ਲੁਧਿਆਣਾ- ਸਾਬਕਾ ਚੇਅਰਮੈਨ ਸ ਅਜਮੇਰ ਸਿੰਘ ਢਿੱਲੋਂ ਨੇ ਵੇਰਕਾ ਮਿਲਕ ਪਲਾਂਟ ਲੁਧਿਆਣਾ ਦੇ ਫੇਲ੍ਹ ਤੇ ਗੈਰਮਿਆਰੀ ਹੋ ਰਹੇ ਉਤਪਾਦਾਂ ਦੀਆਂ ਖਬਰਾਂ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਦੁਨੀਆਂ ਦਾ ਸੱਭ ਤੋਂ ਵਧੀਆ ਵੇਰਕਾ ਬਰਾਂਡ ਜਿਸ ਉੱਪਰ ਲੋਕਾਂ ਦਾ ਵਿਸ਼ਵਾਸ ਹੋਵੇ, ਉਸ ਦੀਆਂ ਬਣੀਆਂ ਵਸਤਾਂ ਮਿਆਰੀ ਮਾਪਦੰਡ ਉਪਰ ਫੇਲ ਹੋ ਰਹੀਆਂ ਹੋਣ। ਜਿਥੇ ਇਹ ਵਿਭਾਗ ਦੀ ਨਲਾਇਕੀ ਹੈ ਉਥੇ ਕਾਲਾ ਬਜ਼ਾਰੀ ਕਰਨ ਵਾਲੇ ਤੇ ਮੋਟੀਆਂ ਤਨਖਾਹਾਂ ਲੈਣ ਵਾਲੇ ਹੀ ਇਸ ਨੂੰ ਬਰਬਾਦ ਕਰ ਰਹੇ ਹਨ। ਉਹਨਾਂ ਦੱਸਿਆ ਕਿ ਜਦੋਂ ਉਹ ਖੁਦ ਮਿਲਕ ਪਲਾਂਟ ਵੇਰਕਾ ਲੁਧਿਆਣਾ ਦੇ ਚੇਅਰਮੈਨ ਸਨ ਤਾਂ ਉਸ ਸਮੇਂ ਵੀ ਇਸ ਦੇ ਭਾਂਡੇ ਖਾਲੀ ਖੜਕਦੇ ਸਨ। ਉਹਨਾਂ ਚੇਅਰਮੈਨ ਬਣਦਿਆਂ ਪਹਿਲਾਂ ਇਸ ਦੇ ਖਾਲੀ ਭਾਂਡੇ ਭਰੇ ਸਨ ਫੇਰ ਇਸ ਨੂੰ ਮੁਨਾਫ਼ੇ ਦਾ ਧੰਦਾ ਬਣਾਇਆ । ਅਸੀ ਤਿੰਨ ਗੁਣਾ ਵਾਧਾ ਕੇ ਲੈਕੇ ਗਏ ਸੀ। ਇਹ ਅਹੁਦਾ ਸੰਭਾਲਣ ਤੋਂ ਪਹਿਲਾਂ ਮੈਂ ਕਟਾਣਾ ਸਾਹਿਬ ਗੁਰਦੁਆਰਾ ਸਹਿਬ ਵਿਖੇ ਸਹੁੰ ਖਾਧੀ ਸੀ ਕਿ ਇਸ ਦੁੱਧ ਦੇ ਧੰਦੇ ਨੂੰ ਕਿਸਾਨਾਂ ਲਈ ਲਾਹੇ ਦਾ ਧੰਦਾ ਬਣਾਵਾਂਗਾ ਅਤੇ ਬਣਾਇਆ ਵੀ । ਕਾਲੀਆਂ ਰਾਤਾਂ ਦੇ ਹਨੇਰਿਆਂ ਵਿਚ ਛਾਪੇਮਾਰੀ ਕਰਕੇ ਦੁੱਧ ਦੇ ਟੈਕਰਾਂ ਵਿੱਚ ਨਹਿਰਾਂ ਤੇ ਪਾਏ ਜਾਂਦੇ ਪਾਣੀ ਦੀ ਮਿਲਾਵਟ ਨੂੰ ਰੋਕਿਆ। ਸਾਡੇ ਬਜ਼ੁਰਗ ਆਖਿਆ ਕਰਦੇ ਸਨ ਦੁੱਖ ਪੁੱਤ ਦੀ ਚੋਰੀ ਕਦੇ ਵੀ ਨਹੀਂ ਕਰਨੀ ਚਾਹੀਦੀ। ਮੈਂ ਚੇਅਰਮੈਨ ਵਜੋਂ ਲੋਕਾਂ ਦੀ ਸੇਵਾ ਨੂੰ ਆਪਣਾ ਪਹਿਲਾ ਫਰਜ਼ ਸਮਝਿਆ। ਉਹਨਾਂ ਸਰਕਾਰ ਉਪਰ ਤਨਜ਼ ਕਸਦਿਆਂ ਕਿਹਾ ਕਿ ਸਰਕਾਰ ਨਾਮ ਦੀ ਕੋਈ ਚੀਜ਼ ਹੀ ਨਹੀਂ। ਉਹਨਾਂ ਇਹ ਵੀ ਕਿਹਾ ਕਿ ਮੇਰੇ ਸਮੇਂ ਵੇਰਵਾ ਮਿਲਕ ਪਲਾਂਟ ਲੁਧਿਆਣਾ ਨੂੰ ਲੁਟਣ ਵਾਲਿਆਂ ਤੇ ਮੈਂ ਪਰਚੇ ਦਿੱਤੇ ਸਨ ਤੇ ਉਹ ਅੱਜ ਤੱਕ ਵੀ ਤਰੀਕਾਂ ਭੁਗਤ ਰਹੇ ਹਨ। ਇਹ ਕਿਸਾਨਾਂ ਦਾ ਲਾਹੇ ਦਾ ਧੰਦਾ ਹੈ ਜਿਸ ਨੂੰ ਤਤਕਾਲੀ ਮੁਖ ਮੰਤਰੀ ਸ ਪ੍ਰਤਾਪ ਸਿੰਘ ਕੈਰੋਂ ਨੇ ਅੰਮ੍ਰਿਤਸਰ ਦੇ ਵੇਰਕਾ ਪਿੰਡ ਤੋਂ ਸ਼ੁਰੂ ਕੀਤਾ ਅਤੇ ਪੰਜਾਬ ਦੇ ਕੋਨੇ ਕੋਨੇ ਵਿੱਚ ਪਹੁੰਚਾਇਆ। ਅੱਜ ਵਿਭਾਗ ਅਤੇ ਸਰਕਾਰ ਦੀ ਨਲਾਇਕੀ ਕਾਰਨ ਇਹ ਫੇਰ ਘਾਟੇ ਵਿੱਚ ਚਲਾ ਗਿਆ। ਉਹਨਾਂ ਪੰਜਾਬੀ ਦੀ ਮਾਨ ਸਰਕਾਰ ਤੋਂ ਇਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਮੰਗ ਕੀਤੀ ਹੈ।
