ਕੈਲਗਰੀ ( ਦਲਬੀਰ ਸਿੰਘ ਜੱਲੋਵਾਲੀਆ)- ਕੈਲਗਰੀ ਨਿਵਾਸੀ ਅੰਗਰੇਜ ਸਿੰਘ ਸਿੱਧੂ ਦੇ ਪਿਤਾ ਸ ਮੇਹਰ ਸਿੰਘ ਸਿੱਧੂ ਦੀ ਸਾਲਾਨਾ ਬਰਸੀ 6 ਅਪ੍ਰੈਲ ਨੂੰ ਮਨਾਈ ਜਾ ਰਹੀ ਹੈ। ਉਹਨਾਂ ਦਾ ਜਨਮ 14 ਅਗਸਤ 1946 ਨੂੰ ਮੋਗਾ ਜਿਲ੍ਹੇ ਦੇ ਮਸ਼ਹੂਰ ਪਿੰਡ ਦੌਧਰ ਵਿਖੇ ਮਾਤਾ ਸ਼ਾਮ ਕੌਰ ਦੀ ਕੁੱਖੋਂ ਪਿਤਾ ਸ ਗੁਰਬਖਸ਼ ਸਿੰਘ ਦੇ ਗ੍ਰਹਿ ਵਿਖੇ ਹੋਇਆ ਸੀ।
ਆਪ ਜੀ ਪੰਜ ਭਰਾ ਅਤੇ ਇੱਕ ਭੈਣ ਸਨ। ਸਰਦਾ ਪੁਜਦਾ ਜਿਮੀਂਦਾਰ ਪਰਿਵਾਰ ਸੀ। ਮੁੱਢਲੀ ਵਿੱਦਿਆ ਪਿੰਡ ਦੇ ਸਕੂਲ ਤੋਂ ਕੀਤੀ ਅਤੇ ਬਾਅਦ ਵਿਚ ਫ਼ੌਜ ਵਿਚ ਭਰਤੀ ਹੋ ਗਏ। ਆਪਨੇ ਫੌਜ ਵਿਚ ਨੌਕਰੀ ਦੌਰਾਨ 1965 ਅਤੇ 1971 ਦੀਆਂ ਦੋਵਾਂ ਜੰਗਾਂ ਵਿਚ ਭਾਗ ਲਿਆ। ਫ਼ੌਜ ਵਿੱਚੋਂ ਰਿਟਾਇਰ ਹੋਣ ਤੋਂ ਬਾਅਦ ਆਪ ਗੁਰਬਾਣੀ ਦੇ ਲੜ ਲਗਕੇ ਪਿੰਡ ਵਿਚ ਅਖੰਡ ਪਾਠਾਂ ਅਤੇ ਸਹਿਜ ਪਾਠਾਂ ਦੀ ਡਿਊਟੀ ਕਰਨ ਲੱਗੇ। ਆਪ ਦੇ ਦੋ ਪੁੱਤਰ ਅੰਗਰੇਜ਼ ਸਿੰਘ ਅਤੇ ਜਸਮੇਲ ਸਿੰਘ ਹਨ। ਵੱਡਾ ਸਪੁੱਤਰ 1995 ਵਿਚ ਕੈਨੇਡਾ ਪ੍ਰਵਾਸ ਕਰ ਆਇਆ । 1998 ਵਿਚ ਮੇਹਰ ਸਿੰਘ ਵੀ ਪੱਕੇ ਤੌਰ ਤੇ ਕੈਨੇਡਾ ਆ ਗਏ। ਕੈਨੇਡਾ ਵਿਚ ਰਹਿ ਕੇ ਗੁਰਬਾਣੀ ਨਾਲ ਜੁੜੇ ਰਹੇ ਤੇ ਵਧੀਆ ਜੀਵਨ ਬਤੀਤ ਕੀਤਾ। 6 ਅਪ੍ਰੈਲ 2021 ਨੂੰ ਆਪ ਸਰੀਰਕ ਯਾਤਰਾ ਪੂਰੀ ਕਰਕੇ ਸੱਚਖੰਡ ਪਿਆਨਾ ਕਰ ਗਏ। ਆਪ ਦੇ ਸਦੀਵੀ ਵਿਛੋੜੇ ਉਪਰੰਤ ਆਪਜੀ ਸਪੁੱਤਰ ਦੇ ਅੰਗਰੇਜ ਸਿੰਘ ਸਿੱਧੂ ਨੇ ਆਪ ਜੀ ਦੀ ਯਾਦ ਵਿਚ ਮੇਹਰ ਸਪੋਰਟਸ ਐਂਡ ਵੈੱਲਫੇਅਰ ਕਲੱਬ ਦੌਧਰ, ਕੈਲਗਰੀ ਦੀ ਸਥਾਪਨਾ ਕੀਤੀ। ਕਲੱਬ ਵਲੋਂ ਹਰ ਸਾਲ ਉਹਨਾਂ ਦੀ ਯਾਦ ਵਿਚ ਖੇਡਾਂ ਤੇ ਸਮਾਜ ਸੇਵਾ ਦੇ ਖੇਤਰ ਵਿਚ ਯੋਗਦਾਨ ਪਾਇਆ ਜਾਂਦਾ ਹੈ।
