ਸਰੀ- ਬੀਤੇ ਦਿਨ ਬੀਸੀ ਕੰਸਰਵੇਟਿਵ ਪਾਰਟੀ ਦੇ ਅੰਤਰਿਮ ਨੇਤਾ ਅਤੇ ਸਾਊਥ ਸਰੀ-ਵਾਈਟ ਰੌਕ ਤੋਂ ਵਿਧਾਇਕ ਟ੍ਰੇਵਰ ਹੈਲਫੋਰਡ ਨੇ ਪੰਜਾਬੀ ਪ੍ਰੈਸ ਕਲੱਬ ਨਾਲ ਇਕ ਮਿਲਣੀ ਦੌਰਾਨ ਪਾਰਟੀ ਦੀਆਂ ਨੀਤੀਆਂ, ਪਾਰਟੀ ਲੀਡਰਸ਼ਿਪ ਲਈ ਚੋਣ ਮੁਹਿੰਮ ਅਤੇ ਬੀਸੀ ਨਿਵਾਸੀਆਂ ਨਾਲ ਸਬੰਧਿਤ ਕਈ ਮੁੱਦਿਆਂ ਉਪਰ ਚਰਚਾ ਕੀਤੀ। ਉਹਨਾਂ ਦੱਸਿਆ ਕਿ ਪਾਰਟੀ ਦੀ ਲੀਡਰਸ਼ਿਪ ਚੋਣ ਵਿਚ ਸਾਊਥ ਏਸ਼ੀਅਨ ਭਾਈਚਾਰਾ ਬੜੇ ਉਤਸ਼ਾਹ ਨਾਲ ਭਾਗ ਲੈ ਰਿਹਾ ਹੈ। ਉਨ੍ਹਾਂ ਨੇ ਚੋਣ ਮੁਹਿੰਮ ਦੌਰਾਨ ਪੰਜਾਬੀ ਭਾਈਚਾਰੇ ਦੀਆਂ ਸ਼ਿਕਾਇਤਾਂ ਨੂੰ ਸਵੀਕਾਰ ਕੀਤਾ ਤੇ ਕਿਹਾ ਕਿ ਉਹਨਾਂ ਦੀਆਂ ਚਿੰਤਾਵਾਂ ਨੂੰ ਦੂਰ ਕੀਤਾ ਜਾਵੇਗਾ, ਨਾਲ ਹੀ ਇਹ ਵੀ ਕਿਹਾ ਕਿ ਕੋਈ ਵੀ ਸਿਸਟਮ ਪੂਰੀ ਤਰ੍ਹਾਂ ਨੁਕਸ ਜਾਂ ਗਲਤੀਆਂ ਤੋਂ ਰਹਿਤ ਨਹੀਂ ਹੁੰਦਾ। ਉਹਨਾਂ ਮੀਡੀਆ ਵਲੋਂ ਉਠਾਏ ਵੱਖ ਵੱਖ ਸਵਾਲਾਂ ਦੇ ਜਵਾਬ ਦਿੰਦਿਆਂ ਡਰਿਪਾ ( ਡੈਕਲਰੇਸ਼ਨ ਔਨ ਰਾਈਟਸ ਆਫ ਇੰਡਿਜੀਨਸ ਪੀਪਲਜ਼ ਐਕਟ) ਬਾਰੇ ਆਪਣਾ ਪੱਖ ਸਪੱਸ਼ਟ ਕੀਤਾ। ਉਹਨਾਂ ਕਿਹਾ ਕਿ ਇਸਦੀਆਂ ਕੁਝ ਧਾਰਾਵਾਂ ਸਪੱਸ਼ਟ ਰੂਪ ਵਿਚ ਹਟਾਉਣ ਦੀ ਲੋੜ ਹੈ।
ਉਨ੍ਹਾਂ ਅੱਗੇ ਕਿਹਾ ਕਿ ਪਾਰਟੀ ਹਾਲ ਹੀ ਦੇ ਮਹੀਨਿਆਂ ਵਿੱਚ ਮਜ਼ਬੂਤ ਹੋਈ ਹੈ ਅਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਬੀਸੀ ਐਨ ਡੀ ਪੀ ਨੂੰ ਹਰਾਉਣ ਦੇ ਪੂਰੀ ਤਰਾਂ ਸਮਰੱਥ ਹੈ। ਇਸ ਲਈ ਉਹਨਾਂ ਬੀਸੀ ਕੰਸਰਵੇਟਿਵ ਦੀ ਲੋਕਪ੍ਰਿਯਤਾ ਵਿਚ ਭਾਰੀ ਵਾਧੇ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਜੋ ਵੀ ਪਾਰਟੀ ਦਾ ਨਵਾਂ ਨੇਤਾ ਬਣ ਕੇ ਉਭਰੇਗਾ, ਉਹ ਪਾਰਟੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਉਣ ਲਈ ਆਪਣੀ ਪੂਰੀ ਕੋਸ਼ਿਸ਼ ਕਰੇਗਾ। ਪਾਰਟੀ ਦੇ ਨਵੇਂ ਆਗੂ ਦੀ ਚੋਣ 30 ਮਈ ਨੂੰ ਹੋਣ ਜਾ ਰਹੀ ਹੈ।

