ਸਰੀ (ਮਹੇਸ਼ਇੰਦਰ ਸਿੰਘ ਮਾਂਗਟ) — ਕ੍ਰਿਕਟ ਕੈਨੇਡਾ ਦੇ ਪ੍ਰਧਾਨ ਅਰਵਿੰਦਰ ਸਿੰਘ ਖੋਸਾ ਵੱਲੋਂ ਜਾਰੀ ਕੀਤੇ ਪ੍ਰੈਸ ਨੋਟ ਰਾਹੀਂ ਉਨ੍ਹਾਂ ਕਿਹਾ ਕਿ ਹਾਲ ਹੀ ਮੀਡੀਆ ਵਿੱਚ ਪ੍ਰਕਾਸ਼ਿਤ ਹੋਈ ਉਸ ਰਿਪੋਰਟ ਨੂੰ ਸਖ਼ਤੀ ਨਾਲ ਰੱਦ ਕੀਤਾ ਹੈ, ਜਿਸ ਵਿੱਚ ਸਰੀ ਦੇ ਇੱਕ ਰੈਸਟੋਰੈਂਟ ਵਿੱਚ ਕੁਝ ਕੈਨੇਡੀਅਨ ਕ੍ਰਿਕਟ ਖਿਡਾਰੀਆਂ ਵਿਚਾਲੇ ਝਗੜੇ ਦੀ ਗੱਲ ਕੀਤੀ ਗਈ ਸੀ।
ਖੋਸਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਇਹ ਰਿਪੋਰਟ ਪੂਰੀ ਤਰ੍ਹਾਂ ਗਲਤ ਅਤੇ ਤੱਥਾਂ ਤੋਂ ਰਹਿਤ ਹੈ ਅਤੇ ਇਹ ਸਿਰਫ਼ ਇੱਕ ਵਿਅਕਤੀ ਦੇ ਦਾਅਵਿਆਂ ‘ਤੇ ਆਧਾਰਿਤ ਹੈ, ਜਿਸ ਨੇ ਘਟਨਾ ਨਾਲ ਜੁੜੇ ਹੋਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਘਟਨਾ ਸਥਾਨ ‘ਤੇ ਮੌਜੂਦ ਦੋ ਖਿਡਾਰੀਆਂ ਵੱਲੋਂ ਨੋਟਰੀਕ੍ਰਿਤ ਹਲਫ਼ਨਾਮੇ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਸਪਸ਼ਟ ਤੌਰ ‘ਤੇ ਦਰਸਾਇਆ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਝਗੜਾ ਜਾਂ ਟਕਰਾਅ ਨਹੀਂ ਹੋਇਆ।
ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਕ੍ਰਿਕਟ ਕੈਨੇਡਾ ਮੈਨੇਜਮੈਂਟ ਦਾ ਕੋਈ ਵੀ ਪ੍ਰਤੀਨਿਧੀ ਇਸ ਘਟਨਾ ਦੌਰਾਨ ਮੌਜੂਦ ਨਹੀਂ ਸੀ, ਜਿਸ ਨਾਲ ਇਹ ਸਵਾਲ ਖੜ੍ਹੇ ਹੁੰਦੇ ਹਨ ਕਿ ਇਸ ਤਰ੍ਹਾਂ ਦੀ ਸੰਵੇਦਨਸ਼ੀਲ ਜਾਣਕਾਰੀ ਨੂੰ ਜਾਰੀ ਕਰਨ ਤੋਂ ਪਹਿਲਾਂ ਕਿੰਨੀ ਜਾਂਚ ਕੀਤੀ ਗਈ ਸੀ।
ਅਰਵਿੰਦਰ ਸਿੰਘ ਖੋਸਾ ਨੇ ਕਿਹਾ ਕਿ ਉਨ੍ਹਾਂ ਨੂੰ ਬਿਨਾਂ ਕਿਸੇ ਢੁੱਕਵੇਂ ਸਬੂਤ ਦੇ ਇਸ ਮਾਮਲੇ ਵਿੱਚ ਘਸੀਟਿਆ ਗਿਆ ਹੈ, ਜੋ ਉਨ੍ਹਾਂ ਦੀ ਛਵੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਉਹ ਇਸ ਮਾਮਲੇ ਵਿੱਚ ਬਦਨਾਮੀ (ਡਿਫੇਮੇਸ਼ਨ) ਦੇ ਖ਼ਿਲਾਫ਼ ਉਚਿਤ ਕਾਨੂੰਨੀ ਕਾਰਵਾਈ ਕਰਨਗੇ।
ਉਨ੍ਹਾਂ ਨੇ ਦੱਸਿਆ ਕਿ ਉਹ ਸਿਰਫ਼ ਦੱਸ ਦਿਨ ਪਹਿਲਾਂ ਹੀ ਕ੍ਰਿਕਟ ਕੈਨੇਡਾ ਦੇ ਪ੍ਰਧਾਨ ਬਣੇ ਹਨ ਅਤੇ ਉਹ ਦੇਸ਼ ਵਿੱਚ ਕ੍ਰਿਕਟ ਨੂੰ ਮਜ਼ਬੂਤ ਅਤੇ ਉੱਚੇ ਦਰਜੇ ‘ਤੇ ਲਿਜਾਣ ਲਈ ਵਚਨਬੱਧ ਹਨ। ਇਸ ਮੌਕੇ ‘ਤੇ ਅਣਪੁਸ਼ਟੀਤ ਅਤੇ ਗਲਤ ਰਿਪੋਰਟਿੰਗ ਸਾਹਮਣੇ ਆਉਣਾ ਬਹੁਤ ਦੁੱਖਦਾਇਕ ਹੈ, ਜਿਸ ਨਾਲ ਉਨ੍ਹਾਂ ਦੀ ਨਿੱਜੀ ਛਵੀ ਅਤੇ ਸੰਸਥਾ ਦੀ ਸਾਖ ‘ਤੇ ਅਸਰ ਪਿਆ ਹੈ।
ਉਨ੍ਹਾਂ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਤੱਥਾਂ ਦੀ ਪੁਸ਼ਟੀ ਤੋਂ ਬਿਨਾਂ ਕੋਈ ਵੀ ਖ਼ਬਰ ਪ੍ਰਕਾਸ਼ਿਤ ਨਾ ਕੀਤੀ ਜਾਵੇ ਅਤੇ ਇਸ ਬਿਆਨ ਨੂੰ ਪ੍ਰਕਾਸ਼ਿਤ ਕਰਕੇ ਸਹੀ ਤਸਵੀਰ ਜਨਤਾ ਸਾਹਮਣੇ ਰੱਖੀ ਜਾਵੇ।
ਅਖੀਰ ਵਿੱਚ, ਖੋਸਾ ਨੇ ਕਿਹਾ ਕਿ ਉਹ ਇਮਾਨਦਾਰੀ, ਸਮਰਪਣ ਅਤੇ ਜ਼ਿੰਮੇਵਾਰੀ ਨਾਲ ਕੈਨੇਡੀਅਨ ਕ੍ਰਿਕਟ ਦੀ ਸੇਵਾ ਕਰਦੇ ਰਹਿਣਗੇ ਅਤੇ ਦੇਸ਼ ਨੂੰ ਵਿਸ਼ਵ ਪੱਧਰ ‘ਤੇ ਮਜ਼ਬੂਤੀ ਨਾਲ ਅੱਗੇ ਵਧਾਉਣ ਲਈ ਕਟਬੱਧ ਹਨ।
