ਟੀਪੀਏਆਰ ਕਲੱਬ ਦੇ 80 ਮੈਂਬਰਾਂ ਦੇ ਵੱਡੇ ਗਰੁੱਪ ਨੇ ਕੀਤੀ ਭਰਵੀਂ ਸ਼ਮੂਲੀਅਤ-
ਬਰੈਂਪਟਨ, (ਡਾ. ਸੁਖਦੇਵ ਸਿੰਘ ਝੰਡ)- ਲੰਘੇ ਐਤਵਾਰ 24 ਮਈ ਨੂੰ ਸਥਾਨਕ ਚਿੰਗੂਆਕੂਜ਼ੀ ਪਾਰਕ ‘ਚ ‘ਬਰੈਂਪਟਨ ਹਾਫ਼-ਮੈਰਾਥਨ ਈਵੈਂਟ’ ਸਫ਼ਲਤਾ ਪੂਰਵਕ ਆਯੋਜਿਤ ਕੀਤਾ ਗਿਆ। ਪਿਛਲੇ ਇੱਕ ਦਿਨ ਤੋਂ ਲ਼ਗਾਤਾਰ ਚੱਲੇ ਆ ਰਹੇ ਮੀਂਹ-ਕਣੀ ਵਾਲੇ ਖ਼ਰਾਬ ਮੌਸਮ ਦੇ ਬਾਵਜੂਦ ਇਸ ਵਿੱਚ 2,100 ਤੋਂ ਵਧੇਰੇ ਦੌੜਾਕਾਂ ਤੇ ਵਾੱਕਰਾਂ ਨੇ ਹਾਫ਼-ਮੈਰਾਥਨ, 10 ਕਿਲੋਮੀਟਰ ਅਤੇ 5 ਕਿਲੋਮੀਟਰ ਦੌੜਾਂ ਵਿੱਚ ਬੜੇ ਜੋਸ਼ ਤੇ ਉਤਸ਼ਾਹ ਨਾਲ ਭਾਗ ਲਿਆ। ਇਨ੍ਹਾਂ ਤਿੰਨਾਂ ਮੁੱਖ ਤੌੜਾਂ ਤੋਂ ਇਲਾਵਾ 6 ਸਾਲ ਤੋਂ ਛੋਟੇ ਬੱਚਿਆਂ ਅਤੇ 65 ਸਾਲ ਤੋਂ ਉੱਪਰਲੇ ਸੀਨੀਅਰਾਂ ਦੇ ਲਈ ਇੱਕ ਕਿਲੋਮੀਟਰ ਦੌੜ ਆਯੋਜਿਤ ਕੀਤੀ ਗਈ, ਜਿਸ ਵਿੱਚ ਬੱਚਿਆਂ ਅਤੇ ਸੀਨੀਅਰਾਂ ਵੱਲੋਂ ਦਿਖਾਇਆ ਗਿਆ ਉਤਸ਼ਾਹ ਵੇਖਿਆਂ ਹੀ ਬਣਦਾ ਸੀ।
ਸਵੇਰੇ ਸੱਤ ਵਜੇ ਤੋਂ ਹੀ ਚਿੰਗੂਆਕੂਜ਼ੀ ਪਾਰਕ ਵਿੱਚ ਮੇਲੇ ਵਾਲਾ ਮਾਹੌਲ ਬਣਨਾ ਸ਼ੁਰੂ ਹੋ ਗਿਆ। ਟੀਪੀਏਆਰ ਕਲੱਬ ਬਰੈਂਪਟਨ, ‘ਸਹਾਇਤਾ’ ਤੇ ‘ਪਿੰਗਲਵਾੜਾ’ ਸਮਾਜ-ਸੇਵੀ ਸੰਸਥਾਵਾਂ, ‘ਸਿੰਘ ਪੀਜ਼ਾ’, ਫਲ਼-ਫਰੂਟ ਤੇ ਹੋਰ ਪੌਸ਼ਟਿਕ ਖਾਧ-ਪਦਾਰਥਾਂ ਦੀ ਸੇਵਾ ਕਰਨ ਵਾਲੀਆਂ ਸੰਸਥਾਵਾਂ ਨੇ ਆਪੋ-ਆਪਣੇ ਟੈਂਟ ਲਗਾਉਣੇ ਆਰੰਭ ਕਰ ਦਿੱਤੇ ਅਤੇ ਇਸਦੇ ਨਾਲ ਹੀ ਵੱਖ-ਵੱਖ ਦੌੜਾਂ ਵਿੱਚ ਭਾਗ ਲੈਣ ਵਾਲੇ ਦੌੜਾਕ ਅਤੇ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕਰਨ ਵਾਲੇ ਸਹਾਇਕ ਆਉਣੇ ਸ਼ੁਰੂ ਹੋ ਗਏ। ਅੱਠ ਵਜੇ ਤੱਕ ਦੌੜਾਂ ਦੇ ਇਸ ‘ਮੇਲੇ’ ਵਿੱਚ ਚੰਗੀ ਰੌਣਕ ਹੋ ਗਈ।
ਸੱਭ ਤੋਂ ਪਹਿਲਾਂ ਸਵੇਰੇ ਅੱਠ ਵਜੇ 21 ਕਿਲੋਮੀਟਰ ‘ਹਾਫ਼-ਮੈਰਾਥਨ’ ਦੌੜਨ ਵਾਲੇ ਦੌੜਾਕਾਂ ਨੂੰ ‘ਵਾਰਮ-ਅੱਪ’ ਕਰਵਾਉਣ ਤੋਂ ਬਾਅਦ ਇਹ ਦੌੜ ਆਰੰਭ ਕਰਨ ਦੀ ‘ਹਰੀ ਝੰਡੀ’ ਬਰੈਂਪਟਨ ਦੇ ਡਿਪਟੀ ਮੇਅਰ ਹਰਕੀਰਤ ਸਿੰਘ ਤੇ ਉਨ੍ਹਾਂ ਦੇ ਸਾਥੀ ਕੌਸਲਰਾਂ ਵੱਲੋਂ ਵਿਖਾਈ ਗਈ। ਤਿੰਨਾਂ ਮੁੱਖ ਦੌੜਾਂ ਦਾ ਰੂਟ ਬਰੈਮਲੀ ਰੋਡ ਉੱਪਰ ਉੱਤਰ ਵਾਲੇ ਪਾਸੇ ਵਿਲੀਅਮ ਪਾਰਕਵੇਅ ਤੋਂ ਅੱਗੇ ਨੌਰਥ ਪਾਰਕ ਤੱਕ ਅਤੇ ਉਸ ਤੋਂ ਸੱਜੇ ਤੇ ਖੱਬੇ ਪਾਸੇ ਜਾਣ ਦਾ ਸੀ। ਪ੍ਰਬੰਧਕਾਂ ਵੱਲੋਂ ਪਹਿਲਾਂ ਤੋਂ ਨਿਰਧਾਰਿਤ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਪੰਜ ਕਿਲੋਮੀਟਰ ਵਾਲਿਆਂ ਨੇ ਇਸ ਤੋਂ ਖੱਬੇ ਪਾਸੇ ਮੁੜਨਾ ਸੀ, ਜਦਕਿ 10 ਅਤੇ 21 ਕਿਲੋਮੀਟਰ ਵਾਲੇ ਦੌੜਾਕਾਂ ਨੇ ਸੱਜੇ ਪਾਸੇ ਮੁੜ ਕੇ ਵੱਖ-ਵੱਖ ‘ਲੂਪਸ’ ਬਣਾਉਂਦਿਆਂ ਹੋਇਆਂ ਵਾਪਸ ਆ ਕੇ ਇੱਥੋਂ ਅੱਗੇ ਸਿੱਧੇ ਜਾ ਕੇ ਪੰਜ ਕਿਲੋਮੀਟਰ ਵਾਲੇ ਨਿਰਧਾਰਤ ਰੂਟ ‘ਤੇ ਪੈ ਕੇ ਈਟੋਬੋਕੋ ਕਰੀਕ ਦੇ ਨਾਲ-ਨਾਲ ਜਾਂਦੇ ਛੋਟੇ ਰਸਤੇ ‘ਤੇ ਜਾ ਕੇ ਚਿੰਗੂਆਕੂਜ਼ੀ ਪਾਰਕ ਵਾਪਸ ‘ਬਰੈਮਲੀ ਰੋਡ ਸਥਿਤ ਸਟਾਰਟ/ਫ਼ਿਨਿਸ਼ ਪੋਆਇੰਟ’ ‘ਤੇ ਪਹੁੰਚਣਾ ਸੀ।
10 ਕਿਲੋਮੀਟਰ ਵਾਲੇ ਦੌੜਾਕਾਂ ਨੂੰ ‘ਵਾਰਮਿੰਗ-ਅੱਪ’ ਤੋਂ ਬਾਅਦ ਕ੍ਰਮਵਾਰ 8.30 ਵਜੇ ਅਤੇ 5 ਕਿਲੋਮੀਟਰ ਵਾਲਿਆਂ ਨੂੰ 9.00 ਵਜੇ ਦੌੜਨ ਦੇ ਹਰੇ ‘ਸਿਗਨਲ’ ਦਿੱਤੇ ਗਏ ਜੋ ਆਪੋ-ਆਪਣੇ ਰੂਟਾਂ ਤੋਂ ਗੁਜ਼ਰਦੇ ਹੋਏ ਵਾਪਸ ‘ਫਿਨਿਸ਼ ਪੋਆਇੰਟ’ ‘ਤੇ ਪਹੁੰਚੇ, ਜਿੱਥੇ ਉਨ੍ਹਾਂ ਅਤੇ 21 ਕਿਲੋਮੀਟਰ ਦੌੜਾਕਾਂ ਦੇ ਗਲ਼ਾਂ ‘ਚ ਮੈਡਲ ਪਾ ਕੇ ਉਨ੍ਹਾਂ ਦਾ ਭਰਵਾਂ ਸੁਆਗ਼ਤ ਕੀਤਾ ਗਿਆ। ਛੋਟੇ ਬੱਚਿਆਂ ਦੀ ਇੱਕ ਕਿਲੋਮੀਟਰ ਦੌੜ ਬਰੈਮਲੀ ਰੋਡ ਤੇ ਵਿਲੀਅਮ ਪਾਰਕਵੇਅ ਦੇ ਇੰਟਰਸੈੱਕਸ਼ਨ ਤੋਂ 9.45 ਵਜੇ ਅਤੇ ਸੀਨੀਅਰਾਂ ਦੀ 10.15 ਵਜੇ ਆਰੰਭ ਹੋਈ ਅਤੇ ‘ਫਿਨਿਸ਼ ਪੋਆਇੰਟ’ ਉੱਪਰ ਪਹੁੰਚਣ ‘ਤੇ ਉਨ੍ਹਾਂ ਦਾ ਵੀ ਓਸੇ ਤਰ੍ਹਾਂ ਮੈਡਲ ਪਾ ਕੇ ਸੁਆਗ਼ਤ ਕੀਤਾ ਗਿਆ।
ਤਿੰਨਾਂ ਮੁੱਖ-ਦੌੜਾਂ, ਭਾਵ 21 ਕਿਲੋਮੀਟਰ, 10 ਕਿਲੋਮੀਟਰ ਅਤੇ 5 ਕਿਲੋਮੀਟਰ ਦੌੜਾਂ ਵਿੱਚ ਪਹਿਲੇ, ਦੂਸਰੇ ਅਤੇ ਤੀਸਰੇ ਨੰਬਰ ‘ਤੇ ਆਉਣ ਵਾਲੇ ਮਰਦ ਤੇ ਇਸਤਰੀ ਦੌੜਾਕਾਂ ਨੂੰ ਵਿਸ਼ੇਸ਼ ਮੈਡਲਾਂ ਤੇ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। 21 ਕਿਲੋਮੀਟਰ ਦੌੜ ਵਿੱਚ ਪਰਦੁਮਨ ਸਿੰਘ ਸੇਤੀਆ (1 ਘੰਟਾ 16 ਮਿੰਟ 50 ਸਕਿੰਟ), ਜਸਟਿਨ ਲੇਈ (1 ਘੰਟਾ 17 ਮਿੰਟ 25 ਸਕਿੰਟ) ਰੌਬੀ ਰਾਏ (1 ਘੰਟਾ 21 ਮਿੰਟ 23 ਸਕਿੰਟ) ਪਹਿਲੇ ਤਿੰਨ ਸਥਾਨਾਂ ‘ਤੇ ਰਹੇ। ਏਸੇ ਤਰ੍ਹਾਂ 10 ਕਿਲੋਮੀਟਰ ਦੌੜ ਵਿੱਚ ਰੈਲਫ਼ ਆਰੋਨ ਲਗਾਸਾ (38 ਮਿੰਟ 51 ਸਕਿੰਟ), ਵਿਗਨੇਸ਼ ਰਾਮਾਸਵਾਮੀ (42 ਮਿੰਟ 1 ਸਕਿੰਟ), ਪਾਲ ਔਜਲਾ (43 ਮਿੰਟ 8 ਸਕਿੰਟ) ਅਤੇ 5 ਕਿਲੋਮੀਟਰ ਦੌੜ ਵਿੱਚ ਕਨੀਕ ਥੌਮਸ (12 ਮਿੰਟ 29 ਸਕਿੰਟ), ਈਥਨ ਸਿਟ (12 ਮਿੰਟ 39 ਸਕਿੰਟ) ਅਤੇ ਪਵਨਬੀਰ ਸਿੰਘ 12 ਮਿੰਟ 54 ਸਕਿੰਟ) ਸਮੇਂ ਨਾਲ ਪਹਿਲੇ ਤਿੰਨ ਸਥਾਨਾਂ ‘ਤੇ ਆਏ।
ਟੀਪੀਏਆਰ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਦੀ ਅਗਵਾਈ ਵਿੱਚ ਕਲੱਬ ਦੇ 80 ਮੈਂਬਰਾਂ ਨੇ ਦੌੜਾਂ ਦੇ ਇਸ ਵੱਡੇ ਈਵੇਂਟ ਵਿੱਚ ‘ਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਦੇ ਤੇਜ਼ ਦੌੜਾਕਾਂ ਵਿੱਚੋਂ ਸੂਰਤ ਚਾਹਲ ਤੇ ਸਵਰਨ ਸਿੰਘ ਦੋਵੇਂ ਹਾਫ਼-ਮੈਰਾਥਨ ਇੱਕ ਘੰਟਾ 56 ਮਿੰਟ 25 ਸਕਿੰਟ, ਅਰੁਨ ਗੁਪਤਾ 2 ਘੰਟੇ 6 ਮਿੰਟ 47 ਸਕਿੰਟ, ਹਰਜੀਤ ਸਿੰਘ 2 ਘੰਟੇ 23 ਮਿੰਟ 51 ਸਕਿੰਟ ਅਤੇ ਧਿਆਨ ਸਿੰਘ ਸੋਹਲ 2 ਘੰਟੇ 30 ਮਿੰਟ 29 ਸਕਿੰਟ ‘ਚ ਲਗਾ ਕੇ ਪਹਿਲੇ ਚਾਰ ਸਥਾਨਾਂ ‘ਤੇ ਰਹੇ, ਜਦਕਿ 10 ਕਿਲੋਮੀਟਰ ਦੌੜ ਨਿਰਮਲ ਗਿੱਲ 52 ਮਿੰਟ 48 ਸਕਿੰਟ, ਅਮਰਜੀਤ ਸਿੰਘ 53 ਮਿੰਟ 41 ਸਕਿੰਟ, ਸੋਢੀ ਕੰਗ 56 ਮਿੰਟ 30 ਸਕਿੰਟ ਅਤੇ ਜਸਵਿੰਦਰ ਜੱਸੀ ਧਾਲੀਵਾਲ ਨੇ ਇਹ ਦੌੜ 56 ਮਿੰਟ 39 ਸਕਿੰਟਾਂ ਵਿੱਚ ਲਗਾ ਕੇ ਕ੍ਰਮਵਾਰ ਪਹਿਲੇ ਚਾਰ ਸਥਾਨ ਪ੍ਰਾਪਤ ਕੀਤੇ। ਕਲੱਬ ਦੇ ਦੋ ਹੋਰ ਦੌੜਾਕਾਂ ਕਰਮਜੀਤ ਗਿੱਲ ਅਤੇ ਮਨਜੀਤ ਨੌਟਾ ਨੇ ਇਹ ਦੌੜ ਕ੍ਰਮਵਾਰ 1 ਘੰਟਾ 1 ਮਿੰਟ 42 ਸਕਿੰਟਾਂ ਅਤੇ 1 ਘੰਟਾ 13 ਮਿੰਟ 38 ਸਕਿੰਟਾਂ ਵਿੱਚ ਸੰਪੰਨ ਕੀਤੀ।
ਕਲੱਬ ਦੇ ਸੱਭ ਤੋਂ ਸੀਨੀਅਰ ਮੈਂਬਰ ਤੇ ਸਰਪ੍ਰਸਤ 82 ਸਾਲਾ ਇੰਜ. ਈਸ਼ਰ ਸਿੰਘ ਚਾਹਲ ਅਤੇ ਮੀਡੀਆ ਕੋਆਰਡੀਨੇਟਰ 76 ਸਾਲਾ ਡਾ. ਸੁਖਦੇਵ ਸਿੰਘ ਝੰਡ ਨੇ ਮਜ਼ੇ-ਮਜ਼ੇ ਚੱਲਦਿਆਂ ਇਸ ਦੌੜ ਦਾ 5 ਕਿਲੋਮੀਟਰ ਰੂਟ 59 ਮਿੰਟ 38 ਸਕਿੰਟਾਂ ‘ਚ ਤੈਅ ਕੀਤਾ। ਕਲੱਬ ਦੇ ਤੇਜ਼-ਤਰਾਰ ਤੇ ਹੋਣਹਾਰ 13 ਸਾਲਾ ਬੱਚੇ ਗੈਵਿਨ ਅੱਟਾ ਨੇ ਇਹ 5 ਕਿਲੋਮੀਟਰ ਦੌੜ 25 ਮਿੰਟ 58 ਮਿੰਟ ‘ਚ ਪੂਰੀ ਕਰਕੇ ਇਸ ਵਿੱਚ 311ਵੇਂ ਸਥਾਨ ਪ੍ਰਾਪਤ ਕੀਤਾ, ਜਦਕਿ 12 ਸਾਲ ਦੇ ਇੱਕ ਹੋਰ ਮੈਂਬਰ ਸਮਰਿੱਧ ਝੰਡ ਨੇ ਇਹ 5 ਕਿਲੋਮੀਟਰ ਦੌੜ 50 ਮਿੰਟ 15 ਸਕਿੰਟਾਂ ‘ਚ ਸੰਪੰਨ ਕੀਤੀ। ਛੋਟੇ ਬੱਚਿਆਂ ਰੌਨਿਧ ਝੰਡ, ਫ਼ਰਹਾ ਗਿੱਲ, ਜ਼ਾਰੀਆ ਗਿੱਲ, ਸਾਰਾ ਗਿੱਲ, ਅਲਿਜ਼ਬੈੱਥ ਤੇ ਅਲਿਵੀਆ ਨੇ ਇਸ ਈਵੈਂਟ ਦੀ ਇੱਕ ਕਿਲੋਮੀਟਰ ਦੌੜ ਵਿੱਚ ਬੜੇ ਚਾਅ ਨਾਲ ਭਾਗ ਲਿਆ।
ਕਲੱਬ ਦੇ ਸਰਪ੍ਰਸਤ ਇੰਜ. ਈਸ਼ਰ ਸਿੰਘ ਚਾਹਲ ਅਤੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਵੱਲੋਂ ਕਲੱਬ ਦੇ ਸਮੂਹ ਮੈਂਬਰਾਂ, ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਇਸ ਮਹਾਨ ਈਵੈਂਟ ਵਿੱਚ ਸ਼ਾਮਲ ਹੋਣ ਤੇ ਇਸ ਨੂੰ ਸਫ਼ਲ ਬਨਾਉਣ ਲਈ ਹਾਰਦਿਕ ਧੰਨਵਾਦ ਕੀਤਾ ਗਿਆ ਅਤੇ ਨਾਲ ਹੀ ਅਗਲੇ ਮਹੀਨੇ 13 ਜੂਨ ਨੂੰ ਪੀਲ ਪੋਲੀਸ ਵੱਲੋਂ ਕਰਵਾਏ ਜਾ ਰਹੇ ‘ਰੇਸ ਅਗੇਸਨਸਟ ਰੇਸਿਜ਼ਮ’ ਈਵੈਂਟ ਵਿੱਚ ਏਸੇ ਹੀ ਤਰ੍ਹਾਂ ਜੋਸ਼ ਤੇ ਉਤਸ਼ਾਹ ਨਾਲ ਭਾਗ ਲੈਣ ਲਈ ਬੇਨਤੀ ਕੀਤੀ ਗਈ।




