ਲੈਂਗਲੀ ਬੈਕੁਇਟ ਹਾਲ ਵਿਚ ਭਾਰੀ ਇਕੱਠ ਦੌਰਾਨ ਕੀਤਾ ਐਲਾਨ-
ਐਬਸਫੋਰਡ ( ਦੇ ਪ੍ਰ ਬਿ)- ਬ੍ਰਿਟਿਸ਼ ਕੋਲੰਬੀਆ ਵਿਚ ਮਿਊਸਪਲ ਚੋਣਾਂ 17 ਅਕਤੂਬਰ ਨੂੰ ਹੋਣ ਜਾ ਰਹੀਆਂ ਹਨ। ਇਹਨਾਂ ਚੋਣਾਂ ਲਈ ਚਾਹਵਾਨ ਉਮੀਦਵਾਰਾਂ ਵਲੋਂ ਸਰਗਰਮੀਆਂ ਆਰੰਭ ਦਿੱਤੀਆਂ ਗਈਆਂ ਹਨ। ਐਬਸਫੋਰਡ ਸਿਟੀ ਕੌਂਸਲ ਲਈ ਇਕ ਮੇਅਰ, 8 ਕੌਂਸਲਰ ਅਤੇ 7 ਸਕੂਲ ਟਰੱਸਟੀਆਂ ਦੀ ਚੋਣ ਹੋਵੇਗੀ। ਚੋਣਾਂ ਲਈ ਨੌਮੀਨੇਸ਼ਨਾਂ ਦਾ ਸਮਾਂ ਪਹਿਲੀ ਸਤੰਬਰ ਤੋਂ 11 ਸਤੰਬਰ ਤੱਕ ਹੋਵੇਗਾ। ਚੋਣ ਪ੍ਰਚਾਰ ਦਾ ਸਾਮਾਂ 19 ਸਤੰਬਰ ਤੋਂ ਸ਼ੁਰੂ ਹੋਵੇਗਾ। ਕੌੰਸਲ ਚੋਣਾਂ ਲੜਨ ਦੇ ਚਾਹਵਾਨ ਪੰਜਾਬੀ ਉਮੀਦਵਾਰਾਂ ਵਲੋਂ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ ਜਾ ਰਿਹਾ ਹੈ। ਪਿਛਲੇ ਦਿਨੀਂ ਜਸਮੀਤ ਫੂਲਕਾ ਵਲੋਂ ਕੌਂਸਲ ਚੋਣਾਂ ਲੜਨ ਦੇ ਐਲਾਨ ਉਪਰੰਤ ਹੁਣ ਉਘੇ ਰੀਐਲਟਰ ਜੈਗ ਸਿੱਧੂ ਵਲੋਂ ਲੈਂਗਲੀ ਬੈਂਕੁਇਟ ਹਾਲ ਵਿਖੇ ਇਕ ਸਮਾਗਮ ਕਰਦਿਆਂ ਕੌਂਸਲ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ ਹੈ।
ਬੀਤੇ ਸ਼ਨੀਵਾਰ ਨੂੰ ਲੈਂਗਲੀ ਬੈਕੁਇਟ ਹਾਲ ਵਿਚ ਭਾਰੀ ਇਕੱਠ ਦੌਰਾਨ ਜੈਗ ਸਿੱਧੂ ਨੇ ਸਿਟੀ ਵਿਚ ਪੰਜਾਬੀ ਭਾਈਚਾਰੇ ਦੀ ਯੋਗ ਪ੍ਰਤੀਨਿਧਤਾ ਲਈ ਸਹਿਯੋਗ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਉਹ ਕਾਰੋਬਾਰੀ ਸਫਲਤਾ ਉਪਰੰਤ ਹੁਣ ਸਮਾਜ ਸੇਵਾ ਵਿਚ ਆਪਣਾ ਯੋਗਦਾਨ ਪਾਉਣ ਦੇ ਚਾਹਵਾਨ ਹਨ। ਇਸ ਮੌਕੇ ਉਹਨਾਂ ਆਪਣੀ ਜਾਣ ਪਹਿਚਾਣ ਕਰਵਾਉਂਦਿਆਂ ਕਿਹਾ ਕਿ ਇਸ ਸ਼ਹਿਰ ਨੇ ਉਹਨਾਂ ਅਤੇ ਉਸਦੇ ਪਰਿਵਾਰ ਨੂੰ ਬਹੁਤ ਕੁਝ ਦਿੱਤਾ ਹੈ। ਉਹ ਹੁਣ ਆਪਣੇ ਲੋਕਾਂ ਅਤੇ ਸਮਾਜ ਸੇਵਾ ਲਈ ਵਧੇਰੇ ਯੋਗਦਾਨ ਪਾਉਣਾ ਚਾਹੁੰਦੇ ਹਨ। ਉਹਨਾਂ ਅਕਤੂਬਰ ਵਿਚ ਹੋਣ ਜਾ ਰਹੀਆਂ ਵੋਟਾਂ ਲਈ ਆਪਣੀ ਚੋਣ ਮੁਹਿੰਮ ਲਈ ਸਹਿਯੋਗ ਦੀ ਮੰਗ ਕੀਤੀ। ਆਸ ਤੋਂ ਵਧੇਰੇ ਇਕੱਠ ਲਈ ਸਮਰਥਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਐਮ ਪੀ ਸੁਖਮਨ ਗਿੱਲ ਦੇ ਪਿਤਾ ਅਵਤਾਰ ਸਿੰਘ ਰਾਜਾ ਗਿੱਲ, ਸੋਨੀ ਸਿੱਧੂ ਵਕੀਲਾਂਵਾਲਾ, ਰਾਜਿੰਦਰ ਸਿੰਘ ਰਾਜੂ ਢਿੱਲੋਂ ਪ੍ਰਧਾਨ ਖਾਲਸਾ ਦੀਵਾਨ ਸੁਸਾਇਟੀ, ਜਗਦੇਵ ਮੱਖਣ ਗਿੱਲ, ਪਾਲ ਗਿੱਲ, ਗੁਰਦੇਵ ਬਰਾੜ ਆਲਮਵਾਲਾ, ਕੌਂਸਲਰ ਦੇਵ ਸਿੱਧੂ ਤੇ ਹੋਰ ਕਈ ਉਘੀਆਂ ਹਸਤੀਆਂ ਹਾਜ਼ਰ ਸਨ।










