Apr 24, 2026
ਰਾਕੇਸ਼ ਨਈਅਰ ਚੋਹਲਾ
ਤਰਨ ਤਾਰਨ,23 ਅਪ੍ਰੈਲ
ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਵੱਲੋਂ ਪੰਥਕ ਅਸੂਲਾਂ ‘ਤੇ ਪਹਿਰਾ ਦਿੰਦਿਆਂ ਦਾਗੀ ਅਨਸਰਾਂ ਅਤੇ ਨਸ਼ਿਆਂ ਦੇ ਸੌਦਾਗਰਾਂ ਖਿਲਾਫ਼ ਲਏ ਗਏ ਸਿਧਾਂਤਕ ਸਟੈਂਡ ਨੂੰ ਆਮ ਲੋਕਾਂ ਅਤੇ ਜ਼ਮੀਨੀ ਪੱਧਰ ਦੇ ਵਰਕਰਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਇਲਾਕੇ ਦੇ ਸੁਹਿਰਦ ਲੋਕਾਂ ਵੱਲੋਂ ਲਗਾਤਾਰ ਮਿਲ ਰਹੇ ਹੌਂਸਲਾ-ਅਫ਼ਜ਼ਾਈ ਦੇ ਸੁਨੇਹਿਆਂ ਅਤੇ ਸਹਿਯੋਗ ਸਦਕਾ ਅੱਜ ਪਿੰਡ ਕੱਲ੍ਹਾ ਦੇ ਮੋਹਤਬਰਾਂ ਅਤੇ ਅਕਾਲੀ ਵਰਕਰਾਂ ਦੀ ਇੱਕ ਅਹਿਮ ਮੀਟਿੰਗ ਸਥਾਨਕ ਸੀਨੀਅਰ ਟਕਸਾਲੀ-ਅਕਾਲੀ ਪਰਿਵਾਰ ਦੇ ਗ੍ਰਹਿ ਵਿਖੇ ਹੋਈ।ਇਸ ਮੀਟਿੰਗ ਦੌਰਾਨ ਇਕੱਤਰ ਹੋਏ ਟਕਸਾਲੀ ਵਰਕਰਾਂ ਅਤੇ ਆਮ ਲੋਕਾਂ ਨੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਥਕ ਸਿਆਸਤ ਵਿੱਚ ਵੱਧ ਰਿਹਾ ‘ਸਿਆਸੀ ਵਪਾਰੀਕਰਨ’ ਪੰਜਾਬ ਦੇ ਭਵਿੱਖ ਲਈ ਬੇਹੱਦ ਘਾਤਕ ਹੈ।ਵਰਕਰਾਂ ਨੇ ਬਿਨਾਂ ਕਿਸੇ ਦਾ ਨਾਮ ਲਏ ਸਪੱਸ਼ਟ ਕੀਤਾ ਕਿ ਜਦੋਂ ਸਿਆਸਤ ਵਿੱਚ ਅਸੂਲਾਂ ਨੂੰ ਛੱਡ ਕੇ ਗੈਰ-ਸਮਾਜਿਕ ਅਤੇ ਨਸ਼ਿਆਂ ਦੀ ਪੁਸ਼ਤਪਨਾਹੀ ਕਰਨ ਵਾਲੇ ਅਨਸਰਾਂ ਨੂੰ ਤਰਜੀਹ ਦਿੱਤੀ ਜਾਣ ਲੱਗੇ,ਤਾਂ ਸੁਹਿਰਦ ਅਤੇ ਟਕਸਾਲੀ ਸੋਚ ਵਾਲੇ ਲੋਕਾਂ ਦਾ ਦਰਦ ਛਲਕਣਾ ਸੁਭਾਵਿਕ ਹੈ।ਖਡੂਰ ਸਾਹਿਬ ਦੀ ਸੰਗਤ ਦਾ ਇਹ ਸੁਨੇਹਾ ਬਹੁਤ ਸਪੱਸ਼ਟ ਹੈ ਕਿ ਇਸ ਪਵਿੱਤਰ ਧਰਤੀ ‘ਤੇ ਦਾਗੀ ਕਿਰਦਾਰਾਂ ਨੂੰ ਕਦੇ ਵੀ ਪ੍ਰਵਾਨ ਨਹੀਂ ਕੀਤਾ ਜਾਵੇਗਾ।ਇਹ ਜ਼ਮੀਨੀ ਉਭਾਰ ਆਪਣੇ ਆਪ ਵਿੱਚ ਦਰਸਾਉਂਦਾ ਹੈ ਕਿ ਟਕਸਾਲੀ ਜਜ਼ਬਾਤਾਂ ਅਤੇ ਜ਼ਮੀਨੀ ਹਕੀਕਤ ਨੂੰ ਅੱਖੋਂ-ਪਰੋਖੇ ਕਰਨ ਦੇ ਨਤੀਜੇ ਕੀ ਹੋ ਸਕਦੇ ਹਨ।ਸ੍ਰ.ਬ੍ਰਹਮਪੁਰਾ ਨੇ ਕਿਹਾ ਕਿ ਸਾਡੀ ਲੜਾਈ ਪੰਜਾਬ ਦੀ ਨਸਲ ਨੂੰ ਬਚਾਉਣ ਦੀ ਹੈ।ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ‘ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ (ਸੋਧ) ਐਕਟ’ ਲਿਆਉਣਾ ਇੱਕ ਸ਼ਲਾਘਾਯੋਗ ਕਦਮ ਹੈ,ਪਰ ਇਸ ਕਾਨੂੰਨ ਦੇ ਅਸਲੀ ਮਨੋਰਥ ਤਦ ਹੀ ਪੂਰੇ ਹੋ ਸਕਦੇ ਹਨ ਜਦੋਂ ਇਸਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤੀ ਨਾਲ ਲਾਗੂ ਕੀਤਾ ਜਾਵੇ।ਇਹ ਪਵਿੱਤਰ ਕਾਰਜ ਉਹ ਲੋਕ ਕਦੇ ਨਹੀਂ ਕਰ ਸਕਦੇ ਜਿਨ੍ਹਾਂ ਦਾ ਆਪਣਾ ਪਿਛੋਕੜ ਗੈਰ-ਸਮਾਜਿਕ ਅਨਸਰਾਂ ਨਾਲ ਜੁੜਿਆ ਹੋਵੇ।ਇਸ ਲਈ ਹੁਣ ਇਲਾਕੇ ਦੇ ਸਾਫ਼-ਸੁਥਰੇ ਕਿਰਦਾਰ ਵਾਲੇ ਲੋਕਾਂ ਨੇ ਆਪ ਅੱਗੇ ਆ ਕੇ ਇਸ ਐਕਟ ਨੂੰ ਲਾਗੂ ਕਰਵਾਉਣ ਅਤੇ ਨਸ਼ਿਆਂ ਖਿਲਾਫ਼ ਪਹਿਰਾ ਦੇਣ ਦਾ ਜ਼ਿੰਮਾ ਚੁੱਕਿਆ ਹੈ।ਇਸ ਨੇਕ ਕਾਰਜ ਨੂੰ ਪਸੰਦ ਕਰਨ ਵਾਲੇ ਆਮ ਲੋਕਾਂ ਅਤੇ ਵਰਕਰਾਂ ਦੇ ਭਾਰੀ ਉਤਸ਼ਾਹ ਨੂੰ ਦੇਖਦਿਆਂ ਹੋਇਆਂ,ਨਸ਼ਿਆਂ ਅਤੇ ਉਹਨਾਂ ਦੇ ਸੌਦਾਗਰਾਂ ਖਿਲਾਫ਼ ਇਸ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਮਿਤੀ 25 ਅਪ੍ਰੈਲ ਨੂੰ ਭਾਈ ਜੋਧ ਹਾਲ, ਖਡੂਰ ਸਾਹਿਬ ਵਿਖੇ ਦੁਪਹਿਰ 12:30 ਵਜੇ ਇੱਕ ‘ਵਰਕਰ ਮਿਲਣੀ’ ਰੱਖੀ ਗਈ ਹੈ,ਜਿਸ ਵਿੱਚ ਉਹ ਸਾਰੇ ਸੁਹਿਰਦ ਲੋਕ ਸ਼ਾਮਲ ਹੋਣਗੇ ਜੋ ਸ੍ਰੀ ਖਡੂਰ ਸਾਹਿਬ ਦੀ ਪਵਿੱਤਰਤਾ ਅਤੇ ਪੰਜਾਬ ਦੀ ਆਉਣ ਵਾਲੀ ਨਸਲ ਦਾ ਫ਼ਿਕਰ ਕਰਦੇ ਹਨ।ਅੱਜ ਦੀ ਇਸ ਮੀਟਿੰਗ ਵਿੱਚ ਸਵ: ਜਥੇਦਾਰ ਹਰਭੇਜ ਸਿੰਘ ਜੀ ਦੇ ਸਪੁੱਤਰ ਗੁਰਜੰਟ ਸਿੰਘ,ਅੰਗਰੇਜ਼ ਸਿੰਘ ਸਾਬਕਾ ਸਰਪੰਚ,ਮਾਸਟਰ ਬਲਦੇਵ ਸਿੰਘ ਮੌਜੂਦਾ ਸਰਪੰਚ, ਸੁਖਵੰਤ ਸਿੰਘ ਬਿੱਲਾ,ਬਖਸ਼ੀਸ਼ ਸਿੰਘ,ਗੁਰਦੀਪ ਸਿੰਘ,ਦਿਲਾਵਰ ਸਿੰਘ,ਗੁਰਮੀਤ ਸਿੰਘ ਮੈਂਬਰ ਪੰਚਾਇਤ,ਸਰਵਨ ਸਿੰਘ,ਗੁਰਮੀਤ ਸਿੰਘ, ਜਸਬੀਰ ਸਿੰਘ,ਬਖਸ਼ਿੰਦਰ ਸਿੰਘ, ਦਿਲਾਵਰ ਸਿੰਘ,ਗੁਰਵਿੰਦਰ ਸਿੰਘ ਸ਼ਾਹ,ਜਸਬੀਰ ਸਿੰਘ,ਮੇਜਰ ਸਿੰਘ ਅਤੇ ਗੁਰਦੇਵ ਸਿੰਘ ਸਮੇਤ ਹੋਰ ਪਤਵੰਤੇ ਸੱਜਣ ਮੌਜੂਦ ਸਨ।

Leave a Reply

Your email address will not be published. Required fields are marked *