May 2, 2026

ਸਰੀ ( ਦੇ ਪ੍ਰ ਬਿ)- ਬੀਤੇ ਦਿਨੀਂ ਥੈਸਪਿਸ ਆਰਟ ਸੈਂਟਰ ਸਰੀ ਦੇ ਪ੍ਰਬੰਧ ਹੇਠ ਇਕ ਪਾਤਰੀ ਨਾਟਕ ਪਿਆਸਾ ਕਾਂ ਦਾ ਕਲੇਟਨ ਕਮਿਊਨਿਟੀ ਸੈਂਟਰ ਵਿਖੇ ਸਫਲ ਮੰਚਨ ਕੀਤਾ ਗਿਆ। ਉਘੇ ਰੇਡੀਓ, ਟੀਵੀ ਹੋਸਟ ਤੇ ਰੰਗਕਰਮੀ ਜਸਕਰਨ ਨੇ ਇਸ ਇਕ ਪਾਤਰੀ ਨਾਟਕ ਦਾ ਮੁਖ ਕਿਰਦਾਰ ਨਿਭਾਉਂਦਿਆਂ ਦਰਸ਼ਕਾਂ ਸਰੋਤਿਆਂ ਦੀ ਭਰਪੂਰ ਦਾਦ ਲਈ। ਉਘੇ ਨਾਟਕਕਾਰ ਪਾਲੀ ਭੁਪਿੰਦਰ ਸਿੰਘ ਦੇ ਲਿਖੇ ਇਸ ਨਾਟਕ ਦੀ ਕਹਾਣੀ ਨੂੰ ਮੰਚ ਤੇ ਪ੍ਰਸਤੁਤ ਕਰਦਿਆਂ ਜਸਕਰਨ ਨੇ ਨਾਟਕ ਦੀਆਂ ਨਵੀਆਂ ਅਤੇ ਆਧੁਨਿਕ ਤਕਨੀਕਾਂ ਦੇ ਨਾਲ ਇਸਨੂੰ ਹੋਰ ਵੀ ਅਰਥ ਭਰਪੂਰ ਬਣਾਉਣ ਵਿਚ ਸਫਲਤਾ ਹਾਸਲ ਕੀਤੀ। ਇਕ ਈਮਾਨਦਾਰ ਪ੍ਰੋਫੈਸਰ ਦੀ ਸਿਸਟਮ ਨਾਲ ਲੜਨ, ਉਸਦੀ ਇਮਾਨਦਾਰੀ ਉਸਦੇ ਆਪਣੇ ਪਰਿਵਾਰ ਤੇ ਭਾਰੂ ਪੈਣ ਅਤੇ ਖਪਤਵਾਦੀ ਯੁਗ ਵਿਚ ਆਪਣੇ ਸਿਧਾਂਤਾਂ ਨਾਲ ਕੋਈ ਸਮਝੌਤਾ ਨਾ ਕਰਨ ਦੇ ਨਾਲ ਜੀਵਨ ਦੀਆਂ ਤਲਖੀਆਂ ਦੇ ਰੂਬਰੂ ਹੋਣ ਦੇ ਨਾਲ ਭ੍ਰਿਸ਼ਟ ਸਿਸਟਮ ਨੂੰ ਚੁਣੌਤੀ ਦੇਣ ਦਾ ਵੱਡਾ ਸੁਨੇਹਾ ਹੈ ਇਸ ਨਾਟਕ ਵਿਚ। ਦਰਸ਼ਕਾਂ ਨੇ ਇਸ ਨਾਟਕ ਨੂੰ ਸਾਹ ਰੋਕ ਕੇ ਵੇਖਿਆ। ਸਕਰੀਨ ਪਲੇਅ ਦੇ ਨਾਲ ਮੰਚ ਤੇ ਵਿਚਰ ਰਹੇ ਕਿਰਦਾਰ ਵਲੋਂ ਖੁਦ ਨੂੰ ਜੋੜਕੇ ਕਹਾਣੀ ਨੂੰ ਅੱਗੇ ਤੋਰਨ ਦਾ ਇਕ ਸਫਲ ਤਜੁਰਬਾ ਰਿਹਾ। ਦਰਸ਼ਕਾਂ ਦੀਆਂ ਤਾੜੀਆਂ ਦੀ ਗੂੰਜ ਵਿਚ ਜਸਕਰਨ ਨੇ ਟੀਵੀ ਹੋਸਟ ਦੇ ਨਾਲ ਇਕ ਰੰਗਕਰਮੀ ਵਜੋਂ ਵੀ ਆਪਣੀ ਪਛਾਣ ਨੂੰ ਪਕੇਰਿਆਂ ਕੀਤਾ।

ਨਾਟਕ ਸ਼ੁਰੂ ਹੋਣ ਤੋਂ ਪਹਿਲਾਂ ਨਾਟਕ ਅਤੇ ਕਲਾਕਾਰ ਦੀ ਜਾਣ ਪਛਾਣ ਉਘੇ ਟੀਵੀ ਹੋਸਟ ਪਰਮਵੀਰ ਬਾਠ ਨੇ ਕਰਵਾਈ। ਨਾਟਕ ਅਤੇ ਮੁੱਖ ਕਿਰਦਾਰ ਬਾਰੇ ਉਘੇ ਕਲਾਕਾਰ ਰਾਣਾ ਰਣਬੀਰ ਨੇ ਵੀ ਕੁਝ ਸ਼ਬਦ ਸਾਂਝੇ ਕੀਤੇ। ਨਾਟਕ ਦੇ ਮੁੱਖ ਸਪਾਂਸਰ ਰੂਪ ਢਿੱਲੋਂ ਪੀਜ਼ਾ 64 ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *