May 29, 2026

ਦਰਬਾਰਾ ਸਿੰਘ ਕਾਹਲੋ ( +12898292929)-

ਕੈਨੇਡਾ ਵਿੱਚ ਵਾਪਰੀਆਂ ਦੋ ਮੌਜੂਦਾ ਅਪਰਾਧਿਕ ਘਟਨਾਵਾਂ ਨੇ ਨਾ ਸਿਰਫ ਲੇਖਕ ਬਲਕਿ ਦੇਸ਼ ਵਿਦੇਸ਼ ਵਿੱਚ ਵੱਸਦੇ ਸਮੂਹ ਸਿੱਖ ਭਾਈਚਾਰੇ ਨਾਲ ਸਬੰਧਿਤ ਸੁਹਿਰਦ ਸਿੱਖਾਂ ਦੇ ਹਿਰਦੇ ਬੁਰੀ ਤਰ੍ਹਾਂ ਛਲਣੀ -ਛਲਣੀ ਕਰਕੇ ਰੱਖ ਦਿੱਤੇ ਹਨ। ਇਹਨਾਂ ਦੁਸ਼ -ਘਟਨਾਵਾਂ ਨੇ ਸਿੱਖ ਪੰਥ ਦੇ ਉੱਚੇ ਸੁੱਚੇ ਕਿਰਦਾਰ  ਦੇ ਮੱਥੇ ਤੇ ਬਦਨਾਮੀ ਦਾ ਟਿੱਕਾ ਲਗਾ ਕੇ ਰੱਖ ਦਿੱਤਾ ਹੈ । ਦੂਸਰੇ ਭਾਈਚਾਰਿਆਂ ਦੇ ਲੋਕ ਹੈਰਾਨ ਹਨ ਕਿ ਕੀ ਸਿੱਖ ਐਸੇ ਗਿਰੇ ਹੋਏ ਅਣਮਨੁੱਖੀ ਅਤੇ ਅਪਰਾਧਿਕ  ਕਿਰਦਾਰ ਵਾਲੇ ਵੀ ਹੋ ਸਕਦੇ ਹਨ ?

ਪਹਿਲੀ ਘਟਨਾ :

ਪਹਿਲੀ  ਅਣਮਨੁੱਖੀ ਅਤੇ ਅਤੀ ਸੰਵੇਦਨਸ਼ੀਲ ਘਟਨਾ ਪਿਛਲੇ ਸ਼ੁਕਰਵਾਰ 22 ਮਈ ਦੀ ਹੈ ਜਦੋਂ ਇੱਕ ਸਿੱਖ ਨੌਜਵਾਨ 23 ਸਾਲਾ  ਲੜਕੀ ਨੂੰ ਬੁਰੀ ਤਰਹਾਂ ਮਸ਼ਕੂਕ ਬਿਮਾਰੀ ਦੀ ਹਾਲਤ ਵਿੱਚ ਪੁਲਿਸ  ਹੈਲੀਫੈਕਸ (ਨੋਵਾ ਸਕੋਸ਼ੀਆ )ਵਿਖੇ ਕਲੇਟਨ ਪਾਰਕ ਅਰਬਨ ਨੇੜੇ  ਵਿਲੈਟ ਸਟਰੀਟ ਅਪਾਰਟਮੈਂਟ ਵਿੱਚੋਂ ਹਸਪਤਾਲ ਲੈ ਕੇ ਜਾਂਦੀ ਹੈ ।ਜਾਂਚ ਤੋਂ ਪਤਾ ਚਲਦਾ ਹੈ ਕਿ ਉਸ ਵੱਲੋਂ ਇੱਕ ਬੱਚੇ ਨੂੰ ਜਨਮ ਦਿੰਦੇ ਸਮੇਂ ਉਸ ਦੀ ਐਸੀ ਦੁਰਦਸ਼ਾ ਹੋਈ ਹੈ ।ਲੇਕਿਨ ਘਟਨਾਸਥਲ ਤੋਂ ਨਵਜਨਮਿਆ ਬੱਚਾ ਪ੍ਰਾਪਤ ਨਹੀਂ ਹੁੰਦਾ ।ਪੁਲਿਸ ਚਾਰ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ  ਵਿੱਚ ਲੈਂਦੀ ਹੈ।ਬੱਚੇ ਦੀ ਤਲਾਸ਼ ਵਿੱਚ 60 ਥਾਵਾਂ ਤੇ ਪੁਲਿਸ ਅਤੇ ਵਲੰਟਰੀਆਂ ਨੇ ਵੀਕਐਂਡ ਸਮੇਂ ਕਲੇਟਨ ਪਾਰਕ ਏਰੀਆ ਖੰਗਾਲ ਮਾਰਿਆ ।ਇਸੇ ਦੌਰਾਨ ਕਾਂਸਟੇਬਲ ਮਾਰਟਿਨ ਕਰਾਮਵਿਲ ਅਨੁਸਾਰ ਇੱਕ ਹੋਰ ਲੋਕੇਸ਼ਨ ਦਾ ਪਤਾ ਚਲਦਾ ਹੈ ।ਇਹ ਥਾਂ ਵਿਲੈਟ ਸਟਰੀਟ ਤੋਂ ਜੰਗਲੀ ਖੇਤਰ ਵੱਲ ਜਾਂਦੀ ਕੋਚ ਰੋਡ ਤੇ 10 ਕਿਲੋਮੀਟਰ ਦੂਰੀ ਤੇ ਹੁੰਦੀ ਹੈ ।ਪੂਰੀ ਪੁਲਿਸ ਨਫਰੀ ਅਤੇ ਵਲੰਟੀਅਰ ਉਸ ਸਥਾਨ ਨੂੰ ਖੰਗਾਲਣਾ ਸ਼ੁਰੂ ਕਰਦੇ ਹਨ।ਇਥੋਂ ਜੰਗਲ ਵਿੱਚੋਂ ਦੋ ਦਿਨ ਪਹਿਲਾਂ ਜੰਮੇ ਬੱਚੇ ਦੀ ਲਾਸ਼ ਬਰਾਮਦ ਹੁੰਦੀ ਹੈ ।ਕਾਂਸਟੇਬਲ ਕਰਾਮਵੈਲ ਦਾ ਕਹਿਣਾ ਹੈ ਕਿ ਉਹ ਪੁਲਿਸ ਵਿਭਾਗ ਵਿੱਚ ਪਿਛਲੇ 20 ਸਾਲਾਂ ਤੋਂ ਕੰਮ ਕਰ ਰਿਹਾ ਹੈ।ਉਸ ਨੇ ਐਸਾ ਸੰਗੀਨ  ਹਿਰਦੇਵੇਦਕ ਦਿਲ ਦਹਿਲਾ ਦੇਣ ਵਾਲਾ ਕਾਰਨਾਮਾ ਇਸ ਤੋਂ ਪਹਿਲਾਂ ਕਦੀ ਨਹੀਂ ਵੇਖਿਆ।ਨਿਸ਼ਚੇ ਹੀ ਇਹ ਅਸਹਿਣਯੋਗ ਦੁਖਦਾਈ ਘਟਨਾ ਹੈ ।

ਪੁਲਿਸ ਨੇ ਚਾਰ ਸ਼ਕੀ ਵਿਅਕਤੀਆਂ ਵਿੱਚੋਂ ਦੋ ਨੂੰ ਛੱਡ ਦਿੱਤਾ ਅਤੇ ਦੋ ਜਿਨਾਂ ਵਿੱਚ ਸੁਖਪ੍ਰੀਤ ਸਿੰਘ 23 ,ਉਸ ਦੀ ਪਤਨੀ ਰਮਨਦੀਪ ਕੌਰ  26ਨੂੰ ਗ੍ਰਿਫਤਾਰ ਕਰ ਲਿਆ ।ਇਹ ਦੋਵੇਂ ਪੀੜਤ ਲੜਕੀ ਦੇ ਅਤੀ ਨਜਦੀਕੀ ਰਿਸ਼ਤੇਦਾਰ ਹਨ।ਇਹਨਾਂ ਤੇ ਬੱਚੇ ਦੀ ਲਾਸ਼ ਛੁਪਾਉਣ ,ਪੁਲਿਸ ਜਾਂਚ ਵਿੱਚ ਰੋਕ ਪਾਉਣ ਅਤੇ ਲਾਸ਼ ਨਾਲ ਖਿਲਵਾੜ  ਕਰਨ ਦੇ  ਦੋਸ਼ ਆਇਦ ਕੀਤੇ ਗਏ ਹਨ ।ਇਹਨਾਂ ਨੂੰ ਹੈਲੀਫੈਕਸ ਪ੍ਰੋਵਿਨਸ਼ੀਅਲ ਕੋਰਟ ਵਿੱਚ ਪੇਸ਼ ਕਰਕੇ ਮੁਕਦਮਾ ਸ਼ੁਰੂ ਕਰ ਦਿੱਤਾ ਗਿਆ ਹੈ ।ਪੂਰੇ ਇਲਾਕੇ ਦੇ ਲੋਕ ਅਤੇ ਗੋ ਰਾ ਭਾਈਚਾਰਾ ਸਿੱਖ ਕਿਰਦਾਰ  ਤੇ ਥੂ ਥੂ  ਕਰਦਾ ਵੇਖਿਆ ਜਾ ਰਿਹਾ ਹੈ ।ਇਸ ਘਿਨੌਣੇ ਕਾਰਨਾਮੇ ਨੇ ਪੂਰੇ ਖੇਤਰ ਵਿੱਚ ਸਿੱਖ ਭਾਈਚਾਰੇ ਦਾ ਜਲੂਸ ਕੱਢ ਕੇ ਰੱਖ ਦਿੱਤਾ ਹੈ ।

ਦੂਸਰੀ ਘਟਨਾ :

ਦੂਸਰੀ ਘਟਨਾ ਵਿੱਚ 17 ਪੰਜਾਬੀ ਅਤੇ ਖਾਸ ਕਰਕੇ ਸਿੱਖ ਨੌਜਵਾਨ ਓਂਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਵੱਲੋਂ ਸਰੀ (ਬ੍ਰਿਟਿਸ਼ ਕੋਲੰਬੀਆ )ਦੇ ਆਰ ਸੀ ਐਮ ਪੀ ਪੁਲਿਸ ,ਕੈਨੇਡਾ ਬਾਰਡਰ ਸਰਵਿਸ ਏਜੰਸੀ ,ਅਮਰੀਕਨ  ਐਫਬੀਆਈ ਅਤੇ ਫਿਨਟਰੈਕ ਏਜੰਸੀਆਂ ਨਾਲ ਮਿਲ ਕੇ ਜਬਰੀ ਵਸੂਲੀ ,ਅੱਗਜਨੀ ,ਗੋਲੀ ਕਾਂਡ ,ਹਿੰਸਾ ਅਤੇ ਧਮਕੀਆਂ ਦੇ ਦੋਸ਼ਾਂ ਹੇਠ ਪਕੜੇ ਹਨ ।ਇਹਨਾਂ ਦੀ ਭਾਲ ਅਤੇ ਛਾਣਬੀਣ ਇਹ ਏਜੰਸੀਆਂ ਮਿਲ ਕੇ ਸਨ 2025 ਤੋਂ ਕਰਨ ਲੱਗੀਆਂ ਹੋਈਆਂ ਸਨ ।ਪਕੜੇ ਗਏ ਦੋਸ਼ੀਆਂ ਵਿੱਚ  ਬਰਾਂਪਟਨ( ਓਂਟਾਰੀਓ )ਨਾਲ ਸੰਬੰਧਿਤ ਇੱਕਬਾਲ ਸਿੰਘ ਬਾਗੜੀਆਂ 25 ,ਦਿਲਾਵਰ ਪ੍ਰੀਤ ਸਿੰਘ 20,ਪ੍ਰਭਦੀਪ ਸਿੰਘ ਸੋਹਲ 22 ,ਅਜੇ ਦੀਪ ਸਿੰਘ 29 ,ਪ੍ਰਤਾਪ ਵੀਰ ਸਿੰਘ ਘੁੰਮਣ 22 ,ਨਵਰੂਪ ਸਿੰਘ 24 ,ਮਹਿੰਦਰ ਸਿੰਘ 30,ਮਨਦੀਪ ਸਿੰਘ 21 ,ਅੰਮ੍ਰਿਤਜੋਤ ਸਿੰਘ 22 ,ਜਸ਼ਨਪ੍ਰੀਤ ਸਿੰਘ 22 , ਗੋਨੀਤ ਗੋਨੀਤ 27,ਸੁਖਵਿੰਦਰ ਸਿੰਘ 32 ,ਬੈਰੀ ਤੋਂ ਰਾਜਨ ਸਿੰਘ 28 ,ਸਰੀ( ਬ੍ਰਿਟਿਸ਼ ਕੋਲੰਬੀਆ )ਤੋਂ ਜਸ਼ਨਬੀਰ ਸਿੰਘ 21ਅਤੇ ਰਵਿੰਦਰ ਸਿੰਘ 25,ਨੌਰਵੈਲ ਤੋਂ ਆਕਾਸ਼ਦੀਪ ਸਿੰਘ 24   ,ਗੌਤਮ ਗੌਤਮ 22 ,ਮਨਟੇਕਾ (ਕੈਲੀਫੋਰਨੀਆ )ਸ਼ਾਮਿਲ ਸਨ ।ਇਹਨਾਂ ਨੇ ਟਰਾਂਟੋ ਦੇ ਪੀਲ ਇਲਾਕੇ ,ਬ੍ਰਿਟਿਸ਼ ਕੋਲੰਬੀਆ ,ਕੈਨੇਡਾ ਦੇ ਹੋਰ ਸ਼ਹਿਰਾਂ ,ਅਮਰੀਕਾ ਅਤੇ ਭਾਰਤ ਤੱਕ ਆਪਣਾ ਜਾਲ ਵਿਛਾਇਆ ਹੋਇਆ ਸੀ ।ਪੁਲਿਸ ਨੇ ਇਹਨਾਂ ਤੋਂ ਗੈਰ ਕਾਨੂੰਨੀ ਹਥਿਆਰ ,ਨਸ਼ੀਲੇ ਪਦਾਰਥ , ਜਾਅਲੀ ਪਹਿਚਾਣ ਪੱਤਰ ਅਤੇ ਹੋਰ ਸ਼ੱਕੀ ਕਾਗਜ ਪੱਤਰ ਪ੍ਰਾਪਤ ਕੀਤੇ ਹਨ ।ਪੁਲਿਸ ਦਾ ਕਹਿਣਾ ਹੈ ਕਿ ਅਜੇ ਹੋਰ ਵੀ ਬਹੁਤ ਸਾਰੇ ਦੋਸ਼ੀਆਂ ਦੀਆਂ ਗਿਰਫਤਾਰੀਆਂ ਹੋ ਸਕਦੀਆਂ ਹਨ ।ਪੁਲਿਸ ਏਜੰਸੀਆਂ ਦਾ ਸਾਂਝਾ ਅਭਿਆਨ ਜਾਰੀ ਹੈ।

ਗੈਂਗ :

ਇਹ ਅੰਤਰਰਾਸ਼ਟਰੀ ਗੈਂਗ ” ਫਾਰ ਬਰਦਰਜ ” ਗੈਂਗ ਨਾਲ ਸੰਬੰਧਿਤ ਹੈ ਜੋ ਵੱਖ ਵੱਖ ਦੇਸ਼ਾਂ ਵਿੱਚ ਵੱਡੇ ਪੱਧਰ ਤੇ ਅਪਰਾਧਿਕ ਘਟਨਾਵਾਂ ਵਿੱਚ ਸ਼ਾਮਿਲ ਹੈ ।

ਟਾਰਗੈਟ  :

ਇਸ ਗੈਂਗ ਦੇ ਟਾਰਗੈਟ ਸਾਊਥ  ਏਸ਼ੀਅਨ ,ਹੋਟਲ ,ਰੈਸਟੋਰੈਂਟ ,ਟਰੱਕਿੰਗ ਕਾਰੋਬਾਰੀ ਹਨ ਜਿਨਾਂ ਤੋਂ ਜਬਰੀ ਵਸੂਲੀ ਕਰਦੇ ਹਨ ।ਇਹ  ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਅਪਰਾਧਿਕ ਕਾਰਜਾਂ ਲਈ ਵੀ ਬਦਨਾਮ ਹਨ ।

ਢੰਗ ਤਰੀਕਾ :

ਇਹ ਜਬਰੀ ਵਸੂਲੀ ਦੀ ਮੰਗ ਕਰਦੇ ਹਨ  ਅਤੇ ਜੋ ਕਾਰੋਬਾਰੀ ਨਹੀਂ  ਮਨਦੇ ਉਹਨਾਂ ਨੂੰ ਹਿੰਸਾ , ਧਮਕੀਆਂ ,ਗੋਲੀਬਾਰੀ ਅਤੇ ਆਗਜਨੀ ਦਾ ਸ਼ਿਕਾਰ ਬਣਾਉਂਦੇ ।

ਦੋਸ਼ :

ਇਹਨਾਂ ਤੇ ਕਰੀਬ 106 ਦੋਸ਼ ਆਇਦ ਕੀਤੇ ਗਏ ਹਨ ਜਿਨਾਂ ਵਿੱਚੋਂ 11 ਜਬਰੀ ਵਸੂਲੀ ,75 ਗੈਰ ਕਨੂੰਨੀ ਹਥਿਆਰ ਰੱਖਣਾ ,24 ਵਿੱਚੋਂ 16 ਸੰਗੀਨ ਹਿੰਸਕ ਘਟਨਾਵਾਂ ਵਿੱਚ ਸ਼ਾਮਿਲ ਹੋਣਾ ਦਰਜ ਕੀਤੇ ਗਏ ਹਨ ।

ਕੈਨੇਡਾ  ਪੁਲਿਸ ਨੇ ਹੁਣ ਤੱਕ 496 ਜਬਰੀ ਵਸੂਲੀ ਕੇਸ ਦਰਜ ਕੀਤੇ ਹਨ ਜਿਨਾਂ ਵਿੱਚੋਂ 180 ਟਰਾਂਟੋ ਏਰੀਏ ਨਾਲ ਸਬੰਧਤ ਹਨ। ਹੁਣ ਇਹਨਾਂ ਦੋਸ਼ੀਆਂ ਨੂੰ ਪਿਤਰੀ ਦੇਸ਼ਾਂ ਵਿੱਚ ਡਿਪੋਰਟ ਕਰਨ ਦੀ ਨੀਤੀ ਅਪਣਾਈ ਗਈ ਹੈ ।ਹੁਣ ਤੱਕ ਦੀ ਰਿਪੋਰਟ ਅਨੁਸਾਰ 118ਦੋਸ਼ੀਆਂ ਨੂੰ ਰਿਪੋਰਟ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ।ਇਹਨਾਂ ਵਿੱਚੋਂ 55 ਡਿਪੋਰਟ ਕਰ ਦਿੱਤੇ ਗਏ ਹਨ ।ਅਜੋਕੇ ਪਕੜੇ ਗਏ 17ਗੈਂਗਸਟਰਾਂ ਵਿਰੁੱਧ ਵੀ ਡਿਪੋਰਟ ਕਰਨ ਦੀ ਕਾਰਵਾਈ ਸ਼ੁਰੂ ਕਰਕੇ  ਇਹਨਾਂ ਵਿੱਚੋਂ ਤਿੰਨ ਡਿਪੋਟ ਕਰ ਦਿੱਤੇ ਗਏ ਹਨ ।

ਭਾਰਤੀ ਪੰਜਾਬ :

ਭਾਰਤੀ ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਬੇਕਾਬੂ ਨਜ਼ਰ ਆ ਰਹੀ ਹੈ ।ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੇ “ਯੁੱਧ ਨਸ਼ਿਆਂ ਵਿਰੁੱਧ “ਅਭਿਆਨ , ਫਿਰੌਤੀਆਂ, ਹਿੰਸਾ,ਲੁੱਟਾਂ ਖੋਹਾਂ  ਅਤੇ ਜਬਰੀ ਵਸੂਲੀ ਨਾਲ ਸੰਬੰਧਿਤ ਗੈਂਗਸਟਰਾਂ ਵਿਰੁੱਧ ਪੁਲਿਸ ਕਾਰਵਾਈ ਨੂੰ ਕਿਧਰੇ ਵੀ  ਬੂਰ  ਪੈਂਦਾ ਵਿਖਾਈ ਨਹੀਂ ਦਿੱਤਾ ।ਇਹਨਾਂ ਵਿੱਚ ਸ਼ਾਮਿਲ ਸਿੱਖ ਨੌਜਵਾਨਾਂ ਕਰਕੇ ਸਿੱਖ ਭਾਈਚਾਰਾ ਬਦਨਾਮ ਹੋ ਰਿਹਾ ਹੈ।ਵੈਸੇ ਇਹਨਾਂ ਸਾਰੀਆਂ ਘਟਨਾਵਾਂ ਪਿੱਛੇ ਵੱਖ-ਵੱਖ ਪਾਰਟੀਆਂ ਨਾਲ ਸੰਬੰਧਿਤ ਰਾਜਨੀਤਿਕ ਆਗੂ ,ਉੱਚ ਅਫਸਰਸ਼ਾਹ ਅਤੇ ਦੇਸ਼ੀ -ਵਿਦੇਸ਼ੀ ਬਾਹੂਬਲੀ ਗੈਂਗਸਟਰ ਸ਼ਾਮਿਲ ਹਨ ।ਹੁਣੇ ਹੁਣੇ ਚੌਕਸੀ ਵਿਭਾਗ ਦੇ ਮੁਖੀ ਦਾ ਨਾਮ ਨਿਹਾਦ ਰੀਡਰ ਭਰਿਸ਼ਟਾਚਾਰ ਵਿੱਚ ਸ਼ਾਮਿਲ ਪਾਇਆ ਗਿਆ ਹੈ।ਐਫਆਈਆਰ ਵਿੱਚ ਚੌਕਸੀ ਵਿਭਾਗ ਦੇ ਮੁਖੀ ਦਾ ਨਾਮ ਵੀ ਦਰਜ ਹੈ ।ਦਰਅਸਲ ਚੌਕਸੀ ਵਿਭਾਗ ਦੇ ਸਾਬਕਾ ਨਾਮਵਰ ਅਤੇ ਇਮਾਨਦਾਰ ਮੁਖੀ ਸ੍ਰੀ ਵਰਿੰਦਰ ਕੁਮਾਰ ਆਈਪੀਐਸ ਤੋਂ ਬਾਅਦ ਇਹ ਵਿਭਾਗ ਬਿਲਕੁਲ ਲਾਵਾਰਸ ਦਿਖਾਈ ਦੇ ਰਿਹਾ ਹੈ ।ਹੁਣ ਤਾਂ ਸਥਿਤੀ ਇਹ ਹੈ ਜਿਵੇਂ ਵਾੜ ਹੀ ਖੇਤ ਨੂੰ ਖਾ ਰਹੀ  ਹੋਵੇ ।

ਪੰਜਾਬ ਦੇ ਹਿੱਤਾਂ ਅਤੇ ਹੱਕਾਂ ਲਈ ਲੜਨ ਵਾਲੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਕਈ ਗੁੱਟਾਂ ਵਿੱਚ ਵੰਡੀ ਹੋਈ ਹੈ । ਹੈਰਾਨਗੀ  ਇਸ ਗੱਲ ਦੀ ਹੈ ਕਿ ਜੇ ਸ਼੍ਰੋਮਣੀ ਅਕਾਲੀ ਦਲ ਦਾ ਬੇੜਾ ਗਰਕ ਮਾਇਆਧਾਰੀ ਸੁਖਬੀਰ ਬਾਦਲ ਦੀ ਬਚਗਾਨੀ ਅਤੇ ਦਿਸ਼ਾਹੀਣ ਲੀਡਰਸ਼ਿਪ ਨੇ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ ਪੁਨਰ  ਸੁਰਜੀਤ ਦਾ  ਬੇੜਾ ਗਰਕ ਮਾਇਆਧਾਰੀ ਮਨਪ੍ਰੀਤ ਸਿੰਘ ਇਆਲੀ ਨੇ ਕਰ ਦਿੱਤਾ ।ਇਹ ਹੁਣ ਵਾਰਸ ਪੰਜਾਬ ਅਕਾਲੀ ਦਲ ਨੂੰ “ਵਾਇਰਸ ਪੰਜਾਬ ਅਕਾਲੀ ਦਲ” ਬਣਾ ਕੇ ਬਦਨਾਮ ਕਰਕੇ ਛੱਡੇਗਾ ।ਗੁਰਬਾਣੀ ਵਿੱਚ ਸਾਫ  ਦਰਜ ਹੈ “ਮਾਇਆਧਾਰੀ ਅਤਿ ਅੰਨਾ ਬੋਲਾ ।ਸ਼ਬਦ ਨ ਸੁਣਈ ਬਹੁ ਰੋਲ ਘੁਚੋਲਾ  ।”

ਸਿੱਖਾਂ ਦੇ ਪੰਥਕ ਹਿੱਤਾਂ ਦੀ ਰਖਵਾਲੀ ਲਈ ਮਸ਼ਹੂਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਨ 2011 ਤੋਂ ਬਾਅਦ ਹਰ ਪੰਜ ਸਾਲ ਬਾਅਦ ਹੋਣ ਵਾਲੀਆਂ ਚੋਣਾਂ ਨਾ ਹੋਣ ਕਰਕੇ ਇਹ ਕਮੇਟੀ ਸਾਹਸਤਹੀਣ ਹੋ ਚੁੱਕੀ ਹੈ ।ਇਸ ਤੇ ਕਾਬਜ ਮੂਰਖਾਨਾ ਲੀਡਰਸ਼ਿਪ ਨੇ ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ  ਦੀ ਅਜ਼ੀਮ ਹਸਤੀ ਨੂੰ ਬੁਰੀ ਤਰ੍ਹਾਂ ਰੋਲ ਕੇ ਰੱਖ ਦਿੱਤਾ ਹੈ । ਸੁਖਬੀਰ ਬਾਦਲ ਵਰਗਾ ਸਿੱਖ ਸਿਧਾਂਤਾਂ ਤੋਂ ਕੋਰਾ ਆਗੂ ਜੇ ਅੱਜ ਇਹ ਕਹਿੰਦਾ ਹੈ ਕਿ ਤਖਤ ਸ਼੍ਰੀ ਪਟਨਾ ਸਾਹਿਬ ,ਤਖਤ ਸ਼੍ਰੀ ਹਜੂਰ ਸਾਹਿਬ ,ਦਿੱਲੀ ਅਤੇ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਭਾਰਤੀ ਜਨਤਾ ਪਾਰਟੀ ਚਲਾ ਰਹੀ ਹੈ ਤਾਂ ਕੀ ਇਸ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਲੀਡਰਸ਼ਿਪ ਜਿੰਮੇਵਾਰ ਨਹੀਂ ?ਅਤੇ ਕੀ ਐਸੀ ਸਿੱਖ ਲੀਡਰਸ਼ਿਪ ਨੂੰ ਚਪਣੀ ‘ਚ ਨਕ ਡੋਬ ਕੇ ਨਹੀਂ ਮਰ ਜਾਣਾ ਚਾਹੀਦਾ ?

ਡੇਰਾਵਾਦ :

ਪੰਜਾਬ ਹੀ ਨਹੀਂ ਬਲਕਿ ਦੇਸ਼ ਵਿਦੇਸ਼ ਅੰਦਰ ਡੇਰਾਦਾਰ ਬਾਬਿਆਂ ਨੇ ਸਿੱਖ ਪੰਥ ਨੂੰ ਵੱਡੀ ਢਾਹ ਲਗਾਈ ਹੈ ।ਇਹਨਾਂ ਦੇ ਆਪੋ ਆਪਣੇ ਧਾਰਮਿਕ ਅਸੂਲ ਅਤੇ ਮਰਿਯਾਦਾਵਾਂ ਹਨ ।ਬਹੁ ਗਿਣਤੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਮਰਿਯਾਦਾ ਤੋਂ ਆਕੀ ਹਨ ।ਇਹ ਅਤੀ ਸ਼ਹਾਨਾ ਅਤੇ  ਵਿਲਾਸੀ  ਜੀਵਨ ਬਤੀਤ ਕਰਦੇ ਹਨ ।ਭੇਖਾਧਾਰੀ ਮਹੰਤ ਬਣੇ ਬੈਠੇ ਸਿੱਖ ਪੰਥ ਨੂੰ ਵੱਖ ਵੱਖ ਧਾਰਮਿਕ ਮਾਨਤਾਵਾਂ

ਵਿੱਚ ਵੰਡ ਕੇ ਧਰੋਹ ਕਮਾ ਰਹੇ ਹਨ।ਇਹਨਾਂ ਵਿੱਚੋਂ ਬਹੁਤਿਆਂ ਦਾ ਸ਼ੱਕੀ ,ਬਦਚਲਣ ,ਭਰਿਸ਼ਟਾਚਾਰੀ ,ਗੈਂਗਸਟਰ ਵਾਦੀ ਕਿਰਦਾਰ  ਸਿੱਖੀ ਨੂੰ ਕੁਰਾਹੇ ਪਾ ਰਿਹਾ ਹੈ ।

ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਪੂਰੇ  ਸਿੱਖ ਤੇ ਪੰਥ ਗੁਰੂ ਨਾਨਕ ਸਾਹਿਬ ਦਾ ਇਹ ਸ਼ਬਦ “ਧਰਮੁ ਸਰਮੁ ਦੁਇ ਛਿਪ ਖਲੋਏ ਕੂੜ ਫਿਰੈ ਪਰਧਾਨ ਵੇ ਲਾਲੋ “ਲਾਗੂ ਹੁੰਦਾ ਹੋਵੇ ।

ਗੁਰੂ ਨਾਨਕ ਦੇਵ ਜੀ ਨੇ ਇਸ ਧਰਤੀ ਤੇ ਸ਼ਾਂਤੀ ਅਤੇ ਵਿਕਾਸ ਨੂੰ ਸੁਨਿਸ਼ਚਿਤ ਕਰਨ ਲਈ ਆਪਸੀ ਮੇਲ ਮਿਲਾਪ ਪਿਆਰ ,ਤਿਆਗ ,ਸੰਜਮ ,ਸੇਵਾ ,ਦਇਆ, ਉਪਕਾਰ ਅਤੇ ਸ਼ਹਿਨਸ਼ੀਲਤਾ ਨਾਲ ਸਰਸ਼ਾਰ “ਸਚਿਆਰ”ਸਿੱਖ ਅਤੇ ਉਸ ਦੇ ਅਧਾਰਤ ਸਿੱਖ ਪੰਥ ਚਲਾਇਆ ਸੀ ।ਇਸ ਪੰਥ ਨੂੰ ਭਾਈ ਗੁਰਦਾਸ ਜੀ ਨਿਰਮਲ ਪੰਥ ਦਾ ਨਾਮ ਦਿੰਦੇ ਲਿਖਦੇ ਹਨ :

“ਮਾਰਿਆ ਸਿੱਕਾ ਜਗਤ ਵਿੱਚ ,ਨਾਨਕ ਨਿਰਮਲ ਪੰਥ ਚਲਾਯਾ।”

ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਵਿੱਚ ਖਾਲਸਾ ਸ਼ਾਮਿਲ ਕਰਕੇ ਇਸ ਨੂੰ ਖਾਲਸਾ ਪੰਥ ਸਜਾ ਕੇ  ਸ਼ਾਂਤੀ ,ਵਿਕਾਸ, ਆਪਸੀ ਸਹਿਹੋਂਦ ਨੂੰ ਹੋਰ ਮਜ਼ਬੂਤ ਕੀਤਾ। ਇਸ ਪੰਥ ਦਾ ਮਨੁੱਖੀ ਕਦਰਾਂ ਕੀਮਤਾਂ ,ਇਨਸਾਫ ,ਸਮਾਜਿਕ ਬਰਾਬਰੀ ਜੁਲਮ ਤੋਂ ਰਾਖੀ ਲਈ ਇੱਕ ਵਿਲੱਖਣ ਕੁਰਬਾਨੀਆਂ ਭਰਿਆ ਇਤਿਹਾਸ ਹੈ। ਇਹ ਅਟੱਲ ,ਅਜਿਤ ਅਤੇ ਅਟੁੱਟ ਸੰਸਥਾਤਮਿਕ ਸੱਚਾਈ ਹੈ ।ਵਿਸ਼ਵ ਵਿਚ ਕੋਈ ਐਸੀ ਸ਼ਕਤੀ ਨਾ ਬਣੀ ਹੈ ਨਾ ਬਣੇਗੀ ਜੋ ਇਸਦੀ ਹਸਤੀ  ਨੂੰ ਮਿਟਾ ਸਕੇ ।ਇਤਿਹਾਸ ਇਸ ਦਾ ਗਵਾਹ ਹੈ ।

ਸਿੱਖ ਪੰਥ ਅੱਜ ਪੂਰੇ ਵਿਸ਼ਵ ਦੇ ਵੱਖ ਵੱਖ ਦੇਸ਼ਾਂ ਵਿੱਚ ਫੈਲਿਆ ਹੋਇਆ ਹੈ ।ਇਸ ਦੀਆਂ ਅਜੀਮ ਪ੍ਰਾਪਤੀਆਂ ਤੋਂ ਸਭ ਜਾਣੂ ਹਨ ।ਵੱਖ ਵੱਖ ਦੇਸ਼ਾਂ ਵਿੱਚ ਸਿੱਖ ਆਲਾ ਅਹੁਦਿਆਂ ਉੱਤੇ ਤਾਇਨਾਤ ਹਨ ।ਨਾਨਕ ਵੱਲੋਂ ਬਖਸ਼ੇ ਕਿਰਤ ਸੱਭਿਆਚਾਰ ਅਨੁਸਾਰ ਸਿੱਖਾਂ  ਦੇ  ਕਿਰਤੀ ਸੁਭਾਅ ਦੀ ਪੂਰਾ ਵਿਸ਼ਵ ਕਦਰ ਕਰਦਾ ਹੈ । ਸੇਵਾ ,ਸਿਮਰਨ,ਲੋੜਵੰਦਾ ਦੀ ਸਹਾਇਤਾ ਅਤੇ ਮਹਾਮਾਰੀਆਂ ਸਮੇਂ ਮਾਨਵ ਸੇਵਾ ਲਈ ਮਹਾਨ ਰੋਲ ਅਦਾ ਕਰਨ ਵਜੋਂ ਇਹਨਾਂ ਨੇ ਇਸ ਧਰਤੀ ਦੇ ਹਰ ਕੋਨੇ ਵਿੱਚ ਨਾਮਣਾ ਖਟਿਆ ਹੈ ।

ਲੇਕਿਨ ਪੰਜਾਬ ਅੰਦਰਸਿੱਖ ਭਾਈਚਾਰੇ ਨੂੰ ਇੱਕ ਜੁੱਟ ਹੋਣ ਦੀ ਲੋੜ ਹੈ । ਪ੍ਰੋ: ਪੂਰਨ ਸਿੰਘ ਦੇ ਬੋਲਾਂ ਅਨੁਸਾਰ “ਪੰਜਾਬ ਜੀਦਾ ਗੁਰਾਂ ਦੇ ਨਾਮ ਤੇ “ਦੀ ਸੱਚਾਈ ਨੂੰ ਹਰ ਧਰਮ, ਵਰਗ, ਜਾਤ ਦੇ ਲੋਕ ਮੰਨਦੇ ਹਨ ।ਸਿੱਖ ਪੰਥ ਦੀ ਹੋਂਦ ,ਬੋਲਬਾਲੇ ਅਤੇ ਜਾਹੋ ਜਲਾਲ ਨੂੰ ਕਾਇਮ ਰੱਖਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਦਸੰਬਰ 2,ਸਨ 2024ਦੇ ਹੁਕਮਨਾਮੇ ਅਨੁਸਾਰ ਸਭ ਨੂੰ ਹਉਮੈ ਤਿਆਗ ਕੇ, ਸਭ ਰਾਜਨੀਤਿਕ ਚੁੱਲੇ ਸਮੇਟ ਕੇ ਇੱਕਜੁੱਟ ਹੋ ਜਾਣਾ ਚਾਹੀਦਾ ਹੈ।ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ।ਆਪਣੀ ਨੌਜਵਾਨ ਪੀੜੀ ਨੂੰ ਸਿੱਖ ਸਿਧਾਂਤਾਂ ਅਨੁਸਾਰ ਸੰਭਾਲਣਾ ਜਰੂਰੀ ਹੈ।ਇਕ ਵੀ ਨੌਜਵਾਨ ਸਿੱਖੀ ਸਿਧਾਂਤਾਂ ਤੋਂ ਭਟਕਣਾ ਨਹੀਂ ਚਾਹੀਦਾ ਅਤੇ ਇੱਕ ਦੀ ਵੀ ਅਜਾਈ ਜਾਨ ਨਹੀਂ ਜਾਣੀ ਚਾਹੀਦੀ ।ਸਿੱਖ ਅਤੇ ਸਿੱਖੀ ਦੇ ਉੱਚੇ ਸੁੱਚੇ ਜਾਹੋ ਜਲਾਲ ਭਰੇ ਕਿਰਦਾਰ ਨੂੰ ਮੁੜ ਸਜੀਵ ਕਰਨ ਦਾ ਬੀੜਾ ਉਠਾਉਣਾ ਚਾਹੀਦਾ ਹੈ ।

 

 

 

 

 

 

Leave a Reply

Your email address will not be published. Required fields are marked *