Jun 24, 2026

ਕੈਲਗਰੀ ( ਜੱਲੋਵਾਲੀਆ)- ਬੀਤੇ ਦਿਨ ਕੈਲਗਰੀ ਪੁਲਿਸ ਵੱਲੋਂ ਫਿਰੌਤੀਆਂ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਦੇ ਮਾਮਲੇ ਵਿਚ ਇਥੋ ਦੇ ਰਾਣਾ ਚੀਮਾ ਨਾਮ ਦੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।
ਕੈਲਗਰੀ ਪੁਲਿਸ ਨੇ 45 ਸਾਲਾ ਰਾਣਾ ਚੀਮਾ ਨੂੰ ਗ੍ਰਿਫਤਾਰ ਕਰਦਿਆਂ ਉਸਦੇ ਖਿਲਾਫ ਐਕਸਟੌਰਸ਼ਨ ਅਤੇ ਧਮਕੀਆਂ ਦੇਣ ਦੇ ਚਾਰਜ ਲਗਾਏ ਹਨ। ਪੁਲਿਸ ਮੁਤਾਬਕ ਮਾਰਚ 4 ਤੋਂ 22 ਤੱਕ ਇੱਕੋ ਲੜੀ ਵਿਚ ਵਾਪਰੀਆਂ ਘਟਨਾਵਾਂ ਜਿਨ੍ਹਾਂ ਵਿੱਚ ਗੋਲੀਬਾਰੀ, ਜਾਇਦਾਦ ਨੂੰ ਨੁਕਸਾਨ ਅਤੇ ਕੈਲਗਰੀ ਤੋਂ ਬਾਹਰ ਵੱਖ-ਵੱਖ ਡੇ-ਕੇਅਰ ਸੈਂਟਰਾਂ ਵਿਚ ਸ਼ੱਕੀ ਗਤੀਵਿਧੀਆਂ ਸ਼ਾਮਲ ਸਨ। ਇਹ ਸਭ ਘਟਨਾਵਾਂ ਐਕਸਟੌਰਸ਼ਨ ਦੀਆਂ ਕੋਸ਼ਿਸ਼ਾਂ ਨਾਲ ਜੁੜੀਆਂ ਹੋਈਆਂ ਮੰਨੀਆਂ ਜਾ ਰਹੀਆਂ ਹਨ।
ਪੁਲਿਸ ਜਾਂਚਕਰਤਾਵਾਂ ਅਨੁਸਾਰ ਮੁਲਜ਼ਮ ਵੱਡੀਆਂ ਰਕਮਾਂ ਅਤੇ ਵਪਾਰ ਉੱਤੇ ਕੰਟਰੋਲ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਅਧਿਕਾਰੀਆਂ ਨੇ ਕਿਹਾ ਕਿ ਬੱਚਿਆਂ ਨੂੰ ਕਿਸੇ ਖ਼ਤਰੇ ਦੀ ਸੰਭਾਵਨਾ ਨਹੀਂ ਸੀ, ਪਰ ਡੇ-ਕੇਅਰਾਂ ਵਾਲੀਆਂ ਥਾਵਾਂ ਨੂੰ ਧਿਆਨ ਵਿਚ ਰੱਖਦਿਆਂ ਇਨ੍ਹਾਂ ਧਮਕੀਆਂ ਨੂੰ ਬਹੁਤ ਗੰਭੀਰਤਾ ਨਾਲ ਲਿਆ ਗਿਆ।
ਹੋਰ ਜਾਣਕਾਰੀ ਮੁਤਾਬਿਕ ਰਾਣਾ ਚੀਮਾ 22 ਅਪ੍ਰੈਲ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਜਨਵਰੀ 2025 ਤੋਂ ਲੈ ਕੇ ਹੁਣ ਤੱਕ ਕੈਲਗਰੀ ਵਿਚ 41 ਤੋਂ ਉਪਰ ਫਿਰੌਤੀਆਂ ਅਤੇ ਧਮਕੀਆਂ ਦੀਆਂ ਵਾਰਦਾਤਾਂ ਦੇ ਕੇਸ ਦਰਜ ਹੋਏ ਹਨ। ਇਹਨਾਂ ਵਿਚੋਂ 18 ਕੇਸਾਂ ਵਿਚ ਘਰਾਂ, ਕਾਰੋਬਾਰ ਜਾਂ ਵਾਹਨਾਂ ਉੱਤੇ ਗੋਲੀਬਾਰੀ ਦੀਆਂ ਘਟਨਾਵਾਂ ਸ਼ਾਮਿਲ ਹਨ।