ਕੈਲਗਰੀ (ਦਲਵੀਰ ਜੱਲੋਵਾਲੀਆ)- ਬੀਤੀ 4 ਅਪ੍ਰੈਲ ਦਿਨ ਸ਼ਨੀਵਾਰ ਨੂੰ ਪੰਜਾਬੀ ਗਾਇਕੀ ਦੇ ਮਾਣ ਗੁਰਦਾਸ ਮਾਨ ਦੇ ਲਾਈਵ ਕਨਸਰਟ ਨੇ ਬੀਐਮਓ ਸੈਂਟਰ ਵਿੱਚ ਰਿਕਾਰਡ ਤੋੜ ਹਾਜ਼ਰੀ ਨਾਲ ਨਵਾਂ ਇਤਿਹਾਸ ਸਿਰਜ ਦਿੱਤਾ। ਸ਼ੋਅ ਪੂਰੀ ਤਰ੍ਹਾਂ “ਸੋਲਡ ਆਊਟ” ਰਿਹਾ, ਜਿੱਥੇ ਹਰ ਵਰਗ ਦੇ ਦਰਸ਼ਕਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਦੇ ਹੋਏ ਪੰਜਾਬੀ ਸੰਗੀਤ ਲਈ ਆਪਣਾ ਉਤਸ਼ਾਹ ਦਰਸਾਇਆ ਤੇ ਗੁਰਦਾਸ ਮਾਣ ਲਈ ਅਥਾਹ ਪਿਆਰ।
ਇਸ ਯਾਦਗਾਰੀ ਪ੍ਰੋਗਰਾਮ ਦੀ ਕਾਮਯਾਬੀ ਵਿੱਚ ਪ੍ਰਮੋਟਰ ਸੈਮ ਝੱਜ ਤੇ ਜੱਸੀ ਨਈਅਰ ਅਤੇ ਉਨ੍ਹਾਂ ਦੀ ਟੀਮ ਦੀ ਯੋਜਨਾਬੱਧ ਮਿਹਨਤ ਅਹਿਮ ਰਹੀ। ਗੁਰਦਾਸ ਮਾਨ ਨੇ ਆਪਣੇ ਮਸ਼ਹੂਰ ਗੀਤਾਂ ਦੀ ਪੇਸ਼ਕਾਰੀ ਨਾਲ ਸ਼ੋਅ ਨੂੰ ਰੰਗਤ ਦਿੱਤੀ ਅਤੇ ਦਰਸ਼ਕਾਂ ਨੂੰ ਸ਼ੁਰੂ ਤੋਂ ਅੰਤ ਤੱਕ ਮੰਚ ਨਾਲ ਜੋੜੀ ਰੱਖਿਆ। ਪੰਜਾਬੀ ਗਾਇਕੀ ਦੇ “ਬਾਬਾ ਬੋਹੜ” ਵਜੋਂ ਮੰਨੇ ਜਾਣ ਵਾਲੇ ਕਲਾਕਾਰ ਨੇ ਇਕ ਵਾਰ ਫਿਰ ਆਪਣੀ ਵਿਲੱਖਣ ਕਲਾ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਦਿਆਂ ਇਹ ਸਾਬਿਤ ਕਰ ਦਿੱਤਾ ਕਿ ਉਹ ਅੱਜ ਵੀ ਪੰਜਾਬੀ ਗਾਇਕੀ ਦਾ ਸ਼ਾਹ ਅਸਵਾਰ ਹੈ।
ਇਸੇ ਦੌਰਾਨ ਪ੍ਰੋਮੋਟਰ ਸੈਮ ਝੱਜ ਤੇ ਜੱਸੀ ਨਈਅਰ ਨੇ ਸ਼ੋਅ ਦੀ ਸਫਲਤਾ ਤੇ ਸਹਿਯੋਗ ਲਈ ਸੰਗੀਤ ਪ੍ਰੇਮੀਆਂ ਤੇ ਪੰਜਾਬੀ ਭਾਈਚਾਰੇ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ।














