ਸੁਖਵਿੰਦਰ ਸਿੰਘ ਚੋਹਲਾ–
ਪ੍ਰਧਾਨ ਮੰਤਰੀ ਕਾਰਨੀ ਵਲੋਂ ਹਾਊਸ ਆਫ ਕਾਮਨਜ ਵਿਚ ਬਹੁਮਤ ਪ੍ਰਾਪਤੀ ਲਈ ਦੂਸਰੀਆਂ ਪਾਰਟੀਆਂ ਦੇ ਐਮ ਪੀਜ਼ ਨੂੰ ਦਲਬਦਲੀ ਲਈ ਲਗਾਤਾਰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਕਾਰਨੀ ਦੀ ਘੱਟ ਗਿਣਤੀ ਸਰਕਾਰ ਬਣਨ ਦੇ ਇਕ ਸਾਲ ਦੇ ਅੰਦਰ ਬੀਤੇ ਦਿਨ 5ਵੀਂ ਦਲਬਦਲੀ ਸਾਹਮਣੇ ਆਈ ਹੈ। ਸਾਰਨੀਆ ਤੋਂ ਕੰਸਰਵੇਟਿਵ ਐਮ ਪੀ ਗਲੈਡੂ ਦੇ ਲਿਬਰਲ ਵਿਚ ਸ਼ਾਮਿਲ ਹੋਣ ਤੋਂ ਪਹਿਲਾਂ ਨੋਵਾ ਸਕੋਸ਼ੀਆ ਤੋਂ ਕੰਸਰਵੇਟਿਵ ਐਮ ਪੀ ਕ੍ਰਿਸ ਡੀਐਂਟਰਮੌਂਟ, ਮਾਰਖਮ ਤੋਂ ਕੰਸਰਵੇਟਿਵ ਐਮ ਪੀ ਮਾਈਕਲ ਮਾ, ਐਡਮਿੰਟਨ ਤੋਂ ਕੰਸਰਵੇਟਿਵ ਐਮ ਪੀ ਮੈਟ ਜਨਰੌਕਸ ਅਤੇ ਨੂਨਾਵਤ ਤੋਂ ਐਨ ਡੀ ਪੀ ਦੀ ਐਮ ਪੀ ਲੌਰੀ ਇਡਲੌਟ ਲਿਬਰਲ ਪਾਰਟੀ ਵਿਚ ਸ਼ਾਮਿਲ ਹੁੰਦਿਆਂ ਸਰਕਾਰ ਦਾ ਹਿੱਸਾ ਬਣ ਚੁੱਕੇ ਹਨ। ਹਾਊਸ ਆਫ ਕਾਮਨਜ਼ ਵਿਚ ਕਾਰਨੀ ਸਰਕਾਰ ਨੂੰ ਬਹੁਮਤ ਲਈ 172 ਸੀਟਾਂ ਦੀ ਜ਼ਰੂਰਤ ਹੈ ਜਿਸਦੇ ਉਹ ਨੇੜੇ ਪੁੱਜ ਗਏ ਹਨ। ਪ੍ਰਧਾਨ ਮੰਤਰੀ ਕਾਰਨੀ ਵਲੋਂ ਇਸ ਦਲਬਦਲੀ ਨੂੰ ਲਿਬਰਲ ਸੋਚ ਦੀ ਜਿੱਤ ਅਤੇ ਦੇਸ਼ ਨੂੰ ਮਜਬੂਤ ਬਣਾਉਣ ਲਈ ਯਤਨਾਂ ਦਾ ਹਿੱਸਾ ਦੱਸਿਆ ਜਾ ਰਿਹਾ ਹੈ ਪਰ ਇਸਦੇ ਨਾਲ ਪਾਰਟੀ ਉਪਰ ਸੱਤਾ ਅਤੇ ਸਰਕਾਰ ਚਲਾਉਣ ਲਈ ਪਾਰਟੀ ਦੇ ਮੁੱਢਲੇ ਸਿਧਾਂਤਾਂ ਨੂੰ ਤਿਲਾਂਜਲੀ ਦੇਣ ਦੇ ਵੀ ਦੋਸ਼ ਲੱਗ ਰਹੇ ਹਨ। ਕੈਨੇਡੀਅਨ ਪਾਰਲੀਮਾਨੀ ਇਤਿਹਾਸ ਵਿਚ ਭਾਵੇਂਕਿ ਦਲਬਦਲੀ ਆਮ ਹੁੰਦੀ ਆਈ ਹੈ ਅਤੇ ਦਲਬਦਲੀ ਵਿਰੋਧੀ ਕੋਈ ਵੀ ਕਨੂੰਨ ਨਹੀ ਹੈ ਪਰ ਇਸਦੇ ਨਾਲ ਇਕ ਖਾਸ ਪਾਰਟੀ ਵਲੋਂ ਚੁਣੇ ਜਾਣ ਅਤੇ ਤੇ ਫਿਰ ਆਪਣੇ ਵੋਟਰਾਂ ਦੀ ਰਾਇ ਜਾਣੇ ਬਿਨਾਂ ਕਿਸੇ ਹੋਰ ਪਾਰਟੀ ਵਿਚ ਚਲੇ ਜਾਣਾ, ਸਿਆਸੀ ਮੌਕਾਪ੍ਰਸਤੀ ਮੰਨਿਆ ਜਾਂਦਾ ਹੈ। ਪਿਛਲੇ ਦਿਨੀਂ ਕੰਸਰਵੇਟਿਵ ਪਾਰਟੀ ਦੀ ਸੀਨੀਅਰ ਮੈਂਬਰ ਮੈਰੀਲਿਨ ਗਲੈਡੂ ਦੇ ਲਿਬਰਲ ਵਿਚ ਜਾਣ ਤੇ ਸਿਆਸੀ ਹਲਕਿਆਂ ਵਿਚ ਇਸ ਨੂੰ ਵੱਡੀ ਮੌਕਾਪ੍ਰਸਤੀ ਅਤੇ ਹਲਕੇ ਦੇ ਵੋਟਰਾਂ ਨਾਲ ਧੋਖਾ ਕਿਹਾ ਜਾ ਰਿਹਾ ਹੈ। ਚਰਚਾ ਹੈ ਕਿ ਮੈਰੀਲਿਨ ਗਲੈਡੂ ਦੀ ਕੰਸਰਵੇਟਿਵ ਵਿਚਾਰਧਾਰਾ, ਲਿਬਰਲ ਸਿਧਾਂਤਾਂ ਦੇ ਬਿਲਕੁਲ ਉਲਟ ਹੈ ਪਰ ਬਹੁਮਤ ਪ੍ਰਾਪਤ ਦੇ ਲਾਲਚ ਵਿਚ ਉਸਨੂੰ ਲਿਬਰਲ ਪਾਰਟੀ ਵਿਚ ਸ਼ਾਮਿਲ ਕਰ ਲਿਆ ਗਿਆ। ਇਸ ਦਲਬਦਲੀ ਦੇ ਮੁੱਦੇ ਉਪਰ ਉਘੀ ਕਾਲਮਨਵੀਸ ਰੌਬਿਨ ਉਰਬੈਕ ਦੇ ਵਿਚਾਰ ਪੜਨਯੋਗ ਹਨ-
“ਇੱਕ ਸੰਸਦ ਮੈਂਬਰ ਹੋਣ ਦੀ ਅਸਲ ਪਹਿਚਾਣ ਆਪਣੇ ਹਲਕੇ ਦੀ ਨੁਮਾਇੰਦਗੀ ਕਰਨਾ ਹੈ,” ਇੱਕ ਕੰਸਰਵੇਟਿਵ ਸੰਸਦ ਮੈਂਬਰ ਨੇ ਜਨਵਰੀ ਵਿੱਚ ਇੱਕ ਸਥਾਨਕ ਓਨਟਾਰੀਓ ਅਖਬਾਰ ਨੂੰ ਦਿੱਤੇ ਇਕ ਬਿਆਨ ਵਿਚ ਕਿਹਾ ਸੀ ਕਿ , ਜਦੋਂ ਇੱਕ ਸੰਸਦ ਮੈਂਬਰ ਦਲ ਬਦਲੀ ਕਰਦਾ ਹੈ ਤਾਂ ਉਸਦੇ ਹਲਕੇ ਵਿਚ ਆਪਣੇ ਆਪ ਉਪ ਚੋਣ ਕਰਵਾਈ ਜਾਣੀ ਚਾਹੀਦੀ ਹੈ । ਇਸ ਲਈ ਜੇਕਰ ਲੋਕ ਤੁਹਾਨੂੰ ਇੱਕ ਪਲੇਟਫਾਰਮ ਦੇ ਹੇਠਾਂ ਵੋਟ ਦੇ ਰਹੇ ਹਨ। ਤੁਸੀਂ ਕਿਸੇ ਵੀ ਕਾਰਨ ਕਰਕੇ ਪਾਰਟੀ ਬਦਲ ਰਹੇ ਹੋ ਤਾਂ ਮੈਨੂੰ ਲੱਗਦਾ ਹੈ ਕਿ ਤੁਸੀਂ ਉਹਨਾਂ ਲੋਕਾਂ ਦੀ ਨੁਮਾਇੰਦਗੀ ਨਹੀਂ ਕਰ ਰਹੇ ਹੋ ਜਿਸਦੀ ਨੁਮਾਇੰਦਗੀ ਕਰਨ ਲਈ ਤੁਹਾਨੂੰ ਉੱਥੇ ਹੋਣਾ ਚਾਹੀਦਾ ਹੈ।”ਇਹ ਵਿਚਾਰ ਕਿਸੇ ਹੋਰ ਦੇ ਨਹੀਂ ਬਲਿਕ ਸਾਰਨੀਆ ਲੈਂਬਟਨ ਤੋਂ ਉਸ ਕੰਸਰਵੇਟਿਵ ਐਮ ਪੀ ਮੈਰੀਲਿਨ ਗਲੈਡੂ ਦੇ ਸਨ ਜਿਸਨੇ ਹੁਣੇ ਹੀ ਕੰਸਰਵੇਟਿਵ ਪਾਰਟੀ ਤੋਂ ਲਿਬਰਲ ਵਿਚ ਛਾਲ ਮਾਰੀ ਹੈ। ਹੁਣ ਗਲੈਡੂ ਨੇ ਦਾਅਵਾ ਕੀਤਾ ਕਿ ਉਸਦਾ ਇਹ ਕਦਮ ਉਸਦੇ ਹਲਕੇ ਦੀ ਸੱਚੀ ਇੱਛਾ ਨੂੰ ਦਰਸਾਉਂਦਾ ਹੈ। ਉਸਦਾ ਕਹਿਣਾ ਹੈ ਕਿ ਸਾਰਨੀਆ ਲੈਂਬਟਨ ਹਲਕਾ ਹਮੇਸ਼ਾ ਅਲਗ ਕਿਸਮ ਦਾ ਹੈ ਪਰ ਉਸਨੇ ਇਹ ਜਿਕਰ ਨਹੀ ਕੀਤਾ ਕਿ ਉਸਨੇ ਇੱਕ ਸਾਲ ਪਹਿਲਾਂ ਇਸ ਹਲਕੇ ਤੋਂ 53 ਪ੍ਰਤੀਸ਼ਤ ਤੋਂ ਵੱਧ ਵੋਟਾਂ ਨਾਲ ਇੱਕ ਕੰਸਰਵੇਟਿਵ ਉਮੀਦਵਾਰ ਵਜੋਂ ਸੀਟ ਜਿੱਤੀ ਸੀ। ਉਸਨੇ ਇਹ ਵੀ ਕਿਹਾ ਕਿ ਉਸਨੇ ਆਪਣੇ ਹਲਕੇ ਤੋਂ ਸੁਣਿਆ ਹੈ ਜੋ ਫੈਡਰਲ ਪੱਧਰ ਤੇ ਇਕ ਗੰਭੀਰ ਲੀਡਰਸ਼ਿਪ ਚਾਹੁੰਦੇ ਹਨ। ਪਰ ਉਸਨੇ ਅਜੇ ਤੱਕ ਆਪਣੀ ਦਲ ਬਦਲੀ ਤੋਂ ਬਾਅਦ ਆਟੋਮੈਟਿਕ ਉਪ-ਚੋਣ ਲਈ ਸੱਦੇ ਜਾਂ ਮੰਗ ਨੂੰ ਨਹੀਂ ਦੁਹਰਾਇਆ ।
ਰਾਜਨੀਤੀ ਵਿੱਚ ਵਿਰੋਧੀ ਪਾਰਟੀ ਵਿੱਚ ਫਲੋਰ ਪਾਰ ਕਰਨ ਵਰਗੀਆਂ ਸ਼ਰਮਨਾਕ ਘਟਨਾਵਾਂ ਬਹੁਤ ਘੱਟ ਵਾਪਰੀਆਂ ਹਨ। ਇਹ ਅਕਸਰ ਨਿੱਜੀ ਤੌਰ ‘ਤੇ ਅਪਮਾਨਜਨਕ, ਪੇਸ਼ੇਵਰ ਤੌਰ ‘ਤੇ ਮੌਕਾਪ੍ਰਸਤੀ ਅਤੇ ਨਿਰਪੱਖ ਤੌਰ ‘ਤੇ ਬੇਸ਼ਰਮੀ ਵਾਲੀ ਹੁੰਦੀ ਹੈ। ਜਨਵਰੀ ਵਿੱਚ ਮੈਡਮ ਗਲੈਡੂ ਨੇ ਇੱਕ ਕੰਸਰਵੇਟਿਵ ਕਾਕਸ ਮੈਂਬਰ ਵਲੋਂ ਕੀਤੇ ਗਏ ਖੁਲਾਸੇ ਕਿ ਉਸਨੇ ਲਿਬਰਲਾਂ ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਹੈ, ਦੇ ਪ੍ਰਤੀਕਰਮ ਵਿਚ ਲਿਖਿਆ ਸੀ ਕਿ ਤੁਹਾਡਾ ਆਪਣੇ ਵੋਟਰਾਂ ਪ੍ਰਤੀ ਵਫਾਦਾਰੀ ਨਿਭਾਉਣ ਲਈ ਧੰਨਵਾਦ। ਫਰਵਰੀ ਵਿੱਚ, ਉਸਨੇ ਲਿਬਰਲਾਂ ‘ਤੇ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਨੂੰ ਤਬਾਹ ਕਰਨ ਦਾ ਦੋਸ਼ ਲਗਾਇਆ ਸੀ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੋਂ ਇਮੀਗ੍ਰੇਸ਼ਨ ਮੰਤਰੀ ਨੂੰ ਹਟਾਉਣ ਦੀ ਮੰਗ ਕੀਤੀ ਸੀ। ਮਾਰਚ ਵਿੱਚ, ਉਸਨੇ X ‘ਤੇ ਪੋਸਟ ਕੀਤਾ ਕਿ ਲਿਬਰਲ ਸਰਕਾਰ ਵਿਚ “ਸਾਡੇ ਚਾਰਟਰ ਅਧਿਕਾਰਾਂ ਦੀ ਉਲੰਘਣਾ ਕਰਨਾ ਆਮ ਹੋ ਗਿਆ ਹੈ”। ਮੈਡਮ ਗਲਾਡੂ ਨੂੰ ਹੁਣ ਆਪਣੇ ਸ਼ਬਦਾਂ ਨੂੰ ਚਿੱਥਣ ਦੀ ਜ਼ਰੂਰਤ ਹੈ, ਕਿਉਂਕਿ ਕੰਸਰਵੇਟਿਵ ਐਮ ਪੀ ਵਜੋਂ ਉਸਨੂੰ ਵੋਟ ਦੇਣ ਵਾਲੇ ਹਲਕੇ ਦੇ ਲੋਕ ਉਸਦੇ ਇਹਨਾਂ ਸ਼ਬਦਾਂ ਨੂੰ ਮੁੜ-ਮੁੜ ਯਾਦ ਕਰਨ ਦਾ ਨਹੋਰਾ ਮਾਰ ਰਹੇ ਹਨ।
ਸਿਆਸੀ ਇਤਿਹਾਸ ਵਿਚ ਮੈਡਮ ਗਲੈਡੂ ਇਸ ਖਾਸ ਫਲੋਰ-ਕ੍ਰਾਸਿੰਗ ਦੁਆਰਾ ਕਿਸੇ ਪਾਰਟੀ ਦੀ ਸਾਖ ਨੂੰ ਖਰਾਬ ਕਰਨ ਵਾਲੀ ਇਕਲੌਤੀ ਮੈਂਬਰ ਨਹੀਂ ਹੈ। ਸਪੱਸ਼ਟ ਤੌਰ ‘ਤੇ ਉਸਦੀ ਦਲਬਦਲੀ ਦੀ ਕਾਰਵਾਈ ਸ਼ਾਸਕ ਲਿਬਰਲਾਂ ਲਈ ਇੱਕ ਵੱਡੀ ਪ੍ਰਾਪਤੀ ਹੈ ਅਤੇ ਇਹ ਪ੍ਰਧਾਨ ਮੰਤਰੀ ਕਾਰਨੀ ਨੂੰ ਉਨ੍ਹਾਂ ਦੀ ਘੱਟਗਿਣਤੀ ਸਰਕਾਰ ਨੂੰ ਬਹੁਮਤ ਦੇ ਨੇੜੇ ਲਿਆਉਂਦੀ ਹੈ। ਉਂਜ ਇਹ ਨਿੱਜੀ ਤੌਰ ‘ਤੇ ਪ੍ਰਧਾਨ ਮੰਤਰੀ ਦੀ ਕਾਬਲੀਅਤ ਨੂੰ ਵੀ ਦਰਸਾਉਂਦੀ ਹੈ 2015 ਤੋਂ ਐਮ ਪੀ ਚੋਣ ਜਿੱਤਦੀ ਆ ਰਹੀ ਗਲੈਡੂ ਵਰਗੀ ਇਕ ਸੀਨੀਅਰ ਸਿਆਸਤਦਾਨ ਨੂੰ ਦਲਬਦਲੀ ਲਈ ਆਕਰਸ਼ਿਤ ਕਰਨ ਦੇ ਯੋਗ ਹੋਏ ਹਨ। ਪਰ ਇਹ ਦਲਬਦਲੀ ਲਿਬਰਲ ਪਾਰਟੀ ਬਾਰੇ ਦੇ ਅਸੂਲਾਂ ਅਤੇ ਮੁੱਲਾਂ ਬਾਰੇ ਕੁਝ ਹੋਰ ਬਿਆਨ ਕਰਦੀ ਹੈ। ਇਹ ਲਿਬਰਲ ਪਾਰਟੀ ਲਈ ਸਵਾਲ ਹੈ ਕਿ ਉਸਦੇ ਸਿਧਾਂਤ ਕੀ ਹਨ, ਇਸਦਾ ਵਿਚਾਰਧਾਰਕ ਦ੍ਰਿਸ਼ਟੀਕੋਣ ਤੇ ਸਵੱਛ ਰਾਜਨੀਤੀ ਦੇ ਦਾਅਵੇ ਕਿੱਥੇ ਹਨ।
ਮੈਡਮ ਗਲੈਡੂ ਬਾਰੇ ਕਿਹਾ ਜਾਂਦਾ ਹੈ ਕਿ ਉਹ ਇੱਕ ਲਾਲ ਟੋਰੀ ਹੈ ਜੋ ਸਪੱਸ਼ਟ ਤੌਰ ‘ਤੇ ਇੱਕ ਵਧੇਰੇ ਸੱਜੇ-ਪੱਖੀ ਲਿਬਰਲ ਪਾਰਟੀ ਵਿੱਚ ਆਪਣਾ ਘਰ ਲੱਭ ਸਕਦੀ ਹੈ। ਦਰਅਸਲ, ਉਹ ਓਨੀ ਹੀ ਬਲੂ ਬਲੱਡ ਵਾਲੀ ਜਿੰਨੀ ਉਹ ਆਪਣੀ ਮੌਕਾਪ੍ਰਸਤੀ ਲਈ ਹੋ ਸਕਦੀ ਹੈ। ਮੈਡਮ ਗਲੈਡੂ ਨੇ 2022 ਵਿੱਚ ਕੋਵਿਡ ਪਾਬੰਦੀਆਂ ਦੌਰਾਨ ਡਾਊਨਟਾਊਨ ਓਟਾਵਾ ਵਿਚ ਕਬਜਾ ਜਮਾਉਣ ਵਾਲੀ ਫਰੀਡਮ ਕਾਨਵਾਈ ਦਾ ਸਮਰਥਨ ਕੀਤਾ ਸੀ ਤੇ ਟਰੱਕਰਾਂ ਦੀ ਪ੍ਰਸੰਸ਼ਾ ਕੀਤੀ ਸੀ। ਉਸਨੇ 2023 ਵਿੱਚ ਕੈਨੇਡਾ ਵਿੱਚ ਦਸੰਬਰ ਮਹੀਨੇ ਨੂੰ “ਕ੍ਰਿਸਚੀਅਨ ਵਿਰਾਸਤ ਮਹੀਨਾ”ਮਨਾਏ ਜਾਣ ਲਈ ਪ੍ਰਾਈਵੇਟ ਬਿਲ ਪੇਸ਼ ਕੀਤਾ ਸੀ। ਉਸਨੇ ਕੋਵਿਡ ਮਹਾਂਮਾਰੀ ਦੌਰਾਨ ਵਾਇਰਸ ਬਾਰੇ ਗਲਤ ਜਾਣਕਾਰੀ ਫੈਲਾਈ । ਉਸਨੇ ਸਮਲਿੰਗ ਵਿਅਕਤੀਆਂ ਲਈ ਪਰਿਵਰਤਨ ਥੈਰੇਪੀ ਨੂੰ ਅਪਰਾਧ ਬਣਾਉਣ ਵਾਲੇ ਬਿੱਲ ਦੇ ਵਿਰੁੱਧ ਵੋਟ ਪਾਈ ਸੀ । ਉਸਨੇ 2020 ਵਿੱਚ ਕੰਸਰਵੇਟਿਵ ਪਾਰਟੀ ਦੀ ਲੀਡਰਸ਼ਿਪ ਚੋਣ ਲੜਨ ਦਾ ਵੀ ਯਤਨ ਕੀਤਾ ਸੀ।
ਕਿਹਾ ਜਾ ਸਕਦਾ ਹੈ ਕਿ ਲਿਬਰਲ ਸੰਸਦ ਵਿਚ ਬਹੁਮਤ ਲਈ ਜੋ ਵੀ ਉਹਨਾਂ ਦਾ ਸਮਰਥਨ ਕਰੇਗਾ ਉਸਨੂੰ ਸਵੀਕਾਰ ਕਰ ਲੈਣਗੇ। ਪਰ ਸਵਾਲ ਹੈ ਕਿ ਕੀ ਉਹ ਗਲੈਡੂ ਵਰਗੇ ਕਿਸੇ ਆਗੂ ਨੂੰ ਆਪਣੇ ਕਾਕਸ ਵਿੱਚ ਸਵੀਕਾਰ ਕਰਦਿਆਂ ਲਿਬਰਲ ਦੇ ਬੁਨਿਆਦੀ ਸਿਧਾਂਤਾਂ ਤੇ ਅਡੋਲ ਖੜੇ ਹਨ। ਜਾਂ ਉਹ ਕੇਵਲ ਸ਼ਾਸਨ ਕਰਨ ਦੀ ਇੱਛਾ ਲਈ ਕੁਝ ਵੀ ਕਰ ਸਕਦੇ ਹਨ। ਉਂਜ ਵੀ ਪਤਾ ਹੈ ਕਿ ਲਿਬਰਲ ਕਿਵੇਂ ਵੱਡੇ ਮੁੱਦਿਆਂ – ਕਾਰਬਨ ਟੈਕਸਾਂ, ਇਮੀਗ੍ਰੇਸ਼ਨ, ਕੁਦਰਤੀ ਸਰੋਤਾਂ ਦੀ ਵਰਤੋਂ ਅਤੇ ਵਿਕਾਸ ਦੇ ਮੁੱਦੇ ਤੇ ਆਪਣਾ ਸਟੈਂਡ ਬਦਲ ਸਕਦੇ ਹਨ। ਉਹ ਇਹ ਰਾਜਨੀਤਿਕ ਸਪੈਕਟ੍ਰਮ ਦੇ ਇੱਕ ਸਿਰੇ ‘ਤੇ ਮੈਡਮ ਗਲੈਡੂ ਵਰਗੇ ਕਿਸੇ ਆਗੂ ਨੂੰ ਅਤੇ ਦੂਜੇ ਪਾਸੇ ਸਾਬਕਾ ਐਨਡੀਪੀ ਸੰਸਦ ਮੈਂਬਰ ਲੋਰੀ ਇਡਲੌਟ ਵਰਗੇ ਕਿਸੇ ਆਗੂ ਨੂੰ ਕਿਵੇਂ ਸਵੀਕਾਰ ਕਰ ਸਕਦੇ ਹਨ।
ਲਿਬਰਲ ਖੁਦ ਨੂੰ ਜਾਇਜ਼ ਠਹਿਰਾਉਣ ਲਈ ਇਹ ਵਿਆਖਿਆ ਕਰਨਗੇ ਕਿ ਉਸਦੇ ਤੰਬੂ ਦੀ ਛੱਤ ਬਹੁਤ ਵਿਸ਼ਾਲ ਹੈ ਜਿਸ ਵਿਚ ਵਿਭਿੰਨ ਰਾਜਨੀਤਕ ਸੋਚ ਵਾਲੇ ਲੋਕ ਇਕੱਤਰ ਹੋ ਸਕਦੇ ਹਨ। ਪਰ ਇਹ ਵੀ ਯਾਦ ਰੱਖਣ ਦੀ ਲੋੜ ਹੈ ਕਿ ਕਿਸੇ ਵੀ ਵਿਸ਼ਾਲ ਤੰਬੂ ਦਾ ਆਧਾਰ ਉਸਦੇ ਮਜਬੂਤ ਕਿੱਲੇ ਹੁੰਦੇ ਹਨ, ਸੋ ਸਿਧਾਂਤ ਰੂਪੀ ਇਹ ਕਿੱਲੇ ਹਿਲਾਏ ਨਹੀਂ ਜਾਂਦੇ। ਰਾਜਨੀਤਿਕ ਪਾਰਟੀਆਂ ਆਮ ਤੌਰ ‘ਤੇ ਆਪਣੀ ਕੇਂਦਰੀ ਨੀਤੀ ਅਤੇ ਵਿਚਾਰਧਾਰਾ ਨੂੰ ਪ੍ਰਸਥਿਤੀਆਂ ਮੁਤਾਬਿਕ ਨਹੀ ਬਦਲਦੀਆਂ। ਪਰ ਹੁਣ ਲਿਬਰਲ ਪਾਰਟੀ ਅਸਲ ਵਿੱਚ ਇੱਕ ਬੈੱਡਸ਼ੀਟ ਹੈ, ਜੋ ਕਿ ਇੱਕ ਝੰਡੇ ਦੇ ਖੰਭੇ ਨਾਲ ਬੱਝੀ ਹੋਈ ਹੈ, ਹਵਾ ਜਿਸ ਦਿਸ਼ਾ ਵਿੱਚ ਵੀ ਵਗਦੀ ਹੈ, ਇਹ ਲਹਿਰਾਉਂਦੀ ਹੈ। ਲੋਕ ਉਸ ਬੈੱਡਸ਼ੀਟ ਵਿੱਚ ਫਸ ਜਾਂਦੇ ਹਨ ਕਿਉਂਕਿ ਇਹ ਵੱਡੀ ਅਤੇ ਚੌੜੀ ਹੈ, ਅਤੇ ਕਿਉਂਕਿ ਤੇਜ਼ ਹਵਾ ਇਸਨੂੰ ਬਹੁਤ ਸ਼ਕਤੀਸ਼ਾਲੀ ਬਣਾਉਂਦੀ ਹੈ। ਲੋਕ ਹਮੇਸ਼ਾ ਸ਼ਕਤੀਸ਼ਾਲੀ, ਜੇਤੂ ਟੀਮ ਦਾ ਹਿੱਸਾ ਬਣਨਾ ਚਾਹੁੰਦੇ ਹਨ।
ਦਲਬਦਲੀਆਂ ਕਰਵਾਕੇ ਪ੍ਰਧਾਨ ਮੰਤਰੀ ਕਾਰਨੀ ਨੂੰ ਸੰਭਾਵਤ ਤੌਰ ‘ਤੇ ਬਹੁਮਤ ਹਾਸਲ ਕਰ ਸਕਦੇ ਹਨ ਪਰ ਗਲੈਡੂ ਵਰਗੇ ਆਗੂਆਂ ਦੀ ਮੌਕਾਪ੍ਰਸਤੀ ਦਾ ਪਖੰਡ ਆਉਣ ਵਾਲੀਆਂ ਚੋਣਾਂ ਤੱਕ ਲੋਕਾਂ ਤੇ ਚੇਤਿਆਂ ਵਿਚ ਰਹੇਗਾ। ਲਾਲ ਕਾਰਪੈਟ ਮੌਸਮ ਮੁਤਾਬਿਕ ਅੱਗੇ-ਪਿੱਛੇ ਸਰਕਾਈ ਜਾ ਸਕਦੀ ਹੈ ਪਰ ਲਿਬਰਲ ਪਾਰਟੀ ਦਾ ਇਹ ਪ੍ਰਸੰਗ ਉਹਨਾਂ ਦੇ ਪੱਖ ਵਿਚ ਨਹੀ ਕਿ ਪਾਰਟੀ ਇਕ ਸਮੂਹ ਦੇ ਸਿਧਾਂਤਾਂ ਦੀ ਥਾਂ ਇਕ ਵਿਅਕਤੀ ਦੁਆਰਾ ਚਲਾਈ ਜਾ ਰਹੀ ਹੈ। (ਧੰਨਵਾਦ ਸਹਿਤ ਦਾ ਗਲੋਬ ਐਂਡ ਮੇਲ)
