ਮਿਊਨਖ- ਜਰਮਨੀ ਦੇ ਉੱਤਰੀ ਰਾਈਨ-ਵੈਸਟਫਾਲੀਆ ਦੇ ਮੋਰਸ ਸ਼ਹਿਰ ਵਿੱਚ ਸਥਿਤ ਗੁਰਦੁਆਰਾ ਸਿੰਘ ਸਭਾ ਵਿੱਚ 40 ਤੋਂ ਵੱਧ ਲੋਕਾਂ ਦਰਮਿਆਨ ਹੋਈ ਹਿੰਸਕ ਝੜਪ ਵਿੱਚ ਪੇਪਰ ਸਪਰੇਅ, ਚਾਕੂ, ਕਿਰਪਾਨਾਂ ਚੱਲੀਆਂ ਅਤੇ ਕਥਿਤ ਤੌਰ ‘ਤੇ ਹਥਿਆਰਾਂ ਦੀ ਵਰਤੋਂ ਕੀਤੀ ਗਈ। ਸਥਾਨਕ ਮੀਡੀਆ ਰਿਪੋਰਟ ਅਨੁਸਾਰ ਇਸ ਘਟਨਾ ਵਿੱਚ ਘੱਟੋ-ਘੱਟ 11 ਲੋਕ ਜ਼ਖ਼ਮੀ ਹੋਏ ਹਨ ।
ਚਸ਼ਮਦੀਦਾਂ ਨੇ ਦੱਸਿਆ ਕਿ ਇਹ ਝੜਪ ਗੁਰਦੁਆਰਾ ਸਾਹਿਬ ਦੇ ਵਿੱਤ ਅਤੇ ਪ੍ਰਬੰਧਨ ਨੂੰ ਲੈ ਕੇ ਹੋਏ ਵਿਵਾਦ ਕਾਰਨ ਹੋਈ, ਹਾਲਾਂਕਿ ਜਰਮਨ ਪੁਲੀਸ ਨੇ ਅਜੇ ਤੱਕ ਕਿਸੇ ਖਾਸ ਕਾਰਨ ਦੀ ਪੁਸ਼ਟੀ ਨਹੀਂ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਹਿੰਸਾ ਗੁਰਦੁਆਰਾ ਕਮੇਟੀ ਦੇ ਕੰਟਰੋਲ, ਪ੍ਰਭਾਵ ਅਤੇ ਕਥਿਤ ਵਿੱਤੀ ਅਸਹਿਮਤੀ ਨੂੰ ਲੈ ਕੇ ਚੱਲ ਰਹੇ ਲੰਬੇ ਸਮੇਂ ਦੇ ਅੰਦਰੂਨੀ ਕਲੇਸ਼ ਨਾਲ ਜੁੜੀ ਹੋਈ ਹੈ।
ਹੋਰ ਜਾਣਕਾਰੀ ਮੁਤਾਬਿਕ “ਇਸ ਝਗੜੇ ਦਾ ਪਿਛੋਕੜ ਸਾਬਕਾ ਕਮੇਟੀ ਮੈਂਬਰਾਂ ਅਤੇ ਮੌਜੂਦਾ ਮੈਂਬਰਾਂ ਵਿਚਕਾਰ ਚੱਲ ਰਿਹਾ ਵਿਵਾਦ ਹੈ। ਇਸ ਵਿੱਚ ਭਾਈਚਾਰੇ ਦੇ ਪੈਸੇ ਦਾ ਮਾਮਲਾ ਵੀ ਸ਼ਾਮਲ ਹੈ। ਕਾਫੀ ਸਮੇਂ ਤੋਂ ਸਮੱਸਿਆਵਾਂ ਅਤੇ ਮੁਸ਼ਕਿਲਾਂ ਚੱਲ ਰਹੀਆਂ ਸਨ, ਪਰ ਮੁੱਖ ਤੌਰ ‘ਤੇ ਇਹ ਪ੍ਰਭਾਵ ਅਤੇ ਕਬਜ਼ੇ ਬਾਰੇ ਹੈ।
ਹਿੰਸਾ ਦੇ ਪੈਮਾਨੇ ਨੂੰ ਦੇਖਦੇ ਹੋਏ ਵੱਡੇ ਪੱਧਰ ‘ਤੇ ਪੁਲੀਸ ਕਾਰਵਾਈ ਕੀਤੀ ਗਈ ਹੈ। ਗੋਲੀਬਾਰੀ ਦੀਆਂ ਰਿਪੋਰਟਾਂ ਤੋਂ ਬਾਅਦ ਡਸੇਲਡੋਰਫ ਤੋਂ ਵਿਸ਼ੇਸ਼ ਟਾਸਕ ਫੋਰਸ ਸਮੇਤ ਲਗਪਗ 100 ਅਧਿਕਾਰੀਆਂ ਨੇ ਇਮਾਰਤ ਨੂੰ ਘੇਰ ਲਿਆ। ਭਾਰੀ ਹਥਿਆਰਬੰਦ ਕਰਮਚਾਰੀਆਂ ਨੇ ਮੋਰਚੇ ਸੰਭਾਲੇ ਜਦਕਿ ਇੱਕ ਹੈਲੀਕਾਪਟਰ ਨੇ ਹਵਾਈ ਸਹਾਇਤਾ ਪ੍ਰਦਾਨ ਕੀਤੀ। ਅੰਦਰ ਹਥਿਆਰਬੰਦ ਸ਼ੱਕੀ ਹੋਣ ਦੇ ਡਰੋਂ ਅਧਿਕਾਰੀਆਂ ਨੇ ਗੁਰਦੁਆਰਾ ਸਾਹਿਬ ਨੂੰ ਸੀਲ ਕਰ ਦਿੱਤਾ ਅਤੇ ਫਿਰ ਐੱਸ ਈ ਕੇ ਅਧਿਕਾਰੀਆਂ ਨੇ ਅੰਦਰ ਛਾਪਾ ਮਾਰਿਆ। ਕੋਈ ਵੀ ਬੰਦੂਕਧਾਰੀ ਨਹੀਂ ਮਿਲਿਆ, ਹਾਲਾਂਕਿ ਘੱਟੋ-ਘੱਟ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
