸਾਰ ਘੁੰਮਣਾ ਸ਼ੁਰੂ ਕਰ ਦਿੱਤਾ। ਉਹ ਜਿੱਥੇ ਵੀ ਜਾਂਦਾ ਆਪਣੀ ਥਾਂ ਸਹਿਜੇ ਹੀ ਬਣਾ ਲੈਂਦਾ ਉਥੋਂ ਦੀਆਂ ਖੂਬੀਆਂ ਵਿਸ਼ੇਸ਼ਤਾਵਾਂ ਆਪਣੇ ਚਾਹੁਣ ਵਾਲਿਆਂ ਨਾਲ ਸੋਸ਼ਲ ਮੀਡੀਆ ਰਾਹੀਂ ਸਾਂਝੀਆਂ ਕਰਦਾ ਰਹਿੰਦਾ। ਭਰੋਵਾਲ ਨੂੰ ਸਾਹਸ ਭਰੀਆਂ ਗਤੀਵਿਧੀਆਂ ਦਾ ਬਹੁਤ ਸ਼ੌਂਕ ਸੀ। ਕਿਸੇ ਵੀ ਖਤਰੇ ਨੂੰ ਮੁੱਲ ਲੈਣ ਲਈ ਤਿਆਰ ਰਹਿੰਦਾ। ਉਸਨੇ ਪੱਗ ਬੰਨ ਕੇ ਉਚਾਈ ਤੋਂ ਛਲਾਂਗ ਮਾਰ ਸਭ ਨੂੰ ਹਿੰਮਤ ਤੇ ਹੌਸਲੇ ਦੀ ਮਿਸਾਲ ਦਿੱਤੀ। ਉਹ ਦੁਨੀਆ ਦਾ ਪਹਿਲਾ ਸਿੱਖ ਸੋਲੋ ਰਾਈਡਰ ਹੈ ਜਿਸ ਨੇ ਲਗਭਗ 30 ਤੋਂ ਵੱਧ ਦੇਸ਼ਾਂ ਦੀ ਯਾਤਰਾ ਕਰਕੇ ਸ਼ਾਂਤੀ, ਪਿਆਰ ਤੇ ਹਰ ਹਾਲਤ ਖੁਸ਼ ਰਹਿਣ ਦਾ ਸੁਨੇਹਾ ਦਿੱਤਾ। ਆਖਰ ਹਿੰਮਤ, ਹੌਸਲੇ ਤੇ ਦ੍ਰਿੜ ਨਿਸ਼ਚੇ ਵਾਲਾ ਰਘਬੀਰ ਸਿੰਘ ਭਰੋਵਾਲ ਪੇਰੂ ਦੇਸ਼ ਦੇ ਤਲਾਣਾ ਸ਼ਹਿਰ ਵਿੱਚ 27 ਫਰਵਰੀ 2026 ਦਿਨ ਸ਼ੁਕਰਵਾਰ ਸ਼ਾਮ ਨੂੰ ਆਖਰੀ ਸਾਹ ਲੈ ਅਲਵਿਦਾ ਕਹਿ ਆਪਣੀ ਅਗਲੀ ਯਾਤਰਾ ਲਈ ਬਿਨਾਂ ਕਿਸੇ ਨੂੰ ਦੱਸੇ ਸਦਾ ਲਈ ਰੁਖਸਤ ਹੋ ਗਿਆ। ਜਿਸਦੀ ਖਬਰਸਾਰ ਨਾ ਹੁਣ ਉਸ ਦੇ ਸਭ ਤੋਂ ਵੱਧ ਚਹੇਤੇ ਸ਼ੋਸ਼ਲ ਮੀਡਿਏ ਤੇ ਕਿਸੇ ਹੋਰ ਨੂੰ ਖੈਰ ਜਿਵੇਂ ਰੱਬ ਦੀ ਰਜ਼ਾ ਜਿਥੇ ਵੀ ਰਹੇ ਉਸ ਦੇ ਭਾਣੇ ਚ ਰਹੇ।
ਪਰਮਾਤਮਾ ਪਰਿਵਾਰ, ਬੱਚਿਆਂ, ਰਿਸ਼ਤੇਦਾਰਾਂ, ਦੋਸਤਾਂ ਮਿੱਤਰਾਂ ਤੇ ਸਾਕ-ਸਬੰਧੀਆਂ ਨੂੰ ਰਘਬੀਰ ਸਿੰਘ ਭਰੋਵਾਲ ਦੇ ਬੇਵਕਤੇ ਤੁਰ ਜਾਣ ‘ਤੇ ਭਾਣਾ ਮੰਨਣ ਦਾ ਬਲ ਬਖਸ਼ੇ।

ਸਵਰਗੀ ਸ ਰਘਬੀਰ ਸਿੰਘ ਭਰੋਵਾਲ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 28 ਮਾਰਚ ਦਿਨ ਸ਼ਨੀਵਾਰ ਨੂੰ ਸਵੇਰੇ 10.30 ਵਜੇ ਰਿਵਰਸਾਈਡ ਫਿਊਨਰਲ ਹੋਮ ਡੈਲਟਾ ਵਿਖੇ ਕਰਨ ਉਪਰੰਤ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ 8115, 132 ਸਟਰੀਟ ਸਰੀ ਵਿਖੇ ਬਾਦ ਦੁਪਹਿਰ 12.30 ਵਜੇ ਹੋਵੇਗੀ।

Leave a Reply

Your email address will not be published. Required fields are marked *