Jun 9, 2026

  ਜਸਵੀਰ ਸਿੰਘ ਭਲੂਰੀਆ ( +1-236-622-7799)-

ਪਵਿੱਤਰ ਗੰਗਾ ਸਾਗਰ ਦੀ ਕਹਾਣੀ, ਰਾਏ ਅਜ਼ੀਜ਼ਉੱਲਾ ਖਾਨ ਦੀ ਜ਼ਬਾਨੀ —

            ਸਿੱਖ ਕੌਮ ਬਾਰੇ ਇੱਕ ਧਾਰਨਾ ਹੈ ਕਿ ਇਹ ਕੌਮ ਇਤਿਹਾਸ ਸਿਰਜ ਤਾਂ ਲੈਂਦੀ ਹੈ ਪਰ ਸੰਭਾਲਦੀ ਨਹੀਂ। ਇਹੀ ਧਾਰਨਾ ਵਿਰਾਸਤੀ ਵਸਤੂਆਂ ਅਤੇ ਵਿਰਾਸਤੀ ਇਮਾਰਤਾਂ ਬਾਰੇ ਵੀ ਲਾਗੂ ਹੁੰਦੀ ਹੈ। ਪਰ ਸਦਕੇ ਜਾਈਏ ਰਾਏ ਖਾਨਦਾਨ ਦੇ ਜਿਨ੍ਹਾਂ ਨੇ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਪਵਿੱਤਰ ਗੰਗਾ ਸਾਗਰ ਨੂੰ 320 ਸਾਲਾਂ ਤੋਂ ਜਿਉਂ ਦਾ ਤਿਉਂ ਅਤੇ ਪੂਰੀ ਮਰਿਆਦਾ ਅਨੁਸਾਰ ਸੰਭਾਲ ਕੇ ਰੱਖਿਆ ਹੋਇਆ ਹੈ। ਏਥੇ ਹੀ ਬੱਸ ਨਹੀਂ ਸਮੇਂ ਸਮੇਂ ਤੇ ਵਿਦੇਸ਼ਾਂ ਵਿੱਚ ਸੰਗਤਾਂ ਦੀ ਬੇਨਤੀ ਤੇ ਸੰਗਤਾਂ ਨੂੰ ਦਰਸ਼ਨ ਵੀ ਕਰਵਾਉਂਦੇ ਹਨ। ਇਹ ਗੰਗਾ ਸਾਗਰ ਐਵੇਂ ਹੀ ਪ੍ਰਾਪਤ ਨਹੀਂ ਹੋਇਆ ਸੀ। ਰਾਏ ਕੱਲਾ ਨੇ ਆਪਣਾ ਪ੍ਰੀਵਾਰ ਅਤੇ ਰਿਆਸਤ ਦਾਅ ਤੇ ਲਾ ਦਿੱਤੀ ਸੀ। ਸੰਗਤ ਜੀ ਪਵਿੱਤਰ ਗੰਗਾ ਸਾਗਰ ਬਾਰੇ ਜਾਨਣ ਤੋਂ ਪਹਿਲਾਂ ਇਸ ਖਾਨਦਾਨ ਬਾਰੇ ਜਾਨਣਾ ਜਰੂਰੀ ਹੈ।

ਬਾਹਰਵੀਂ ਸਦੀ(1183)ਵਿੱਚ ਮੋਕਲ ਨਾਂ ਦਾ ਇੱਕ ਹਿੰਦੂ ਰਾਜਪੂਤ ਰਾਜਸਥਾਨ ਦੇ ਜੈਸਲਮੇਰ ਇਲਾਕੇ ਤੋਂ ਪੰਜਾਬ ਆਇਆ। ਪੰਜਾਬ ਆ ਕੇ ਉਸ ਨੇ ਮੋਹਕਲਹਰ ਨਗਰ ਵਸਾਇਆ,ਜਿਸ ਦਾ ਨਾਂ ਬਾਅਦ ਵਿੱਚ ਬਾਬਾ ਸ਼ੇਖ ਫਰੀਦ ਸ਼ਕਰਗੰਜ ਦੇ ਨਾਂ ਤੇ ਫਰੀਦਕੋਟ ਪੈ ਗਿਆ। ਮੋਕਲ ਦੀ ਚੌਥੀ ਪੀੜ੍ਹੀ (1323 ਈ:)ਵਿੱਚ ਤੁਲਸੀ ਦਾਸ ਨੇ ਮਖਦੂਮ ਜਹਾਨੀਆਂ ਜਹਾਨ ਗਸ਼ਤ ਨਾਂ ਦੇ ਮਹਾਨ ਸੂਫੀ ਫਕੀਰ ਰਾਹੀਂ ਇਸਲਾਮ ਕਬੂਲ ਕਰਕੇ ਸਿਰਾਜੂਦੀਨ ਨਾਂ ਰੱਖਿਆ ਅਤੇ ਇਸੇ ਸਾਲ ਹੀ ਉਨਾਂ ਨੇ ਮਸ਼ਹੂਰ ਪਿੰਡ ਚਕਰ ਵਸਾਇਆ। ਇਹੀ ਸੂਫੀ ਫਕੀਰ ‘ਉੱਚ ਦੇ ਪੀਰ’ ਵਜੋਂ ਜਾਣੇ ਜਾਂਦੇ ਸਨ। ਪਾਕਿਸਤਾਨ ਦੇ ਪੁਰਾਣੇ ਨਗਰ ‘ਉੱਚ ਸ਼ਰੀਫ਼’ ਵਿਖੇ ਮਖਦੂਮ ਜਹਾਨੀਆਂ ਜਹਾਨ ਗਸ਼ਤ ਦੇ ਪਵਿੱਤਰ ਮਜ਼ਾਰ ਦੇ ਕੋਲ ਹੀ ਤੁਲਸੀਦਾਸ (ਸਰਾਜੂਦੀਨ ਉਰਫ਼ ਸ਼ੇਖ ਚਾਚੂ) ਦੀ ਕਬਰ ਵੀ ਮੌਜੂਦ ਹੈ। ਸ਼ੇਖ ਚਾਚੂ ਦਾ ਇੱਕ ਪੁੱਤਰ ਭਾਰੂ ਸੀ। ਜਿਸ ਨੇ ਹਠੂਰ ਪਿੰਡ ਤੇ ਕਬਜ਼ਾ ਕਰ ਲਿਆ। ਭਾਰੂ ਦੀ ਸੱਤਵੀਂ ਪੀੜ੍ਹੀ ਵਿੱਚ ਰਾਏ ਕੱਲਾ (ਪਹਿਲਾ) ਹੋਇਆ ਜੋ ਪੰਦਰਵੀਂ ਸਦੀ ਦੇ ਸ਼ੁਰੂ ਵਿੱਚ ਦਿੱਲੀ ਦੇ ਬਾਦਸ਼ਾਹ ਅਲਾਉਦੀਨ ਖਿਲਜੀ ਦਾ ਜਗੀਰਦਾਰ ਬਣਿਆਂ। ਅਲਾਉਦੀਨ ਖਿਲਜੀ ਨੇ ਹੀ ਕੱਲਾ ਦੇ ਕੰਮ-ਕਾਜ ਤੋਂ ਖੁਸ਼ ਹੋ ਕੇ ‘ਰਾਏ’ ਦੇ ਖਿਤਾਬ ਨਾਲ ਨਿਵਾਜਿਆ ਅਤੇ 1300 ਪਿੰਡਾਂ ਦੀ ਜਗੀਰ ਵੀ ਦੇ ਦਿੱਤੀ। ਰਾਏ ਕੱਲਾ ਨੇ ਹਠੂਰ ਤੋਂ ਆ ਕੇ 1478 ਈ: ਵਿੱਚ ਤਲਵੰਡੀ ਰਾਏ ਨਗਰ ਵਸਾਇਆ। ਰਾਏ ਕੱਲਾ ਤੋਂ ਅੱਠ ਪੀੜ੍ਹੀਆਂ ਬਾਅਦ ਰਾਏ ਕੱਲਾ (ਦੂਸਰਾ) ਅਤੇ ਰਾਏ ਕੱਲਾ(ਦੂਸਰਾ) ਤੋਂ ਚਾਰ ਪੀੜ੍ਹੀਆਂ ਬਾਅਦ ਰਾਏ ਕੱਲਾ(ਤੀਸਰ) ਹੋਏ। ਇਸ ਖਾਨਦਾਨ ਵਿੱਚ ਅੱਜ ਤੋਂ ਕੋਈ 500 ਸਾਲ ਪਹਿਲਾਂ ਰਾਏ ਕਮਾਲਦੀਨ(ਪਹਿਲਾ) ਹੋਏ। ਇਸ ਖਾਨਦਾਨ ਵਿੱਚੋਂ ਹੀ ਰਾਏ ਅਹਿਮਦ ਨੇ 1648 ਈ: ਵਿੱਚ ਰਾਏਕੋਟ ਨਗਰ ਵਸਾਇਆ। ਏਸੇ ਖ਼ਾਨਦਾਨ ਵਿੱਚੋਂ ਹੀ ਰਾਏ ਕਮਾਲਦੀਨ(ਦੂਸਰਾ) ਨੇ 1680 ਈ: ਵਿੱਚ (ਰਾਵਾਂ ਦਾ ਜੱਗ, ਜਾਂ ਜੱਗ-ਰਾਵਾਂ) ਜਗਰਾਓਂ ਨਗਰ ਵਸਾਇਆ। ਰਾਏ ਕੱਲਾ(ਤੀਸਰਾ) ਰਾਏ ਕਮਾਲਦੀਨ ਦੇ ਪੁੱਤਰ ਸਨ। ਰਾਏ ਕੱਲਾ (ਤੀਸਰਾ) ਦੀ ਨੌਵੀਂ ਪੀੜ੍ਹੀ ਵਿੱਚੋਂ ਰਾਏ ਅਜ਼ੀਜ਼ਉੱਲਾ ਖਾਨ ਅੱਜਕੱਲ੍ਹ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਰਹਿ ਰਹੇ ਹਨ ਜੋ ਕਿ ਪੂਰੀ ਮਰਿਆਦਾ ਨਾਲ ਗੰਗਾ ਸਾਗਰ ਦੀ ਸਾਂਭ-ਸੰਭਾਲ ਕਰ ਰਹੇ ਹਨ। ਅੱਗੇ ਉਨ੍ਹਾਂ ਨੇ ਆਪਣੇ ਪੁੱਤਰ ਰਾਏ ਮੁਹੰਮਦ ਅਲੀ ਖਾਨ ਨੂੰ ਵੀ ਗੰਗਾ ਸਾਗਰ ਦੀ ਮਰਿਆਦਾ ਅਤੇ ਅਹਿਮੀਅਤ ਸਮਝਾ ਦਿੱਤੀ ਹੈ। ਏਥੇ ਇਹ ਜਿਕਰ ਵੀ ਜਰੂਰੀ ਹੈ ਕਿ ਇਸ ਖਾਨਦਾਨ ਵਿੱਚ ਨੌਂ ਪੀੜ੍ਹੀਆਂ ਤੋਂ ਇੱਕ-ਇੱਕ ਪੁੱਤਰ ਹੀ ਪੈਦਾ ਹੋ ਰਿਹਾ ਸੀ ਪਰ ਹੁਣ ਅਪਰੈਲ 2026 ਵਿੱਚ ਗੁਰੂ ਸਾਹਿਬ ਦੀ ਕਿਰਪਾ ਨਾਲ ਰਾਏ ਅਜ਼ੀਜ਼ਉੱਲਾ ਖਾਨ ਦੇ ਦੂਸਰੇ ਪੋਤਰੇ ਨੇ ਜਨਮ ਲਿਆ ਹੈ। ਜਿਕਰਯੋਗ ਹੈ ਕਿ ਰਾਏ ਅਜ਼ੀਜ਼ਉੱਲਾ ਖਾਨ ਦੇ ਦਾਦਾ ਜੀ ਖਾਨ ਬਹਾਦਰ ਇਨਾਇਤ ਖਾਨ 1912 ਤੋਂ 1937 ਤੱਕ ਜਗਰਾਓਂ ਤਹਿਸੀਲ ਦੇ ਸਬ-ਰਜਿਸਟਰਾਰ ਅਤੇ ਆਨਰੇਰੀ ਮਜਿਸਟ੍ਰੇਟ ਰਹੇ,ਜੋ 1953 (ਪਾਕਿਸਤਾਨ) ਵਿੱਚ ਅੱਲਾ ਨੂੰ ਪਿਆਰੇ ਹੋ ਗਏ। ਰਾਏ ਅਜ਼ੀਜ਼ਉੱਲਾ ਖਾਨ ਦੇ ਪਿਤਾ ਰਾਏ ਫਕੀਰਉੱਲਾ ਖਾਨ ਬਟਵਾਰੇ ਵੇਲੇ ਸਿਰਫ 17 ਸਾਲ ਦੇ ਸਨ ਅਤੇ ਪਾਕਿਸਤਾਨ ਜਾ ਕੇ ਬਹੁਤ ਛੋਟੀ ਉਮਰ (28 ਸਾਲ) ਵਿੱਚ ਹੀ ਫੌਤ ਹੋ ਗਏ।

ਹੁਣ ਗੱਲ ਕਰਦੇ ਹਾਂ ਪਵਿੱਤਰ ਗੰਗਾ ਸਾਗਰ ਦੀ। ਇਹ ਇੱਕ ਖਾਸ ਮੁਹਾਰਤ ਨਾਲ ਧਾਤ ਦਾ ਬਣਿਆਂ ਹੋਇਆ ਸੁਰਾਹੀ ਨੁਮਾ ਫੁੱਟ ਕੁ ਉੱਚਾ ਬਰਤਨ ਹੈ। ਇਸ ਦੇ ਅਗਲੇ ਪਾਸੇ ਨਿਕਾਸੀ ਲਈ ਸੁੰਦਰ ਪਾਈਪ ਹੈ ਅਤੇ ਪਿਛਲੇ ਪਾਸੇ ਡੀਜ਼ਾਈਨਦਾਰ ਹੱਥੀ ਹੈ। ਇਸ ਦੀ ਖਾਸੀਅਤ ਇਹ ਹੈ ਕਿ ਇਸ ਵਿੱਚ ਇਸ ਦੀ ਗੋਲਾਈ ਅਤੇ ਉੱਪਰ-ਥੱਲੇ 288 ਸ਼ੇਕ ਹਨ। ਪਰ ਇਸ ਬਰਤਨ ਵਿੱਚ ਤਰਲ ਪਾਇਆਂ ਸ਼ੁਰੂ ਵਿੱਚ ਥੋੜਾ ਜਿਹਾ ਸਿੰਮਦਾ ਹੈ ਪਰ ਭਰ ਜਾਣ ਤੇ ਤੁਪਕਾ ਵੀ ਨਹੀਂ ਡਿੱਗਦਾ। ਰੇਤ ਪਾਇਆਂ ਇਸ ਵਿੱਚੋਂ ਕਿਰ ਜਾਂਦੀ ਹੈ। ਗੰਗਾ ਸਾਗਰ ਰਾਏ ਪ੍ਰੀਵਾਰ ਕੋਲ ਪਹੁੰਚਣ ਬਾਰੇ ਇਤਿਹਾਸ ਬੋਲਦਾ ਹੈ ਕਿ ਸਰਸਾ ਨਦੀ ਦੇ ਵਿਛੋੜੇ ਤੋਂ ਬਾਅਦ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋ ਗਏ। ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਗੰਗੂ ਬ੍ਰਾਹਮਣ ਨਾਲ ਚਲੇ ਗਏ। ਗੁਰੂ ਗੋਬਿੰਦ ਸਿੰਘ ਜੀ ਕੁੱਝ ਸਿੰਘ ਨਾਲ ਮਾਛੀਵਾੜੇ ਦੇ ਜੰਗਲਾਂ ਵੱਲ ਚਲੇ ਗਏ। ਏਥੇ ਹੀ ਗੁਰੂ ਸਾਹਿਬ ਨੂੰ ਗਨੀ ਖਾਂ ਅਤੇ ਨਬੀ ਖਾਂ ਮਿਲੇ। ਇਹ ਦੋਵੇਂ ਮੁਸਲਮਾਨ ਘੋੜਿਆਂ ਦੇ ਵਪਾਰ ਲਈ ਅਨੰਦਪੁਰ ਸਾਹਿਬ ਜਾਂਦੇ ਰਹਿੰਦੇ ਸਨ। ਇਸ ਲਈ ਗੁਰੂ ਸਾਹਿਬ ਨੂੰ ਪਛਾਣਦੇ ਸਨ ਅਤੇ ਸਤਿਕਾਰ ਵੀ ਕਰਦੇ ਸਨ। ਇੱਥੋਂ ਇਨ੍ਹਾਂ ਨੇ ਗੁਰੂ ਸਾਹਿਬ ਨੂੰ ‘ਉੱਚ ਦਾ ਪੀਰ’ ਬਣਾ ਕੇ ਹੇਰਾਂ ਪਿੰਡ ਤੱਕ ਪਹੁੰਚਾਇਆ। ਉਨਾਂ ਨੇ ਉੱਚ ਦੇ ਪੀਰ ਨਾਲ ਸਬੰਧਿਤ ਕੁਰਾਨ ਸ਼ਰੀਫ ਤੇ ਹੋਰ ਜਰੂਰੀ ਵਸਤਾਂ ਵੀ ਨਾਲ ਰੱਖੀਆਂ ਸਨ ਤਾਂ ਕਿ ਕਿਸੇ ਨੂੰ ਕੋਈ ਸ਼ੱਕ ਨਾ ਹੋਵੇ। ਹੇਰਾਂ ਪਿੰਡ ਹੀ ਗੁਰੂ ਸਾਹਿਬ ਨੇ ਗਨੀ ਖਾਂ ਅਤੇ ਨਬੀ ਖਾਂ ਨੂੰ ਕੁਰਾਨ ਸ਼ਰੀਫ਼ ਵਾਪਸ ਕਰ ਦਿੱਤੀ। ਇਸੇ ਇਲਾਕੇ ਵਿੱਚ ਹੀ ਗੁਰੂ ਸਾਹਿਬ ਜੀ ਕ੍ਰਿਪਾਲ ਉਦਾਸੀ ਦੇ ਡੇਰੇ ਪਹੁੰਚੇ ਪਰ ਕ੍ਰਿਪਾਲ ਉਦਾਸੀ ਨੇ ਹਕੂਮਤ ਦੇ ਜ਼ੁਲਮ ਦੇ ਡਰੋਂ ਗੁਰੂ ਸਾਹਿਬ ਨੂੰ ਆਪਣੇ ਚੇਲਿਆਂ ਰਾਹੀਂ ਅੱਗੇ ਜਾਣ ਲਈ ਕਹਿ ਦਿੱਤਾ। ਉਸ ਤੋਂ ਬਾਅਦ ਗੁਰੂ ਸਾਹਿਬ ਗੁਰਦੁਆਰਾ ਟਾਹਲੀਆਣਾ ਸਾਹਿਬ ਵਾਲੇ ਸਥਾਨ ਤੇ ਜਾ ਬਿਰਾਜੇ। ਇਸੇ ਸਥਾਨ ਤੇ ਹੀ ਰਾਏ ਕੱਲਾ ਨੂੰ ਉਸ ਦੇ ਚਰਵਾਹੇ ਨੂਰੇ ਮਾਹੀ ਨੇ ਗੁਰੂ ਜੀ ਨੂੰ ਦੁੱਧ ਛਕਾਉਣ ਤੋਂ ਬਾਅਦ ਗੁਰੂ ਸਾਹਿਬ ਦੇ ਪਹੁੰਚਣ ਦੀ ਖ਼ਬਰ ਘਰ ਜਾ ਕੇ ਦਿੱਤੀ ਤਾਂ ਝੱਟ ਹੀ ਰਾਏ ਕੱਲਾ ਜੀ ਗੂਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਆ ਪਹੁੰਚੇ ਅਤੇ ਗੁਰੂ ਸਾਹਿਬ ਜੀ ਦੇ ਕਹਿਣ ਤੇ ਨੂਰੇ ਮਾਹੀ ਨੂੰ ਸਰਹੰਦ ਭੇਜ ਕੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੀ ਖ਼ਬਰ ਲਿਆਂਦੀ। ਉਸ ਸਮੇਂ ਮਹੌਲ ਬੜਾ ਗ਼ਮਗੀਨ ਸੀ ਤਾਂ ਰਾਏ ਕੱਲਾ ਜੀ ਨੇ ਬੜੀ ਨਿਮਰਤਾ ਨਾਲ ਗੁਰੂ ਸਾਹਿਬ ਨੂੰ ਆਪਣੀ ਹਵੇਲੀ ਪਧਾਰਨ ਅਤੇ ਮਹਿਮਾਨ ਨਿਵਾਜੀ ਦੀ ਪੇਸ਼ਕਸ਼ ਕੀਤੀ। ਗੁਰੂ ਸਾਹਿਬ ਜੀ ਨੇ 1705 ਈ: 19-20-21 ਪੋਹ ਨੂੰ ਤਿੰਨ ਦਿਨ ਰਾਏ ਕੱਲਾ ਜੀ ਦੀ ਹਵੇਲੀ ਵਿੱਚ ਵਿਸ਼ਰਾਮ ਕੀਤਾ ਅਤੇ ਸਾਰੇ ਪ੍ਰੀਵਾਰ ਨੇ ਤਨੋਂ ਮਨੋਂ ਗੁਰੂ ਸਾਹਿਬ ਜੀ ਦੀ ਸੇਵਾ ਕੀਤੀ। ਜਦ ਕਿ ਉਸ ਸਮੇਂ ਹਕੂਮਤ ਸਾਰੇ ਪ੍ਰੀਵਾਰ ਨੂੰ ਖਤਮ ਕਰ ਸਕਦੀ ਸੀ ਅਤੇ ਸਾਰੀ ਜਾਇਦਾਦ ਜਬਤ ਕਰ ਸਕਦੀ ਸੀ। ਪਰ ਰਾਏ ਕੱਲਾ ਜੀ ਨੇ ਗੁਰੂ ਸਾਹਿਬ ਜੀ ਦੀ ਸੇਵਾ ਨੂੰ ਤਰਜੀਹ ਦਿੱਤੀ। ਗੁਰੂ ਸਾਹਿਬ ਨੇ ਪ੍ਰੀਵਾਰ ਦੀ ਸੇਵਾ ਤੋਂ ਖੁਸ਼ ਹੋ ਕੇ ਵਦਾਇਗੀ ਸਮੇਂ ਗੰਗਾ ਸਾਗਰ, ਇੱਕ ਕਿਰਪਾਨ ਅਤੇ ਇੱਕ ਲੱਕੜ ਦੀ ਰਿਹਲ ਪ੍ਰੀਵਾਰ ਬਖਸ਼ਿਸ਼ ਕੀਤੀ ਅਤੇ ਖਾਨਦਾਨ ਨੂੰ ਸਲਾਮਤ ਰਹਿਣ ਦੀ ਅਸੀਸ ਦਿੱਤੀ।

ਉਸ ਤੋਂ ਬਾਅਦ ਪੀੜ੍ਹੀ ਦਰ ਪੀੜ੍ਹੀ ਇਸ ਖਾਨਦਾਨ ਵਿੱਚ ਤਿੰਨਾਂ ਵਸਤੂਆਂ ਦੀ ਸਾਂਭ-ਸੰਭਾਲ ਜਾਰੀ ਰਹੀ। ਪਰ ਰਿਹਲ ਲੱਕੜ ਦੀ ਬਣੀ ਹੋਣ ਕਰਕੇ ਆਪਣੀ ਅਹੁਦ ਪੁਗਾ ਗਈ। ਕਿਰਪਾਨ ਬਾਰੇ ਜਾਣਕਾਰੀ ਹੈ ਕਿ 1854 ਵਿੱਚ ਰਾਣੀ ਭਾਗਭਰੀ ਚੱਲ ਵਸੀ ਤਾਂ ਉਸ ਸਮੇਂ ਲੁਧਿਆਣੇ ਦਾ ਅੰਗਰੇਜ਼ ਡਿਪਟੀ ਕਮਿਸ਼ਨਰ ਅਫ਼ਸੋਸ ਕਰਨ ਲਈ ਰਾਏਕੋਟ ਆਇਆ ਤਾਂ ਰਾਣੀ ਦੇ ਪਾਲਿਤ ਪੁੱਤਰ (ਰਾਣੀ ਦੇ ਸਕੇ ਭਤੀਜੇ) ਅਤੇ ਵਾਰਸ ਇਮਾਮ ਬਖਸ਼ ਨੇ ਉਹ ਕਿਰਪਾਨ ਉਸ ਅਫਸਰ ਨੂੰ ਭੇਟ ਕਰ ਦਿੱਤੀ ਜੋ ਉਸ ਨੇ 25 ਨਵੰਬਰ 1854 ਨੂੰ ਇੰਗਲੈਂਡ ਭੇਜ ਦਿਤੀ। ਪਰ ਰਾਏ ਪ੍ਰੀਵਾਰ ਦਾ ਕਹਿਣਾ ਹੈ ਕਿ ਉਹ ਕਿਰਪਾਨ ਅੰਗਰੇਜ਼ਾਂ ਨੇ ਉਨ੍ਹਾਂ ਤੋਂ ਹਕੂਮਤ ਦੇ ਜ਼ੋਰ ਨਾਲ ਹਥਿਆ ਲਈ ਸੀ। ਗੁਰਦੁਆਰਾ ਟਾਹਲੀਆਣਾ ਸਾਹਿਬ ਦੀ ਉਸਾਰੀ ਮੁਕੰਮਲ ਹੋਣ ਤੇ 1-2-3 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਅਤੇ ਪ੍ਰੀਵਾਰ ਦੀ ਯਾਦ ਵਿੱਚ ਉੱਥੇ ਦੀਵਾਨ ਸਜਣ ਲੱਗੇ। ਦੀਵਾਨਾਂ ਦੇ ਆਖਰੀ ਦਿਨ ਰਾਏਕਿਆਂ ਦੀ ਹਵੇਲੀ ਵਿੱਚ ਰਾਏ ਇਨਾਇਤ ਖਾਨ ਸੰਗਤਾਂ ਨੂੰ ਬੜੇ ਸਤਿਕਾਰ ਨਾਲ ਗੰਗਾ ਸਾਗਰ ਦੇ ਦਰਸ਼ਨ ਕਰਵਾਉਂਦੇ। ਇਹ ਸਿਲਸਿਲਾ 1947 ਤੱਕ ਜਾਰੀ ਰਿਹਾ। ਯਾਦ ਰਹੇ ਕਿ ਗੁਰਦੁਆਰਾ ਸਾਹਿਬ ਲਈ 6 ਵਿੱਘੇ ਜ਼ਮੀਨ ਵੀ ਰਾਏ ਪ੍ਰੀਵਾਰ ਦੇ ਰਾਏ ਵਲੀ ਮੁਹੰਮਦ ਨੇ ਹੀ ਦਿੱਤੀ ਸੀ। ਉਸਾਰੀ ਸਮੇਂ ਗੁਰਦੁਆਰਾ ਸਾਹਿਬ ਦੀਆਂ ਨੀਹਾਂ ਵਿੱਚ ਗੰਗਾ ਸਾਗਰ ਦਾ ਪਵਿੱਤਰ ਜਲ ਛਿੜਕ ਕੇ ਉਸਾਰੀ ਕੀਤੀ ਗਈ ਸੀ। ਬਟਵਾਰੇ ਸਮੇਂ ਰਾਏ ਇਨਾਇਤ ਖਾਨ (ਰਾਏ ਅਜ਼ੀਜ਼ਉੱਲਾ ਖਾਨ ਦੇ ਦਾਦਾ ਜੀ) ਚੀਚਾਵਤਨੀ (ਪਾਕਿਸਤਾਨ) ਚਲੇ ਗਏ, ਜਿੱਥੇ ਇਸ ਪ੍ਰੀਵਾਰ ਨੂੰ 10 ਮੁਰੱਬੇ ਜ਼ਮੀਨ ਪਹਿਲਾਂ ਹੀ ਮਿਲੀ ਹੋਈ ਸੀ। ਪਰ ਉਹ ਗੰਗਾ ਸਾਗਰ ਨੂੰ ਵੀ ਬੜੀ ਹਿਫ਼ਾਜ਼ਤ ਨਾਲ ਆਪਣੇ ਨਾਲ ਲੈ ਗਏ। ਇੱਥੋਂ ਵਾਲੀ ਜ਼ਮੀਨ ਦੇ ਇਵਜ ਵਿੱਚ ਇਸ ਪ੍ਰੀਵਾਰ ਨੂੰ ਪਾਕਿਸਤਾਨ ਵਿੱਚ ਬਹੁਤ ਘੱਟ ਜ਼ਮੀਨ ਮਿਲੀ।

ਰਾਏ ਅਜ਼ੀਜ਼ਉੱਲਾ ਖਾਨ ਦਾ ਜਨਮ 1951 ਵਿੱਚ ਹੋਇਆ। ਪਰ ਦੋ ਸਾਲ ਬਾਅਦ ਹੀ ਉਨ੍ਹਾਂ ਦੇ ਦਾਦਾ ਰਾਏ ਇਨਾਇਤ ਖਾਨ ਜੀ ਦੀ ਮੌਤ ਹੋ ਗਈ। ਬਦਕਿਸਮਤੀ ਨਾਲ 1958 ਵਿੱਚ ਰਾਏ ਅਜ਼ੀਜ਼ਉੱਲਾ ਜੀ ਦੇ ਪਿਤਾ ਰਾਏ ਫਕੀਰਉੱਲਾ ਖਾਨ 28 ਸਾਲ ਦੀ ਉਮਰ ਵਿੱਚ ਅੱਲਾ ਨੂੰ ਪਿਆਰੇ ਹੋ ਗਏ। ਓਦੋਂ ਰਾਏ ਅਜ਼ੀਜ਼ਉੱਲਾ ਖਾਨ ਜੀ ਦੀ ਉਮਰ ਸਿਰਫ਼ ਸਾਢੇ ਛੇ ਸਾਲ ਹੀ ਸੀ। ਉਸ ਤੋਂ ਬਾਅਦ ਉਨ੍ਹਾਂ ਦੀ ਦਾਦੀ ਅਜ਼ੀਜ਼ ਬੀਬੀ ਨੇ ਹੀ ਉਨ੍ਹਾਂ ਦਾ ਪਾਲਣ-ਪੋਸ਼ਣ ਕੀਤਾ, ਉੱਚ ਪੱਧਰ ਦੀ ਪੜ੍ਹਾਈ ਵੀ ਕਰਵਾਈ ਅਤੇ ਨਾਲ-ਨਾਲ ਗੰਗਾ ਸਾਗਰ ਬਾਰੇ ਜਾਣਕਾਰੀ ਦਿੱਤੀ ਅਤੇ ਮਰਿਆਦਾ ਵੀ ਸਮਝਾਈ। ਰਾਏ ਅਜ਼ੀਜ਼ਉੱਲਾ ਖਾਨ ਜੀ ਨੇ ਦੱਸਿਆ ਕਿ ਉਨ੍ਹਾਂ ਦੀ ਦਾਦੀ ਨੇ 24 ਸਾਲ ਤੱਕ ਸਿਰਫ ਦੋ ਵਾਰ ਹੀ ਗੰਗਾ ਸਾਗਰ ਨੂੰ ਹੱਥ ਲਾਉਣ ਦਿੱਤੇ। ਏਧਰ ਉਜਾੜਾ ਪੈਣ ਕਾਰਨ ਸਮਾਜ ਵਿੱਚ ਉਥਲ-ਪੁਥਲ ਹੋ ਗਈ ਅਤੇ ਸੰਗਤ ਗੰਗਾ ਸਾਗਰ ਨੂੰ ਭੁੱਲ-ਭੁਲਾ ਗਈ। ਜਨ-ਜੀਵਨ ਆਮ ਵਾਂਗ ਹੋਣ ਤੇ ਵੀ 1947 ਤੋਂ 1993 ਤੱਕ ਕਿਸੇ ਸਿੱਖ ਆਗੂ ਨੇ ਗੰਗਾ ਸਾਗਰ ਦੀ ਜਾਣਕਾਰੀ ਲੈਣ ਲਈ ਉਜਰ ਨਾ ਕੀਤਾ। ਓਧਰ ਪੜ੍ਹਾਈ-ਲਿਖਾਈ ਤੋਂ ਸੁਰਖਰੂ ਹੋ ਕੇ ਰਾਏ ਅਜ਼ੀਜ਼ਉੱਲਾ ਖਾਨ ਜੀ ਨੇ ਦਾਦੀ ਦੀਆਂ ਗੰਗਾ ਸਾਗਰ ਬਾਰੇ ਦੱਸੀਆਂ ਗੱਲਾਂ ਬਾਰੇ ਅਤੇ ਆਪਣੇ ਖ਼ਾਨਦਾਨ ਬਾਰੇ ਜਾਣਕਾਰੀ ਇਕੱਤਰ ਕਰਨੀ ਸ਼ੁਰੂ ਕਰ ਦਿੱਤੀ। ਇਸ ਜਨੂੰਨ ਲਈ ਉਨ੍ਹਾਂ ਨੇ ਲਹੌਰ ਤੋਂ ਲੰਡਨ ਤੱਕ ਦੀਆਂ ਲਾਇਬ੍ਰੇਰੀਆਂ ਛਾਣ ਮਾਰੀਆਂ ਅਤੇ ਢੇਰ ਸਾਰਾ ਰਿਕਾਰਡ ਇਕੱਠਾ ਕਰ ਲਿਆ। ਉਪਰੋਕਤ ਸਾਰੀ ਜਾਣਕਾਰੀ ਰਾਏ ਅਜ਼ੀਜ਼ਉੱਲਾ ਖਾਨ ਦੇ ਤਰੱਦਦ ਕਾਰਨ ਹੀ ਮਿਲੀ ਹੈ।

ਫਿਰ ਰਾਏ ਅਜ਼ੀਜ਼ਉੱਲਾ ਖਾਨ ਨੇ ਸੋਚਿਆ ਕਿ ਕਿਉਂ ਨਾ ਗੰਗਾ ਸਾਗਰ ਬਾਰੇ ਫਿਰ ਤੋਂ ਸਿੱਖ ਸੰਗਤ ਨੂੰ ਜਾਣਕਾਰੀ ਦਿੱਤੀ ਜਾਵੇ। ਪਰ ਇਹ ਕਾਰਜ ਬੜਾ ਮੁਸ਼ਕਲ ਸੀ 1947 ਦੇ ਕਤਲੋਗਾਰਤ ਕਾਰਨ ਅਤੇ ਧਰਮ ਦੇ ਨਾਂ ਤੇ ਦੋ ਦੇਸ਼ ਬਣਨ ਕਾਰਨ ਦੋ ਕੌਮਾਂ ਵਿੱਚ ਦਰਾੜ ਪੈ ਚੁੱਕੀ ਸੀ। ਉਨ੍ਹਾਂ ਨੂੰ ‘ਆਪਣਿਆਂ’ ਵੱਲੋਂ ਵੀ ਵਿਰੋਧ ਦਾ ਖ਼ਦਸ਼ਾ ਸੀ। ਪਰ ਗੰਗਾ ਸਾਗਰ ਪ੍ਰਤੀ ਸ਼ਰਧਾ ਹੋਣ ਕਾਰਨ ਉਹ ਰੁਕ ਨਹੀਂ ਸਕੇ। ਉਨਾਂ ਕਹਿਣਾ ਹੈ ਕਿ ਗੁਰੂ ਸਾਹਿਬ ਗੰਗਾ ਸਾਗਰ ਦੀ ਥਾਂ ਭਾਵੇਂ ਮਿੱਟੀ ਦਾ ਬਰਤਨ ਹੀ ਬਖਸ਼ ਦਿੰਦੇ ਰਾਏ ਪ੍ਰੀਵਾਰ ਵੱਲੋਂ ਤਾਂ ਵੀ ਓਨੀ ਹੀ ਸ਼ਰਧਾ ਹੋਣੀ ਸੀ। ਰਾਏ ਸਾਹਿਬ ਅਤੇ ਇਮਰਾਨ ਖਾਨ ਏਚੀਸਨ ਕਾਲਜ ਲਹੌਰ ਵਿੱਚ ਇਕੱਠੇ ਪੜ੍ਹੇ ਹਨ, ਇਸ ਲਈ ਗੂੜ੍ਹੇ ਦੋਸਤ ਵੀ ਹਨ ਅਤੇ ਰਾਏ ਸਾਹਿਬ ਖੁਦ ਵੀ ਚੰਗੇ ਖਿਡਾਰੀ ਰਹੇ ਹਨ। ਇਸ ਲਈ ਉਨ੍ਹਾਂ ਨੂੰ ਮੈਚ ਵੇਖਣ ਅਤੇ ਘੁੰਮਣ-ਫਿਰਨ ਦਾ ਸ਼ੋਕ ਹੈ। 1993 ਵਿੱਚ ਉਹ ਆਪਣੀ ਨਿੱਜੀ ਫੇਰੀ ਤੇ ਲੰਡਨ ਗਏ ਸਨ। ਉੱਥੇ ਉਨ੍ਹਾਂ ਨੇ ਹੈਵਲੋਕ ਰੋਡ ਸਾਊਥਹਾਲ ਦੇ ਸਿੰਘ ਸਭਾ ਗੁਰਦੁਆਰੇ ਵਿੱਚ ਪਹਿਲੀ ਵਾਰ ਗੰਗਾ ਸਾਗਰ ਦੇ ਉਨ੍ਹਾਂ ਦੇ ਪ੍ਰੀਵਾਰ ਕੋਲ ਸੁਰੱਖਿਅਤ ਹੋਣ ਦੀ ਬਾਤ ਪਾਈ ਤਾਂ ਸੰਗਤਾਂ ਖੁਸ਼ੀ ਵਿੱਚ ਝੂਮ ਉੱਠੀਆਂ ਅਤੇ ਜਲਦੀ ਦਰਸ਼ਨ ਕਰਵਾਉਣ ਦੀ ਬੇਨਤੀ ਕੀਤੀ। ਦੇਸ਼ ਦੀ ਵੰਡ ਤੋਂ ਬਾਅਦ 7 ਅਗਸਤ 1994 ਨੂੰ ਹੇਜ਼ ਮਿਡਲਸੈਕਸ ਵਿਚਲੇ ਗੁਰੂ ਨਾਨਕ ਸਿੱਖ ਕਾਲਜ ਦੇ ਗੁਰਦੁਆਰੇ ਸੰਗਤਾਂ ਨੂੰ ਦਰਸ਼ਨ ਕਰਵਾਏ, ਚਿਲਵਿਗ ਵਿਖੇ ਗੁਰੂ ਗੋਬਿੰਦ ਸਿੰਘ ਕਾਲਜ ਦੇ ਗੁਰਦੁਆਰੇ ਅਤੇ ਨਾਨਕਸਰ ਠਾਠ ਈਸਰ ਦਰਬਾਰ ਵੁਲਵਰਹੈਂਪਟਨ ਦੇ ਗੁਰਦੁਆਰੇ ਗੰਗਾ ਸਾਗਰ ਦੇ ਦਰਸ਼ਨ ਕਰਵਾਏ। 1995-96 ਵਿੱਚ ਸਿੰਘਾਪੁਰ,ਮਲੇਸ਼ੀਆ, ਅਮਰੀਕਾ,ਆਸਟਰੇਲੀਆ ਗੰਗਾ ਸਾਗਰ ਦੇ ਦਰਸ਼ਨ ਕਰਵਾਏ। ਫਿਰ 2004 ਵਿੱਚ ਛੋਟੇ ਸਾਹਿਬਜ਼ਾਦਿਆਂ ਦੇ 300 ਸਾਲਾ ਸ਼ਹੀਦੀ ਪੁਰਬ ਤੇ ਬਟਵਾਰੇ ਤੋਂ 57 ਸਾਲ ਬਾਅਦ ਭਾਰਤੀ ਪੰਜਾਬ ਵਿੱਚ ਦਰਸ਼ਨ ਕਰਵਾਏ। ਇਸ ਸਮੇਂ ਵੱਖ-ਵੱਖ ਧਾਰਮਿਕ ਸਥਾਨਾਂ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ,ਮੰਜੀ ਸਾਹਿਬ ਦਰਬਾਰ ਹਾਲ,ਗੁਰਦੁਆਰਾ ਕਤਲਗੜ੍ਹ ਸਾਹਿਬ(ਚਮਕੌਰ ਸਾਹਿਬ),ਗੁਰਦੁਆਰਾ ਫਤਹਿਗੜ ਸਾਹਿਬ,ਆਲਮਗੀਰ ਸਾਹਿਬ,ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ 17 ਦਸੰਬਰ ਤੋਂ 28 ਦਸੰਬਰ ਤੱਕ 12 ਦਿਨਾਂ ਵਿੱਚ ਦਰਸ਼ਨ ਕਰਵਾਏ। 29 ਦਸੰਬਰ 2004 ਨੂੰ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਜੀ ਦੇ ਪ੍ਰੀਵਾਰ ਵੱਲੋਂ ਕੀਤੀ ਬੇਨਤੀ ਤੇ ਦਿੱਲੀ ਵਿਖੇ ਉਨ੍ਹਾਂ ਦੇ ਗ੍ਰਹਿ ਵਿਖੇ ਗੰਗਾ ਸਾਗਰ ਦੇ ਦਰਸ਼ਨ ਕਰਵਾਏ ਅਤੇ ਉਨ੍ਹਾਂ ਵੱਲੋਂ ਬੇਅੰਤ ਸਤਿਕਾਰ ਦਿੱਤਾ ਗਿਆ। ਏਥੇ ਇਹ ਜ਼ਿਕਰ ਵੀ ਜਰੂਰੀ ਹੈ ਕਿ ਰਾਏ ਅਜ਼ੀਜ਼ਉੱਲਾ ਖਾਨ ਪਾਕਿਸਤਾਨ ਅਸੈਂਬਲੀ ਮੈਂਬਰ ਵੀ ਰਹੇ ਹਨ।

ਗੰਗਾ ਸਾਗਰ ਦੇ ਪ੍ਰਸੰਗ ਨੂੰ ਵਾਚੀਏ ਤਾਂ ਰਾਏ ਕੱਲਾ (ਤੀਸਰਾ) ਤੋਂ ਲੈ ਕੇ ਰਾਏ ਮੁਹੰਮਦ ਅਲੀ ਖਾਨ ਤੱਕ ਸਮੁੱਚਾ ਖ਼ਾਨਦਾਨ ਹੀ ਬੇਅੰਤ ਸਤਿਕਾਰ ਦਾ ਪਾਤਰ ਹੈ ਪਰ ਇਸ ਪ੍ਰਸੰਗ ਵਿੱਚ ਚਾਰ ਸ਼ਖਸੀਅਤਾਂ ਦਾ ਵਿਸ਼ੇਸ਼ ਜ਼ਿਕਰ ਕਰਨਾ ਬਣਦਾ ਹੈ। ਰਾਏ ਕੱਲਾ(ਤੀਸਰਾ) ਨੇ ਸਿਰ ਤੇ ਮੌਤ ਦੀ ਤਲਵਾਰ ਲਟਕਦੀ ਦੇਖ ਕੇ ਵੀ ਤਨੋਂ ਮਨੋਂ ਗੁਰੂ ਸਾਹਿਬ ਜੀ ਦੀ ਮਹਿਮਾਨ ਨਿਵਾਜੀ ਨੂੰ ਤਰਜੀਹ ਦਿੱਤੀ ਅਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਤਿੰਨ ਪਵਿੱਤਰ ਬਖ਼ਸ਼ਿਸ਼ਾਂ ਪ੍ਰਾਪਤ ਕੀਤੀਆਂ। ਰਾਏ ਅਜ਼ੀਜ਼ਉੱਲਾ ਖਾਨ ਜੀ ਦੇ ਦਾਦਾ ਜੀ ਰਾਏ ਇਨਾਇਤ ਖਾਨ ਉਜਾੜੇ ਸਮੇਂ 70 ਸਾਲ ਦੇ ਸਨ। ਇਸ ਭਿਆਨਕ ਸਮੇਂ ਵਿੱਚ ਵੀ ਉਨ੍ਹਾਂ ਨੇ ਪਵਿੱਤਰ ਗੰਗਾ ਸਾਗਰ ਨੂੰ ਪੂਰੀ ਹਿਫਾਜ਼ਤ ਨਾਲ ਆਪਣੇ ਨਾਲ ਪਾਕਿਸਤਾਨ ਲੈ ਆਂਦਾ। ਪਾਕਿਸਤਾਨ ਜਾ ਕੇ ਵੀ ਆਖਰੀ ਦਮ (1953) ਤੱਕ ਗੰਗਾ ਸਾਗਰ ਨੂੰ ਪੂਰੇ ਅਦਬ-ਸਤਿਕਾਰ ਨਾਲ ਸੰਭਾਲਿਆ। ਉਸ ਤੋਂ ਬਾਅਦ ਰਾਏ ਅਜ਼ੀਜ਼ਉੱਲਾ ਖਾਨ ਦੀ ਦਾਦੀ ਅਜ਼ੀਜ਼ ਬੀਬੀ ਨੇ ਘੋਰ ਸੰਕਟ ਦੇ ਸਮੇਂ, ਜਦੋਂ ਘਰ ਵਿੱਚ ਕੋਈ ‘ਸਿਆਣਾ ਪੁਰਸ਼’ ਨਹੀਂ ਰਿਹਾ ਸੀ ਤਾਂ ਖੇਤੀਬਾੜੀ ਦਾ ਕੰਮ ਵੀ ਖੁਦ ਆਪਣੀ ਨਿਗਰਾਨੀ ਹੇਠ ਕਰਵਾਇਆ ਅਤੇ ਆਪਣੇ ਪੋਤਰੇ ਰਾਏ ਅਜ਼ੀਜ਼ਉੱਲਾ ਖਾਨ ਨੂੰ ਪਾਲ਼ਿਆ, ਪੜ੍ਹਾਇਆ,ਨਾਲ ਨਾਲ ਗੰਗਾ ਸਾਗਰ ਦੀ ਪਵਿੱਤਰਤਾ ਕਾਇਮ ਰੱਖੀ ਅਤੇ ਗੰਗਾ ਸਾਗਰ ਬਾਰੇ ਜਾਣਕਾਰੀ ਤੇ ਮਰਿਆਦਾ ਵੀ ਦੱਸੀ। ਚੌਥੀ ਮਾਣਯੋਗ ਹਸਤੀ ਨੇ ਰਾਏ ਅਜ਼ੀਜ਼ਉੱਲਾ ਖਾਨ ਜੀ,ਜਿੰਨਾ ਨੇ ਗੰਗਾ ਸਾਗਰ ਅਤੇ ਆਪਣੇ ਖਾਨਦਾਨ ਦਾ ਰਿਕਾਰਡ ਲੱਭਣ ਲਈ ਬੇਹੱਦ ਤਰੱਦਦ ਕੀਤਾ ਅਤੇ 1947 ਤੋਂ 47 ਸਾਲ ਬਾਅਦ ਦੁਬਾਰਾ ਸਿੱਖ ਸੰਗਤਾਂ ਨਾਲ ਰਾਬਤਾ ਬਣਾ ਕੇ ਪਵਿੱਤਰ ਗੰਗਾ ਸਾਗਰ ਦੇ ਦਰਸ਼ਨ ਕਰਵਾਉਣ ਦੀ ਰੀਤ ਚਲਾਈ। ਰਾਏ ਸਾਹਿਬ ਕੁੱਝ ਸਮਾਂ ਇੰਗਲੈਂਡ ਵੀ ਰਹੇ ਅਤੇ ਗੰਗਾ ਸਾਗਰ ਵੀ ਉਨ੍ਹਾਂ ਹਿਫ਼ਾਜ਼ਤ ਲਈ ਆਪਣੇ ਕੋਲ ਰੱਖਿਆ। 2008 ਵਿੱਚ ਉਹ ਪੱਕੇ ਤੌਰ ਤੇ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਵੱਸ ਗਏ। ਅੱਜਕੱਲ੍ਹ ਗੰਗਾ ਸਾਗਰ ਏਥੇ ਇਨ੍ਹਾਂ ਕੋਲ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਪੂਰੀ ਮਰਿਆਦਾ ਅਨੁਸਾਰ ਸੇਵਾ-ਸੰਭਾਲ ਕਰ ਰਹੇ ਹਨ। ਰਾਏ ਅਜ਼ੀਜ਼ਉੱਲਾ ਖਾਨ ਕਹਿੰਦੇ ਹਨ ਕਿ ਮੈ ਅੱਲਾ ਪਾਕਿ ਦਾ ਕੋਟਿਨ ਕੋਟਿ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਰਾਏ ਕੱਲਾ ਵੱਲੋਂ ਗੁਰੂ ਸਾਹਿਬ ਜੀ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਪਵਿੱਤਰ ਬਖ਼ਸ਼ਿਸ਼ਾਂ ਕਰਨ ਦੇ ਸੁਨੈਹਿਰੀ ਇਤਿਹਾਸ ਨੂੰ ਸੰਗਤਾਂ ਨਾਲ ਸਾਂਝਾ ਕਰਨ ਦਾ ਉੱਦਮ ਤੇ ਮੌਕਾ ਬਖਸ਼ਿਆ ਅਤੇ ਰਾਏ ਖਾਨਦਾਨ ਨੂੰ ਏਸੇ ਤਰ੍ਹਾਂ ਹੀ ਸੇਵਾ ਕਰਨ ਦਾ ਬਲ ਬਖਸ਼ਦੇ ਰਹਿਣ।

ਸਰੀ(ਬੀ.ਸੀ.) ਕੈਨੇਡਾ

 

 

Leave a Reply

Your email address will not be published. Required fields are marked *