ਵਿੰਨੀਪੈਗ ( ਡਾ ਪ੍ਰਿਤਪਾਲ ਕੌਰ ਚਾਹਲ)- ਪਿਛਲੇ ਦਿਨੀਂ ਮੈਨੂੰ “ਬਿਜ਼ਨੈੱਸ ਵੋਮੈਨ ਰੀਪਰੀਜ਼ੈਂਟੇਸ਼ਨ” ਸੰਸਥਾ ਦੇ ਸਲਾਨਾ ਸਮਾਗਮ ਵਿੱਚ ਸ਼ਿਰਕਤ ਕਰਨ ਦਾ ਸ਼ਾਨਦਾਰ ਮੌਕਾ ਮਿਲਿਆ….
ਮੈਨੂੰ ਯਾਦ ਆਇਆ…
“ਮੋਰ ਕੂੰਜਾਂ ਨੂੰ ਨਿੱਤ ਆਖਦੇ,
“ਕੂੰਜੋ! ਥੋਡੀ (ਤੁਹਾਡੀ) ਰਹਿੰਦੀ ਨਿੱਤ ਤਿਆਰੀ,
ਜਾਂ ਤਾਂ ਥੋਡੇ (ਤੁਹਾਡੇ) ਪੈਰੀਂ ਚੱਕਰ,
ਜਾਂ ਕਿਸੇ ਨਾਲ ਯਾਰੀ…।”
ਤਾਂ ਅੱਗੋਂ ਕੂੰਜਾਂ ਜਵਾਬ ਦਿੰਦੀਆਂ ਹਨ…
“ਨਾ ਮੋਰੋ ਸਾਡੇ ਪੈਰੀਂ ਚੱਕਰ,
ਨਾ ਕਿਸੇ ਨਾਲ ਯਾਰੀ।
ਰਿਜ਼ਕ (ਰੋਜ਼ੀ-ਰੋਟੀ) ਦੀ ਖ਼ਾਤਰ, ਬੱਚੇ ਛੱਡੀਏ,
ਰੱਬ ਨੇ ਚੋਜ ਖਿਲਾਰੀ…।”
ਅੱਜ ਤੋਂ ਤਕਰੀਬਨ ਤਿੰਨ, ਸਾਢੇ ਕੁ ਤਿੰਨ ਦਹਾਕੇ ਪਹਿਲਾਂ ਕਿਸੇ ਵੀ ਮੁਲਕ ਦੀਆਂ ਔਰਤਾਂ ਜਦੋਂ ਘਰਾਂ ਦੀ ਵਲਗਣ ਵਿੱਚੋਂ ਨਿਕਲ ਕੇ, ਮੁੱਢ ਕਦੀਮੀ ਇਨਸਾਨ ਵਾਂਗ ਵਧੀਆ ਜ਼ਿੰਦਗੀ, ਕਮਾਈ ਅਤੇ ਬਿਹਤਰ ਜਿਊਣ ਦੇ ਢੰਗ ਅਤੇ ਰੋਜ਼ੀ-ਰੋਟੀ ਲਈ ਕੈਨੇਡਾ ਪਹੁੰਚੀਆਂ ਤਾਂ ਉਹਨਾਂ ਦੇ ਜੀਵਨ ਵਿੱਚ ਬਹੁਤ ਬਦਲਾਅ ਆਇਆ। ਉਦੋਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇੱਕ ਦਿਨ ਅਜਿਹਾ ਵੀ ਆਵੇਗਾ ਜਦੋਂ ਔਰਤਾਂ ਆਦਮੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਜੀਵਨ ਰੂਪੀ ਗੱਡੀ ਦੇ ਦੋ ਬਰਾਬਰ ਦੇ ਪਹੀਏ ਬਣ ਕੇ ਨਾ ਸਿਰਫ਼ ਆਦਮੀ ਦੇ ਹਰ ਕਾਰਜ ਖੇਤਰ ਵਿੱਚ ਉਸਨੂੰ ਚੁਨੌਤੀ ਦੇਣਗੀਆਂ ਸਗੋਂ ਸਮਾਜ ਵਿੱਚ ਆਪਣਾ ਅਲੱਗ ਸਥਾਨ/ਸੰਸਥਾਵਾਂ/ਸੁਸਾਇਟੀਆਂ ਸਭਾਵਾਂ ਵਿੱਚ ਸਿਰ ਉੱਚਾ ਕਰਕੇ ਵਿਚਰਣਗੀਆਂ।
ਅਜਿਹੀਆਂ ਔਰਤਾਂ ਨੂੰ ਮੇਰਾ ਤਹਿ ਦਿਲੋਂ ਨਮਨ ਹੈ।
ਇਸ ਕਾਮਯਾਬ ਫੰਕਸ਼ਨ ਦੀ ਸ਼ੁਰੂਆਤ ਫੰਕਸ਼ਨ ਦੀਆਂ ਪ੍ਰਬੰਧਕਾਂ (ਗਗਨਦੀਪ ਚਾਹਲ, ਸੰਦੀਪ ਗਿੱਲ, ਸਿੰਮੀ ਮਾਨ, ਜੋਤ ਸਿੱਧੂ, ਸਿਮਰਨ ਸ਼ਰਮਾ ਅਤੇ ਰੁਪਿੰਦਰ ਕੌਰ) ਵੱਲੋਂ ਸਭਾ ਦੇ ਮੈਂਬਰਾਂ ਨੂੰ ਬੇਹੱਦ ਪਿਆਰ, ਸਤਿਕਾਰ ਅਤੇ ਖ਼ਲੂਸ ਨਾਲ ‘ਜੀ ਆਇਆਂ’ ਆਖ ਕੇ, ਪੂਰੇ ਮਾਨ ਸਨਮਾਨ ਨਾਲ, ਵਿੰਨੀਪੈਗ ਦੇ ‘ਯੂ ਆਰ ਬੈਂਕੁਇਟ ਹਾਲ’ ਦੇ ਚਾਹ ਪਾਣੀ ਵਾਲੇ ਸੈਕਸ਼ਨ ਵਿੱਚ ਬਿਠਾ ਕੇ ਹੋਈ। ਹਰ ਚੀਜ਼ ਦਾ ਸੱਚ ਮੁੱਚ ਬਹੁਤ ਹੀ ਵਧੀਆ ਪ੍ਰਬੰਧ ਸੀ, ਜਿਸਦਾ ਸਿਹਰਾ ਬੜੇ ਮਾਨ ਨਾਲ ਪ੍ਰਬੰਧਕਾਂ ਦੇ ਸਿਰ ਬੱਝਦਾ ਹੈ।
ਥੋੜ੍ਹੀ ਹੀ ਦੇਰ ਬਾਅਦ ਬੈਂਕੁਇਟ ਹਾਲ ਦੇ ਦੋਵੇਂ ਹਾਲ ਖਚਾਖੱਚ ਭਰ ਗਏ। ਚਾਰੇ ਪਾਸੇ ਬਹੁਤ ਸ਼ਾਨਦਾਰ ਅਤੇ ਖ਼ੂਬਸੂਰਤ ਗਹਿਣਿਆਂ ਕੱਪੜਿਆਂ ਵਿੱਚ ਸਜੀਆਂ ਹੋਈਆਂ ਤੇ ਪੂਰੇ ਆਤਮ ਵਿਸ਼ਵਾਸ਼ ਨਾਲ ਭਰੀਆਂ ਹੋਈਆਂ ਔਰਤਾਂ ਦਾ ਸਮੂਹ ਦਿਖਾਈ ਦੇਣ ਲੱਗਾ।
ਭਾਵੇਂ ਜ਼ਿਆਦਾਤਰ ਕੰਮਕਾਜੀ ਔਰਤਾਂ ਆਪਣੀਆ ਕੰਮਕਾਰ ਵਾਲੀਆਂ ਪੌਸ਼ਾਕਾਂ ਵਿੱਚ ਸਜੀਆਂ ਹੋਈਆਂ ਸਨ, ਪਰ ਹੰਸੂ ਹੰਸੂ ਕਰਦੇ ਅਤੇ ਆਤਮ ਸਨਮਾਨ ਨਾਲ ਭਰਪੂਰ ਐਨੇ ਚਿਹਰੇ ਕਦੀ ਦਿਖਾਈ ਨਹੀਂ ਦਿੱਤੇ। ਹਾਲ ਵਿੱਚ ਹਰ ਪੇਸ਼ੇ ਦੀਆਂ ਔਰਤਾਂ, ਡਾਕਟਰ, ਟੀਚਰ, ਇੰਜੀਨੀਅਰ, ਬ੍ਰੋਕਰ, ਰੀਅਲ ਅਸਟੇਟ ਵਿੱਚ ਸ਼ਾਮਲ, ਰੈਸਟੋਰੈਂਟ/ਹੋਟਲ ਇੰਡਸਟਰੀ ਨਾਲ ਜੁੜੇ, ਬੁਟੀਕ, ਬਿਊਟੀਸ਼ੀਅਨ, ਵਕੀਲ, ਪੱਤਰਕਾਰ, ਮੈਗਜ਼ੀਨ ਅਤੇ ਪੱਤਰਕਾਰਤਾ ਨਾਲ ਜੁੜੀਆਂ ਔਰਤਾਂ, ਸੰਪਾਦਕ, ਸਹਿ ਸੰਪਾਦਕ, ਸੰਸਥਾਪਕ, ਅਧਿਆਪਕ ਅਤੇ ਅਧਿਆਪਨ ਕਿੱਤੇ ਨਾਲ ਜੁੜੀਆਂ ਔਰਤਾਂ, ਰੰਗ ਮੰਚ/ਟੀ ਵੀ/ਨਾਟਕ ਤੇ ਹੋਮਿਓਪੈਥਿਕ ਡਾਕਟਰ, ਕਰਿਆਨੇ ਦੀ ਦੁਕਾਨ ਤੋਂ ਲੈ ਕੇ ਸੋਨੇ ਦੇ ਜ਼ੇਵਰਾਂ ਦੇ ਟਰੇਡ ਤੱਕ ਤੇ ਰੇਡੀਓ, ਟੀ ਵੀ ਤੋਂ ਲੈ ਕੇ ਫੋਟੋਗ੍ਰਾਫਿਕ ਇੰਡਸਟਰੀ, ਸੇਲਜ ਤੋਂ ਲੈ ਕੇ ਮਾਲਕ ਤੱਕ, ਆਦਮੀ ਦੇ ਇੱਕ-ਛਤਰ ਅਧਿਕਾਰ ਖੇਤਰ ਵਿੱਚ ਪੂਰਨ ਤਨਦੇਹੀ ਨਾਲ ਜ਼ਿੰਮੇਦਾਰੀ ਨਿਭਾਉਂਦੀਆਂ, ਸੱਭ ਮੌਜੂਦ ਸਨ।
ਨਾਸ਼ਤੇ ਤੋਂ ਬਾਅਦ ਤਾੜੀਆਂ ਦੀ ਗੂੰਜ ਨਾਲ ਸ਼ੁਰੂ ਹੋਇਆ ਆਪੋ ਆਪਣੀ ਅਤੇ ਆਪਣੇ ਕੰਮ ਦੀ ਸੰਖੇਪ ਜਾਣ-ਪਛਾਣ ਦਾ ਸਿਲਸਿਲਾ..। ਤਾੜੀਆਂ ਦੀ ਗੂੰਜ ਹਰ ਔਰਤ ਵਿੱਚ, ਉਸਨੂੰ ਖ਼ੁਦ ਨੂੰ ਆਪਣੇ ਕੰਮ ਪ੍ਰਤੀ ਪ੍ਰਸ਼ੰਸਾ ਤੇ ਆਤਮ ਵਿਸ਼ਵਾਸ਼ ਨਾਲ ਸਰਾਬੋਰ ਕਰ ਰਹੀ ਸੀ। ਨਾਲ ਦੀ ਨਾਲ ਉਹ ਆਪਣੇ ‘ਵਿਜ਼ਟਿੰਗ ਕਾਰਡ’ ਵੀ ਸੱਭ ਨੂੰ ਵੰਡ ਰਹੀਆਂ ਸਨ।
ਉਸਤੋਂ ਬਾਅਦ ਸ਼ੁਰੂ ਹੋਇਆ ਸੰਗੀਤ ਦਾ ਪ੍ਰੋਗਰਾਮ। ਜਿਸ ਵਿੱਚ ਸਰਦਾਰ ਅੰਮ੍ਰਿਤਪਾਲ ਸਿੰਘ ਕੰਗ ਦੇ ਬੇਟੇ ਯੁਵਰਾਜ ਨੇ ‘ਨੁਸਰਤ ਫਤਿਹ ਅਲੀ ਖ਼ਾਨ’ ਸਾਹਿਬ ਦੇ, ‘ਮੇਰੇ ਰਸ਼ਕੇ ਕ਼ਮਰ, ਤੂ ਨੇ ਪਹਿਲੀ ਨਜ਼ਰ…’ ਅਤੇ ਡਾਕਟਰ ਪ੍ਰਿਤ ਪਾਲ ਕੌਰ ਚਾਹਲ ਨੇ ਗਗਨਦੀਪ ਚਾਹਲ ਦੀ ਪੁਰਜ਼ੋਰ ਸਿਫਾਰਿਸ਼ ਤੇ ਆਪਣਾ ਮਨਪਸੰਦ “ਛੱਲਾ” ਸੁਣਾ ਕੇ ਮਾਹੌਲ ਵਿੱਚ ਰੰਗ ਬੰਨ੍ਹ ਦਿੱਤਾ ਅਤੇ ਸੱਭ ਦਾ ਮਨ ਜਿੱਤ ਲਿਆ।
ਫਿਰ ਸ਼ੁਰੂ ਹੋਇਆ ਸਵਾਲਾਂ ਜਵਾਬਾਂ ਦਾ, ਯਾਨੀ ਸਧਾਰਨ ਗਿਆਨ ਵਿਗਿਆਨ ਦਾ ਦੌਰ। ਜਿਸ ਵਿੱਚ ਹਰ ਜਿੱਤਣ ਵਾਲੇ ਨੂੰ ਪ੍ਰਬੰਧਕਾਂ ਵੱਲੋਂ ਇਨਾਮ ਤਕਸੀਮ ਕੀਤੇ ਗਏ।
ਉਸ ਤੋਂ ਬਾਅਦ ਇੱਕ ਡੌੰਗੇ ਵਿੱਚ ਇਕੱਠੀਆਂ ਕੀਤੀਆਂ ਹੋਈਆਂ ਟਿਕਟਾਂ ਦੀ ਲਾਟਰੀ ਕੱਢੀ ਗਈ। ਉਹਨਾਂ ਨੂੰ ਅਲੱਗ ਅਲੱਗ ਲੇਡੀਜ਼ ਦਵਾਰਾ ਇੱਕ ਇੱਕ ਕਰਕੇ ਖੋਲ੍ਹਿਆ ਗਿਆ ਤੇ ਇੱਕ ਇੱਕ ਕਰਕੇ ਨੰਬਰ ਬੋਲੇ ਗਏ ਅਤੇ ਇਨਾਮ ਵੰਡੇ ਗਏ। ਸੱਭ ਤੋੰ ਪਹਿਲਾ ਇਨਾਮ ਸੋਨੇ ਦਾ ਕੋਕਾ ਅਤੇ ਚਾਂਦੀ ਦੀਆਂ ਝਾਂਜਰਾਂ ਐਟਲਸ ਜਿਊਲਰਜ਼ ਅਤੇ ਅਰਦਾਸ ਜਿਊਲਰਜ਼ ਵੱਲੋਂ ਨਵਾਜ਼ੀਆਂ ਗਈਆਂ।
ਉੰਝ ਤਾਂ ਸੱਭ ਹੀ ਬਹੁਤ ਪਿਆਰੀਆਂ ਲੱਗ ਰਹੀਆਂ ਸਨ, ਪਰ “ਪੰਜਾਬ ਟੂ ਡੇਅ” ਵਾਲੇ ਸੰਪਾਦਕ, ਕਮਲੇਸ਼ ਸ਼ਰਮਾ ਜੀ ਤਾਂ ਐਨੇ ਖ਼ੂਬਸੂਰਤ ਲੱਗ ਰਹੇ ਸਨ ਜਿਵੇਂ “ਹੱਥ ਲਾਉਣ ਨਾਲ ਮੈਲਿਆਂ ਹੋਣ” ਵਾਲੀ ਕਹਾਵਤ ਸੱਚ ਕਰ ਰਹੇ ਹੋਣ…।
ਪਰਦੇਸ ਵਿੱਚ ਲਾੜੀ ਲਾੜੇ ਦੇ ਸੁਹਜ ਸ਼ਿੰਗਾਰ ਲਈ ਕੱਪੜਿਆਂ ਅਤੇ ਜੁੱਤੀਆਂ ਤੋੰ ਲੈ ਕੇ ਗਹਿਣਿਆਂ ਤੱਕ ਦੀ ਤਲਾਸ਼ ਅਤੇ ਖ਼ਰੀਦੋ-ਫਰੋਖ਼ਤ ਮੀਨਾ ਜੀ ਦੇ “ਤਲਾਸ਼” (ਬ੍ਰਾਈਡਲ ਤੇ ਅਸੈਸਰੀਜ਼) ਤੇ ਜਾ ਕੇ ਖ਼ਤਮ ਹੋ ਜਾਂਦੀ ਹੈ।
ਅਚਾਨਕ ਮੈਂ ਚਾਹ ਦਾ ਕੱਪ ਲੈਣ ਗਈ ਤਾਂ ਦੇਖਿਆ ਕਿ ਖਾਣ-ਪੀਣ ਵਾਲੇ ਮੁੱਖ ਕਾਊਂਟਰ ਦੇ ਦੋਵੇਂ ਪਾਸੇ ਔਰਤਾਂ ਦੀਆਂ ਲੰਮੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਕਾਊਂਟਰ ਦੇ ਇੱਕ ਪਾਸੇ ਤਾਜ਼ਾ ਤਾਜ਼ਾ, ਗਰਮਾ ਗਰਮ ਪਕੌੜੇ ਤੇ ਜਲੇਬੀਆਂ ਦੇ ਨਾਲ ਵੱਡਾ ਸਾਰਾ ਕੁੰਡ ਸਵਾਦਿਸ਼ਟ ਰਬੜੀ ਦਾ ਭਰਿਆ ਪਿਆ ਸੀ ਅਤੇ ਕਾਊਂਟਰ ਦੇ ਦੂਸਰੇ ਪਾਸੇ ਗੋਲ ਗੱਪਿਆਂ ਅਤੇ ਚਾਟ, ਟਿੱਕੀਆਂ ਵਾਲਿਆਂ ਨੂੰ ‘ਸਿਰ ਖੁਰਕਣ’ ਤਾਂ ਕੀ ‘ਸਿਰ ਚੁੱਕਣ’ ਦੀ ਵੀ ਵਿਹਲ ਨਹੀਂ ਸੀ।
ਪਰ ਅਜੇ ਫੰਕਸ਼ਨ ਦਾ ਇੱਕ ਖ਼ਾਸ ਭਾਗ ਬਾਕੀ ਸੀ। ਜੋ ਸੀ ਸਮਾਗਮ ਦੀ ਹੀ ਇੱਕ ਮੈਂਬਰ “ਕੁੱਲਰੀਤ ਬੇਕਸ ਐੰਡ ਬਾਈਟਸ” ਵੱਲੋਂ ਬਣਾਇਆ ਗਿਆ ਬਗ਼ੈਰ ਆਂਡਿਆਂ ਤੋਂ ਬਣਿਆ, ਬਹੁਤ ਹੀ ਸਵਾਦਲਾ ਕੇਕ ਸੀ, ਜਿਹੜਾ ਕਿ ਜਨਵਰੀ, ਫਰਵਰੀ ਅਤੇ ਮਾਰਚ ਮਹੀਨਿਆਂ ਵਿੱਚ ਜਨਮੀਆਂ ਔਰਤਾਂ ਦੇ ਜਨਮਦਿਨ ਦੇ ਮੌਕੇ ਤੇ ਕੱਟਿਆ ਗਿਆ। ਮੈਂ ਵੀ ਉਹਨਾਂ ‘ਚੋਂ ਇੱਕ ਸੀ।
ਫੰਕਸ਼ਨ ਦੀਆਂ ਸੱਭ ਫੋਟੋ, ‘ਸਾਹਿਬ ਫੋਟੋ ਸਟੂਡੀਓ ਦੀ ਬਹੁਤ ਹੀ ਕੁਸ਼ਲ ਫੋਟੋਗ੍ਰਾਫਰ ਜੀ.ਜੇ ਕੌਰ ਨੇ ਖਿੱਚੀਆਂ।
ਇਸਦੇ ਨਾਲ ਹੀ ਡਿੰਨਰ ਲੱਗ ਗਿਆ ਅਤੇ ਡੀ ਜੇ ਵੀ ਸ਼ੁਰੂ ਹੋ ਗਿਆ….।
ਮੈਂ ਤਹਿ ਦਿਲੋਂ ਗਗਨਦੀਪ ਚਾਹਲ ਦੀ ਬੇਹੱਦ ਸ਼ੁਕਰਗੁਜ਼ਾਰ ਹਾਂ ਜਿਸਨੇ ਮੈਨੂੰ ਐਨੇ ਸਫ਼ਲ ਅਤੇ ਸ਼ਾਨਦਾਰ ਫੰਕਸ਼ਨ ਦਾ ਹਿੱਸਾ ਬਣਨ ਅਤੇ ਸੱਭ ਨੂੰ ਮਿਲਣ ਦਾ ਮੌਕਾ ਦਿੱਤਾ।



