– ਲੱਖਾਂ ਦੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ- ਵੱਖ-ਵੱਖ ਸਿਆਸੀ ਆਗੂਆਂ ਤੇ ਪ੍ਰਮੁੱਖ ਸ਼ਖਸੀਅਤਾਂ ਵਲੋਂ ਸੰਗਤਾਂ ਨੂੰ ਵਧਾਈਆਂ-
ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)-ਬੀਤੀ 11 ਅਪ੍ਰੈਲ ਦਿਨ ਸ਼ਨੀਵਾਰ ਨੂੰ ਖ਼ਾਲਸਾ ਦੀਵਾਨ ਸੁਸਾਇਟੀ ਵੱਲੋਂ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ 47ਵੇਂ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਨਗਰ ਕੀਰਤਨ ਸਵੇਰੇ ਠੀਕ 11 ਵਜੇ ਗੁਰੂ ਘਰ ਤੋਂ ਰਵਾਨਾ ਹੋਇਆ। ਭਰੇ ਦੀਵਾਨਾਂ ਵਿਚ ਬਾਹਰੋਂ ਆਏ ਰਾਜਨੀਤਕ ਆਗੂਆਂ ਨੇ ਖ਼ਾਲਸੇ ਦੇ ਸਾਜਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ।
ਸਟੇਜ ਸਕੱਤਰ ਸ ਕਸ਼ਮੀਰ ਸਿੰਘ ਧਾਲੀਵਾਲ ਨੇ ਪੂਰੀ ਸੂਝ-ਬੂਝ ਨਾਲ ਸਮੇਂ ਦੀ ਵੰਡ ਕਰਦੇ ਸਾਰੇ ਰਾਜਨੀਤਕ ਦਲਾਂ ਦੇ ਆਗੂਆਂ ਨੂੰ ਵਧਾਈ ਸੰਦੇਸ਼ ਦੇਣ ਦਾ ਸੱਦਾ ਦਿੱਤਾ। ਬਰਨਬੀ ਤੋਂ ਸਿਟੀ ਕੌਂਸਲਰ ਸੈਵ ਧਾਲੀਵਾਲ ਨੇ ਸ਼ੁਰੂਆਤ ਕੀਤੀ। ਫਿਰ ਲੁਧਿਆਣੇ ਜ਼ਿਲ੍ਹੇ ਦੇ ਪੰਜਾਬ ਤੋਂ ਅਕਾਲੀ ਦਲ ਦੇ ਨੇਤਾ ਤੇ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ, ਵੈਨਕੂਵਰ ਪੁਲੀਸ ਦੇ ਚੀਫ਼ ਸਟੀਵ ਰਾਏ, ਕੌਂਸਲਰ ਜਨਰਲ ਮੈਸਕੂਈ ਰੰਗਸੁੰਗ, ਖ਼ਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਰਣਜੀਤ ਸਿੰਘ ਹੇਅਰ, ਵੈਨਕੂਵਰ ਸਿਟੀ ਦੇ ਮੇਅਰ ਕਿਨ ਸਿਮ ਨੇ ਸੰਗਤਾਂ ਨੂੰ ਵਧਾਈ ਦਿੱਤੀ। ਬੀ.ਸੀ ਐਨ.ਡੀ.ਪੀ ਪਾਰਟੀ ਦੇ ਆਗੂ ਤੇ ਪ੍ਰੀਮੀਅਰ ਡੇਵਿਡ ਈ.ਬੀ. ਆਪਣੀ ਪੂਰੀ ਵਜ਼ਾਰਤ ਤੇ ਐਮ.ਐਲ.ਏ ਸਮੇਤ ਆਏ। ਫਿਰ ਕੰਸਰਵੇਟਿਵ ਪਾਰਟੀ ਦੇ ਨੇਤਾ ਪੀਅਰ ਪੋਲੀਵਰ ਨੇ ਆਪਣੀ ਟੀਮ ਜਿਸ ਵਿਚ ਕੈਲਗਰੀ ਤੋਂ ਐਮ ਪੀ ਜਸਰਾਜ ਸਿੰਘ ਹੱਲਣ, ਐਮ ਪੀ ਅਮਨਪ੍ਰੀਤ ਸਿੰਘ ਗਿੱਲ, ਐਮ ਪੀ ਸੁਖਮਨ ਗਿੱਲ, ਐਡਮਿੰਟਨ ਤੋਂ ਐਮ ਪੀ ਟਿਮ ਉਪਲ ਸ਼ਾਮਿਲ ਹਨ, ਹਾਜ਼ਰੀ ਲੁਆਈ। ਫੈਡਰਲ ਲਿਬਰਲ ਪਾਰਟੀ ਦੇ ਵਜ਼ੀਰ ਗਰੈਗ ਰੋਬਟਸਨ ਆਪਣੀ ਟੀਮ ਨਾਲ ਹਾਜ਼ਰੀ ਲੁਆਈ। ਅਖੀਰਲੇ ਬੁਲਾਰੇ ਐਨ ਡੀ ਪੀ ਦੇ ਜੌਨ ਡੇਵੀਸ ਵੱਲੋਂ ਵਧਾਈ ਸੰਦੇਸ਼ ਦੇ ਨਾਲ ਸਵਰਗੀ ਸਾਬਕਾ ਪ੍ਰਧਾਨ ਕੁਲਦੀਪ ਸਿੰਘ ਥਾਂਦੀ ਨੂੰ ਯਾਦ ਕਰਦੇ ਹੋਏ ਪਰਿਵਾਰ ਨੂੰ ਯਾਦਗਾਰੀ ਚਿੰਨ੍ਹ ਪੇਸ਼ ਕਰਕੇ ਉਨ੍ਹਾਂ ਦੀ ਸ਼ਲਾਘਾ ਕੀਤੀ।
ਅਰਦਾਸ ਬੇਨਤੀ ਕਰਕੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਮੇਨ ਫਲੋਟ ਤੇ ਸਸ਼ੋਭਿਤ ਕੀਤਾ ਗਿਆ। ਰਸਤੇ ਵਿਚ ਥਾਂ-ਥਾਂ ਤੇ ਸੰਗਤਾਂ ਨੇ ਕਈ ਤਰਾਂ ਦੇ ਸੁਆਦਲੇ ਪਕਵਾਨਾਂ ਦੇ ਲੰਗਰ ਲਗਾਏ ਹੋਏ ਸਨ। ਮੇਨ ਸਟੇਜ 57 ਐਵਨਿਊ ਤੇ ਲੱਗੀ ਹੋਈ ਸੀ। 49 ਐਵਨਿਊ ਤੇ ਵੀ ਸਟੇਜ ਹਰ ਸਾਲ ਦੀ ਤਰ੍ਹਾਂ ਐਫ ਐਮ ਰੇਡੀਓ 93.1 ਦੀ ਅਤੇ ਫਰੇਜਰ ਸਟਰੀਟ ਤੇ ਲਗਾਈ ਗਈ ਜਿਥੇ ਸੰਗਤਾਂ ਨੇ ਵੱਖ-ਵੱਖ ਬੁਲਾਰਿਆਂ ਦੇ ਖ਼ਾਲਸੇ ਦੇ ਸਾਜਣਾ ਦਿਵਸ ਦੀਆਂ ਵਧਾਈਆਂ ਦੇ ਸੰਦੇਸ਼ ਸਰਵਣ ਕੀਤੇ। ਠੀਕ 5 ਵਜੇ ਦੇ ਕਰੀਬ ਨਗਰ ਕੀਰਤਨ ਗੁਰੂ ਘਰ ਪਹੁੰਚਿਆ। ਢਾਡੀ ਜਥੇ ਨੇ ਢਾਡੀ ਵਾਰਾਂ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ। ਵੈਨਕੂਵਰ ਦਾ ਨਗਰ ਕੀਰਤਨ ਇਤਿਹਾਸਕ ਹੋ ਨਿੱਬੜਿਆ। ਨਗਰ ਕੀਰਤਨ ਦੀ ਸਫਲਤਾ ਲਈ ਪ੍ਰਧਾਨ ਸ ਰਣਜੀਤ ਸਿੰਘ ਹੇਅਰ ਤੇ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਦਾ ਧੰਨਵਾਦ ਕੀਤਾ ਗਿਆ।
















































