Apr 23, 2026

– ਜਸਵੀਰ ਸਿੰਘ ਭਲੂਰੀਆ-(  +1-236-622-7799)-

ਜਦ ਕੋਈ ਪ੍ਰਕਾਸ਼ ਰੂਪੀ ਵਿਚਾਰ ਪ੍ਰਿਜ਼ਮ ਰੂਪੀ ਸ਼ਾਇਰ ਦੇ ਜਿਹਨ ਵਿੱਚੋਂ ਗੁਜਰਦਾ ਹੈ ਤਾਂ…. ਸਤਰੰਗੀ ਪੀਂਘ ਵਰਗੀ ਕਵਿਤਾ ਪ੍ਰਗਟ ਹੁੰਦੀ ਹੈ।
ਪਰ ਜੇ ਸ਼ਾਇਰ ਕਵਿੰਦਰ ਚਾਂਦ ਹੋਵੇ, ਫਿਰ ਰੰਗਾਂ ਦੀ ਗਿਣਤੀ ਸੱਤ ਤੱਕ ਸੀਮਿਤ ਨਹੀਂ ਰਹਿੰਦੀ। ਜਦ ਕਵਿੰਦਰ ਚਾਂਦ ‘ਸੋਹਣੀਆਂ ਪੱਗਾਂ’ ਗ਼ਜ਼ਲ ਸਿਰਜਦਾ ਹੈ ਤਾਂ ਉਹ ਆਪਣੀ ਗ਼ਜ਼ਲ ਵਿੱਚ ਬੇਅੰਤ ਰੰਗ ਸਮੇਟ ਲੈਂਦਾ ਹੈ। ਕਿਉਂਕਿ ਜਦੋਂ ਅਸੀਂ ਕਿਸੇ ਮੇਲੇ ਤੇ ਪੱਗਾਂ ਦੇ ਰੰਗ ਦੇਖਦੇ ਹਾਂ ਜਾਂ ਨਗਰ ਕੀਰਤਨ ਦੇ ਜਲੌਅ ਨੂੰ ਮਾਣਦੇ ਹਾਂ ਤਾਂ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਕੁਦਰਤ ਨੇ ਸਮੁੱਚੀ ਕਾਇਨਾਤ ਦੇ ਰੰਗ-ਬਿਰੰਗੇ ਫੁੱਲਾਂ ਨੂੰ ਇੱਕ ਗੁਲਦਸਤੇ ਵਿੱਚ ਚਿਣ ਦਿੱਤਾ ਹੋਵੇ। ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਗੁਰੂ ਸਾਹਿਬਾਨ ਦੀ ਬਖਸ਼ਿਸ਼ ਨਾਲ ਇਹ ਅਨੰਤ ਰੰਗ ਸਾਡੀ ਕੌਮ ਦੇ ਹਿੱਸੇ ਹੀ ਆਏ ਹਨ। ਇਹ ਤਾਂ ਉਹ ਰੰਗ ਹਨ ਜੋ ਅਸੀਂ ਆਪਣੀਆਂ ਅੱਖਾਂ ਨਾਲ ਦੇਖਦੇ ਹਾਂ, ਜੋ ਸਾਡੇ ਮਨ ਨੂੰ ਭਾਉਂਦੇ ਹਨ। ਪਰ ਕਵਿੰਦਰ ਚਾਂਦ ਨੇ ਉਹ ਰੰਗ ਵੀ ਆਪਣੀ ਗ਼ਜ਼ਲ ‘ਸੋਹਣੀਆਂ ਪੱਗਾਂ’ ਵਿੱਚ ਭਰੇ ਹਨ ਜੋ ਸਿਰਫ਼ ਮਹਿਸੂਸ ਕੀਤੇ ਜਾ ਸਕਦੇ ਹਨ, ਇਨਾਂ ਰੰਗਾਂ ਦੇ ਅਰਥ ਬਹੁਤ ਵੱਡੇ ਹਨ। ਇਹ ਰੰਗ ਹਨ…. ਅਣਖ ਦਾ ਰੰਗ, ਸੂਰਬੀਰਤਾ ਦਾ ਰੰਗ, ਜ਼ਜ਼ਬਾਤ ਦਾ ਰੰਗ, ਜਿੰਮੇਵਾਰੀ ਦਾ ਰੰਗ, ਚਿੰਤਾ ਦਾ ਰੰਗ, ਚਿੰਤਨ ਦਾ ਰੰਗ,ਉਲਾਂਭੇ ਦਾ ਰੰਗ, ਦੇਸ਼ ਪਿਆਰ ਦਾ ਰੰਗ, ਮਾਣ-ਸਨਮਾਨ ਦਾ ਰੰਗ। ਜਦੋਂ ਅਸੀਂ ‘ਸੋਹਣੀਆਂ ਪੱਗਾਂ’ ਗ਼ਜ਼ਲ ਸੁਣਦੇ ਹਾਂ ਤਾਂ ਇੱਕੋ ਸਮੇਂ ਅਨੇਕਾਂ ਰਸ-ਰੰਗ ਮਾਣਦੇ ਹਾਂ ਅਤੇ ਮਾਣ ਮਹਿਸੂਸ ਕਰਦੇ ਹਾਂ।
ਜਦੋਂ ਤੱਕ ਕੋਈ ਰਚਨਾ ਡਾਇਰੀ ਵਿੱਚ ਬੰਦ ਹੁੰਦੀ ਹੈ, ਓਦੋਂ ਤੱਕ ਉਹ ਕੁਆਰੀ ਕੰਨਿਆਂ ਵਾਂਗ ਹੁੰਦੀ ਹੈ ਜੋ ਕਿ ਸਮਾਜ ਵੱਲੋ ਸਿਰਜੇ ਹੋਏ ਦਾਇਰੇ ਵਿੱਚ ਰਹਿੰਦੀ ਹੈ। ਜਦ ਉਸ ਨੇ ਅਗਲੇ ਘਰ ਜਾਂ ਆਪਣੇ ਘਰ ਜਾਣਾ ਹੁੰਦਾ ਹੈ ਤਾਂ ਉਸ ਨੂੰ ਹਾਰ-ਸ਼ਿੰਗਾਰ ਲਾ ਕੇ, ਗਹਿਣੇ-ਗੱਟੇ ਪਾ ਕੇ ਸ਼ਗਨਾਂ ਨਾਲ ਤੋਰਿਆ ਜਾਂਦਾ ਹੈ। ਵਿਆਹ ਤੋਂ ਬਾਅਦ ਫਿਰ ਉਹ ਲੜਕੀ ਬਤੌਰ ਇੱਕ ਔਰਤ ਦੁਨੀਆਂ ਵਿੱਚ ਖੁੱਲ੍ਹ ਕੇ ਵਿਚਰਦੀ ਹੈ। ਇਹੀ ਸ਼ਲਾਘਾਯੋਗ ਅਤੇ ਪਵਿੱਤਰ ਕਾਰਜ ਸੁਰਜੀਤ ਸਿੰਘ ਮਾਧੋਪੁਰੀ ਸਾਹਿਬ ਨੇ ਕੀਤਾ ਹੈ। ਕਵਿੰਦਰ ਚਾਂਦ ਦੀ ਗ਼ਜ਼ਲ ਨੂੰ ਇਨ੍ਹਾਂ ਨੇ ਇੱਕ ਨਹੀਂ ਦੋ ਸੁਰੀਲੀਆਂ ਅਤੇ ਬੁਲੰਦ ਅਵਾਜ਼ਾਂ (ਖੁਦ ਸੁਰਜੀਤ ਸਿੰਘ ਮਾਧੋਪੁਰੀ ਅਤੇ ਬਿੱਟੂ ਖੰਨੇਵਾਲਾ) ਨਾਲ ਨਿਵਾਜ ਕੇ,ਮਹਾਨ ਸੰਗੀਤਕਾਰ ਲਾਲ ਕਮਲ ਦੇ ਸੰਗੀਤ ਨਾਲ ਸ਼ਿੰਗਾਰ ਕੇ, ਪਿਆਰੀ ਅਤੇ ਮਿਆਰੀ ਵੀਡੀਓ ਵਿੱਚ ਪਰੋ ਕੇ, ਆਦਿ ਕਾਲ ਤੋਂ ਮਰਦ ਦੇ ਸਿਰ ਦਾ ਤਾਜ ਸਮਝੀ ਜਾਂਦੀ ਪੱਗ ਦੇ ਮਾਣ ਵਿੱਚ ਮਣਾਂਮੂੰਹੀਂ ਵਾਧਾ ਕਰ ਦਿੱਤਾ ਹੈ। ਬਿਨਾਂ ਸ਼ੱਕ ਮਾਧੋਪੁਰੀ ਜੀ ਨੇ ਬਹੁਤ ਮਿਹਨਤ ਅਤੇ ਮਾਇਆ ਖਰਚ ਕੀਤੀ ਹੈ। ਮਾਧੋਪੁਰੀ ਸਾਹਿਬ ਅਤੇ ਸਮੁੱਚੀ ਟੀਮ ਦੇ ਇਸ ਕਾਰਜ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ, ਥੋੜੀ ਹੈ। ਹੋਰ ਮਾਣ ਵਾਲੀ ਗੱਲ ਇਹ ਹੈ ਕਿ ਇਸ ਸੁਚੱਜੇ ਅਤੇ ਪਵਿੱਤਰ ਕਾਰਜ ਲਈ, ਸਮੁੱਚੀ ਟੀਮ ਨੂੰ, ਮਹਾਨ ਸਮਾਜਸੇਵੀ, ਪੰਜਾਬੀ ਮਾਂ ਬੋਲੀ ਦਾ ਮਾਣ ਅਤੇ ਪੰਜਾਬੀ ਭਵਨ ਸਰੀ ਦੇ ਮੁੱਖ ਸੰਚਾਲਕ ਸ: ਸੁਖਜਿੰਦਰ ਸਿੰਘ ਉਰਫ਼ ਸੁੱਖੀ ਬਾਠ ਜੀ ਦਾ ਭਰਪੂਰ ਸਹਿਯੋਗ ਮਿਲਿਆ ਹੈ। ਇਸ ਦੇ ਨਾਲ-ਨਾਲ ਕੈਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਆਫ ਬੀ. ਸੀ. ਦਾ ਵੀ ਪੂਰਨ ਸਹਿਯੋਗ ਮਿਲਿਆ ਹੈ।
ਅੱਜ ਜਦੋਂ ਬਹੁਤ ਹੀ ਘਟੀਆ ਕਿਸਮ ਦੀ ਗੀਤਕਾਰੀ ਅਤੇ ਗਾਇਕੀ ਸਾਡੇ ਨੌਜਵਾਨਾਂ ਦੇ ਕੰਨਾਂ ਵਿੱਚ ਠੂਸੀ ਜਾ ਰਹੀ,ਜਿਸ ਨੇ ਸਾਡੀ ਨੌਜਵਾਨੀ ਦੀ ਦਿਸ਼ਾ ਹੀ ਬਦਲ ਕੇ ਰੱਖ ਦਿੱਤੀ ਹੈ। ਅਜਿਹੇ ਸਮੇਂ ‘ਸੋਹਣੀਆਂ ਪੱਗਾਂ’ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ। ਅਸੀਂ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਇਸ ਪੇਸ਼ਕਾਰੀ ਨੂੰ ਹਰ ਪੰਜਾਬੀ ਨਿੱਠ ਕੇ ਸੁਣੇ, ਦੇਖੇ ਅਤੇ ਮਾਣੇਂ ਤਾਂ ਕਿ ਗੁੰਮਰਾਹ ਹੋਈ ਨੌਜਵਾਨੀ ਨੂੰ ਆਪਣੇ ਫ਼ਰਜ਼ ਅਤੇ ਰੁਤਬੇ ਦਾ ਅਹਿਸਾਸ ਹੋ ਸਕੇ। ਸੋ ਸਾਨੂੰ ਸਭ ਨੂੰ ਵੱਡੀ ਉਮੀਦ ਹੈ ਕਿ ‘ਸੋਹਣੀਆਂ ਪੱਗਾਂ’ ਪੰਜਾਬੀ ਪੱਗ ਦੇ ਸ਼ਮਲੇ ਨੂੰ ਹੋਰ ਉੱਚਾ ਕਰਨਗੀਆਂ। ਸਮੁੱਚੀ ਟੀਮ ਨੂੰ ਸਾਡੇ ਵੱਲੋਂ ਢੇਰ ਸਾਰੀਆਂ ਮੁਬਾਰਕਾਂ।

Leave a Reply

Your email address will not be published. Required fields are marked *