ਮਨਿੰਦਰ ਸਿੰਘ ਗਿੱਲ*
ਸਰੀ (ਕੈਨੇਡਾ)- ਕੈਨੇਡਾ ਇੱਕ ਖੂਬਸੂਰਤ ਦੇਸ਼ ਹੈ, ਜਿਸ ਦੀ ਖੂਬਸੂਰਤੀ ਨਾ ਸਿਰਫ ਇਸ ਦੇ ਕੁਦਰਤੀ ਸੋਮਿਆਂ ਕਰਕੇ ਹੈ ਬਲਕਿ ਕੈਨੇਡੀਅਨ ਲੋਕਾਂ ਦੇ ਨਿੱਘੇ ਸੁਭਾਅ ਦੇ ਨਾਲ ਵੀ ਹੈ। ਕੈਨੇਡਾ ਨੇ ਖੁਲ੍ਹੀਆਂ ਬਾਹਾਂ ਦੇ ਨਾਲ ਮੇਰੇ ਵਰਗੇ ਅਨੇਕਾਂ ਹੀ ਪ੍ਰਵਾਸੀਆਂ ਨੂੰ ਆਪਣੇ ਕਲਾਵੇ ਵਿੱਚ ਲਿਆ ਹੈ, ਜਿੱਥੇ ਧਰਮ ਜਾਤ ਦੇਸ਼ ਅਤੇ ਨਸਲ ਦੇ ਵਖਰੇਵਿਆਂ ਤੋਂ ਬਿਨਾਂ ਕੈਨੇਡਾ ਨੇ ਸਾਨੂੰ ਇੱਕ ਚੰਗਾ ਅਤੇ ਬਾਇੱਜਤ ਜੀਵਨ ਦਿੱਤਾ ਹੈ ਅਤੇ ਨਾਲ ਹੀ ਤਰੱਕੀ ਦੇ ਮੌਕੇ ਵੀ ਬਖਸ਼ੇ ਹਨ।
ਪ੍ਰਵਾਸ ਜਿੱਥੇ ਨਵੇਂ ਮੌਕਿਆਂ ਨੂੰ ਜਨਮ ਦਿੰਦਾ ਹੈ ਉੱਥੇ ਨਾਲ ਦੀ ਨਾਲ ਨਵੀਆਂ ਚੁਣੌਤੀਆਂ ਨੂੰ ਵੀ ਖੜਾ ਕਰਦਾ ਹੈ। ਕੈਨੇਡਾ ਦੇ ਸੰਦਰਭ ਵਿੱਚ ਪ੍ਰਵਾਸ ਦੇ ਨਾਲ-ਨਾਲ ਵਿਦੇਸ਼ੀ ਸਮੱਸਿਆਵਾਂ ਵੀ ਕੈਨੇਡਾ ਦੇ ਸਿਆਸੀ ਮਾਹੌਲ ਦਾ ਹਿੱਸਾ ਬਣ ਗਈਆਂ ਹਨ। ਇਨ੍ਹਾਂ ਵਿਦੇਸ਼ੀ ਸਮੱਸਿਆਵਾਂ ਨੂੰ ਇੱਕ ਜ਼ਰੀਆ ਬਣਾ ਕੇ ਵਿਦੇਸ਼ੀ ਸਿਆਸੀ ਤਨਜ਼ੀਮਾਂ ਕੈਨੇਡਾ ਵਿੱਚ ਆਪਣੇ ਪੈਰ ਜਮਾ ਚੁੱਕੀਆਂ ਹਨ, ਜੋ ਆਪਣੇ ਮਕਸਦ ਦੀ ਪੂਰਤੀ ਲਈ ਹਿੰਸਕ ਗਤੀਵਿਧੀਆਂ ਨੂੰ ਉਚਿਤ ਠਹਿਰਾਉਂਦੀਆਂ ਹਨ। ਇਹ ਹਿੰਸਕ ਸੋਚ ਵਾਲੀਆਂ ਤਨਜ਼ੀਮਾਂ ਜਿੱਥੇ ਦੁਨੀਆ ਦੀ ਸਥਿਰਤਾ ਲਈ ਇੱਕ ਖਤਰਾ ਹਨ ਉਥੇ ਹੀ ਕੈਨੇਡਾ ਦੀ ਆਪਣੀ ਸੁਰੱਖਿਆ ਅਤੇ ਭਗੋਲਿਕ ਅਖੰਡਤਾ ਦੇ ਲਈ ਵੀ ਇੱਕ ਖਤਰਾ ਬਣ ਚੁੱਕੀਆਂ ਹਨ, ਕਿਉਂਕਿ ਇਹਨਾਂ ਦਾ ਦਿਲ ਕੈਨੇਡਾ ਦੀ ਭਲਾਈ ਤੇ ਉਨਤੀ ਵਿੱਚ ਨਹੀਂ ਸਗੋਂ ਇਹ ਵਿਦੇਸ਼ਾਂ ਤੋਂ ਆਪਣੇ ਮਾਰਚਿੰਗ ਆਰਡਰਸ ਲੈਂਦੀਆਂ ਹਨ।
ਅਜਿਹਾ ਹੀ ਇੱਕ ਮਸਲਾ ਹੁਣ ਉਦੋਂ ਸਾਹਮਣੇ ਆਇਆ ਹੈ ਜਦੋਂ ਅਲਬਰਟਾ ਦੇ ਵਿੱਚ ਇੱਕ ਵੱਖਵਾਦੀ ਰੈਫਰੈਂਡਮ ਕਰਵਾਇਆ ਜਾ ਰਿਹਾ ਹੈ। ਇਸ ਰੈਫਰੈਂਡਮ ਕਰਵਾਉਣ ਵਾਲੇ ਗਰੁੱਪ ਤੇ ਇਹ ਇਲਜ਼ਾਮ ਲੱਗੇ ਹਨ ਕਿ ਉਹ ਟਰੰਪ ਪ੍ਰਸ਼ਾਸ਼ਨ ਦੇ ਸੰਪਰਕ ਵਿੱਚ ਹਨ ਅਤੇ ਅਮਰੀਕਾ ਤੇ ਰੂਸ ਇਸ ਅਲਹਿਦਗੀ ਦੀ ਕਾਰਵਾਈ ਵਿੱਚ ਦਖ਼ਲਅੰਦਾਜ਼ੀ ਕਰਕੇ ਕੈਨੇਡਾ ਨੂੰ ਤੋੜਨ ਦੀਆਂ ਚਾਲਾਂ ਚੱਲ ਰਹੇ ਹਨ। ਇਹਨਾਂ ਚਾਲਾਂ ਵਿੱਚ ਇਹ ਵਿਦੇਸ਼ੀ ਤਾਕਤਾਂ ਹਰੇਕ ਹਰਬਾ ਅਤੇ ਹਰੇਕ ਟੂਲ ਇਸਤੇਮਾਲ ਕਰ ਰਹੀਆਂ ਹਨ ਜਿਸ ਵਿੱਚ ਖਾਲਿਸਤਾਨੀ ਵੱਖਵਾਦੀ ਵੀ ਸ਼ਾਮਿਲ ਹਨ। ਖਾਲਿਸਤਾਨੀ ਵੱਖਵਾਦੀ ਸੰਗਠਨਾਂ ਵਲੋਂ ਅਲਬਰਟਾ ਰੈਫਰੈਂਡਮ ਜੋ ਕਿ 19 ਅਕਤੂਬਰ ਨੂੰ ਹੋਣ ਜਾ ਰਿਹਾ ਹੈ ਉਸ ਤੋਂ ਇੱਕ ਦਿਨ ਪਹਿਲਾਂ ਹੀ ਯਾਨੀ ਕਿ 18 ਅਕਤੂਬਰ ਨੂੰ ਅਲਬਰਟਾ ਦੇ ਵਿੱਚ ਆਪਣਾ ਖਾਲਿਸਤਾਨ ਰੈਫਰੈਂਡਮ ਆਯੋਜਿਤ ਕਰਨ ਦਾ ਐਲਾਨ ਕੀਤਾ ਹੈ।
* ਮੈਨਜਿੰਗ ਡਾਇਰੈਕਟਰ,
ਰੇਡੀਓ ਇੰਡੀਆ, ਸਰੀ (ਬੀਸੀ) ਕੈਨੇਡਾ
