ਵੈਨਕੂਵਰ ( ਦੇ ਪ੍ਰ ਬਿ)-ਆਪਣੀ ਕਿਰਾਏ ਦੀ ਕਾਰ ਵਿਚ 108 ਕਿਲੋਗ੍ਰਾਮ ਮੇਥਮਫੇਟਾਮਾਈਨ ਨਸ਼ੀਲਾ ਪਦਾਰਥ ਲੈ ਕੇ ਜਾ ਰਹੀ ਔਰਤ ਡਰਾਈਵਰ ਜਿਹੜੀ ਸਰੀ ਦੇ ਪੈਸੇਫਿਕ ਬਾਰਡਰ ਕਰੌਸਿੰਗ ’ਤੇ ਦੂਸਰੀ ਜਾਂਚ ਕਰਵਾਉਣ ਦੀ ਹਦਾਇਤ ਦਿੱਤੇ ਜਾਣ ਪਿੱਛੋਂ ਭੱਜ ਨਿਕਲੀ ਸੀ ਨੂੰ ਸਾਢੇ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਨਿਊ ਵੈਸਟਮਿਨਸਟਰ ਵਿਚ ਬੀਸੀ ਸੁਪਰੀਮ ਕੋਰਟ ਵਿਚ ਜਸਟਿਸ ਜੌਹਨ ਗਿਬ-ਕਾਰਸਲੇ ਨੇ 47 ਸਾਲਾ ਸੁਖਵਿੰਦਰ ਕੌਰ ਸੰਘਾ ਨੂੰ ਉਸ ਦੇ 18 ਅਕਤੂਬਰ 2021 ਦੇ ਅਪਰਾਧ ਲਈ 10 ਅਪ੍ਰੈਲ ਨੂੰ ਸਜ਼ਾ ਸੁਣਾਈ ਹੈ।ਪੂਰੀ ਜਾਣਕਾਰੀ ਮੁਤਾਬਿਕ ਜਦੋਂ ਸੰਘਾ ਨੇ ਅਮਰੀਕਾ ਤੋਂ ਕੈਨੇਡਾ ਨੂੰ ਸਰਹੱਦ ਪਾਰ ਕੀਤੀ ਤਾਂ ਬਾਰਡਰ ਸਰਵਸਿਜ਼ ਏਜੰਸੀ ਦੇ ਅਧਿਕਾਰੀ ਨੇ ਉਸ ਨੂੰ ਕਿਹਾ ਕਿ ਉਸ ਦੀ ਕਾਰ ਦੀ ਦੂਸਰੀ ਵਾਰ ਤਲਾਸ਼ੀ ਲਈ ਜਾਵੇਗੀ। ਇੰਨਾ ਸੁਣਦੇ ਸਾਰੇ ਹੀ ਉਸ ਨੇ ਤੇਜ਼ ਰਫ਼ਤਾਰ ਨਾਲ ਕਾਰ ਭਜਾ ਲਈ। ਸੀਬੀਐਸਏ ਅਧਿਕਾਰੀਆਂ ਨੇ ਸੰਘਾ ਦਾ ਪਿੱਛਾ ਕੀਤਾ ਅਤੇ ਉਸ ਨੂੰ ਸਰੀ ਦੇ 16 ਐਵਨਿਊ ਤੇ ਗਿ੍ਰਫ਼ਤਾਰ ਕਰ ਲਿਆ। ਉਸ ਦੀ ਕਾਰ ਦੀ ਤਲਾਸ਼ੀ ਲਈ ਗਈ ਅਤੇ ਕਾਰ ਵਿਚੋਂ 108 ਕਿਲੋਗ੍ਰਾਮ ਮੇਥਮਫੇਟਾਮਾਈਨ ਨਸ਼ੀਲਾ ਪਦਾਰਥ ਮਿਲਿਆ ਜਿਹੜਾ ਬੈਗਾਂ ਵਿਚ ਰੱਖਿਆ ਹੋਇਆ ਸੀ। ਉਸ ਉਪਰ ਨਸ਼ੀਲਾ ਪਦਾਰਥ ਦਰਾਮਦ ਕਰਨ ਅਤੇ ਤਸਕਰੀ ਦੇ ਮਕਸਦ ਨਾਲ ਆਪਣੇ ਕੋਲ ਰੱਖਣ ਦੇ ਦੋਸ਼ ਲਗਾਏ ਗਏ ਸਨ। 31 ਅਕਤੂਬਰ 2024 ਨੂੰ ਸੰਘਾ ਨੇ ਆਪਣਾ ਜੁਰਮ ਸਵੀਕਾਰ ਕਰ ਲਿਆ ਸੀ। ਪੁਲਿਸ ਨੇ ਦੱਸਿਆ ਕਿ ਸੰਘਾ ਬਿ੍ਰਟਿਸ਼ ਕੋਲੰਬੀਆ ਦੇ ਸ਼ਹਿਰ ਪਿ੍ਰੰਸ ਜੌਰਜ ਵਿਚ ਜਨਮੀ ਅਤੇ ਬਰਨਬੀ ਵਿਚ ਰਹਿੰਦੀ ਰਹੀ ਅਤੇ ਪਿੱਛਲੇ 10 ਸਾਲਾਂ ਤੋਂ ਰੇਡੀਓ ਅਤੇ ਟੈਲੀਵੀਜ਼ਨ ਵਿਚ ਪੰਜਾਬੀ ਭਾਸ਼ਾ ਦੀ ਪ੍ਰੋਡਿਊਸਰ ਅਤੇ ਬਰਾਡਕਾਸਟਰ ਵਜੋਂ ਮੀਡੀਆ ਵਿਚ ਕੰਮ ਕਰਦੀ ਆ ਰਹੀ ਸੀ। ਉਹ ਪਿਛਲੇ ਸਮੇਂ ਤੋਂ ਸਰੀ ਦੇ ਚੈਨਲ ਪੰਜਾਬੀ ਟੀਵੀ, ਸਾਂਝਾ ਟੀਵੀ ਅਤੇ ਰੇਡੀਓ ਸ਼ੇਰੇ ਪੰਜਾਬ ਦੇ ਸਰੋਤਿਆਂ ਤੇ ਦਰਸ਼ਕਾਂ ਵਿਚਾਲੇ ਜਾਣੀ ਪਹਿਚਾਣੀ ਹੋਸਟ ਵਜੋਂ ਵਿਚਰਦੀ ਆ ਰਹੀ ਸੀ।
ਅਕਤੂਬਰ 2021 ਵਿਚ ਅਮਰੀਕਾ-ਕੈਨੇਡਾ ਸਰਹੱਦ ਤੇ ਨਸ਼ੀਲੇ ਪਦਾਰਥਾਂ ਦੀ ਖੇਪ ਨਾਲ ਫੜੇ ਜਾਣ ਉਪਰੰਤ ਉਸਨੇ ਆਪਣੀ ਅਦਾਲਤ ਪੇਸ਼ੀ ਦੌਰਾਨ ਸਫਾਈ ਦਿੱਤੀ ਕਿ ਉਸ ਕੋਲੋ ਸਮਗਲਿੰਗ ਦਾ ਕੰਮ ਡਰਾ ਧਮਕਾ ਕਰਵਾਇਆ ਜਾ ਰਿਹਾ ਸੀ। ਉਸਦੇ ਪੁਤਰ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਜਿਸ ਕਾਰਣ ਉਸਨੂੰ ਸਮੱਗਲਰਾਂ ਦੇ ਡਰ ਕਾਰਣ ਇਹ ਕੰਮ ਕਰਨਾ ਪਿਆ। ਅਦਾਲਤ ਨੇ ਉਸਦੀ ਸਫਾਈ ਨੂੰ ਨਹੀ ਮੰਨਿਆ ਤੇ ਕਿਹਾ ਕਿ ਉਸਦੇ ਸੈਲ ਫੋਨ ਮੈਸਜ ਇਸ ਗੱਲ ਦੀ ਗਵਾਹੀ ਹਨ ਕਿ ਉਹ ਇਹ ਕੰਮ ਆਪਣੀ ਇੱਛਾ ਨਾਲ ਕਰ ਰਹੀ ਸੀ।

