Jun 23, 2026
ਕਲੋਨਾ ਹਿੰਦੂ ਕਲਚਰਲ ਸੁਸਾਇਟੀ ਦੇ ਮੰਦਰ ਦੇ ਪ੍ਰਧਾਨ ਸਮੇਤ ਸੱਤ ਆਗੂਆਂ ਵੱਲੋਂ ਅਸਤੀਫੇ –
ਵੈਨਕੂਵਰ, (ਗੁਰਵਿੰਦਰ ਸਿੰਘ ਧਾਲੀਵਾਲ)- ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਕਲੋਨਾ ਵਿੱਚ ਬਣਨ ਵਾਲੇ ਹਿੰਦੂ ਮੰਦਰ ਦੀ ਸਥਾਪਨਾ ਤੋਂ ਪਹਿਲਾਂ ਹੀ ਕਮੇਟੀ ‘ਤੇ ਫੰਡਾਂ ਦੀ ਗ਼ਲਤ ਵਰਤੋਂ ਦੇ ਦੋਸ਼ ਲੱਗਣ ਕਾਰਨ ਤਿੱਖਾ ਵਿਵਾਦ ਛਿੜ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਕਲੋਨਾ ਹਿੰਦੂ ਕਲਚਰਲ ਸੁਸਾਇਟੀ ਦੇ ਪ੍ਰਧਾਨ ਰਾਜ ਅਹੂਜਾ ਅਤੇ ਸੱਤ ਹੋਰਨਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ ਹਨ। ਜਾਣਕਾਰੀ ਅਨੁਸਾਰ ਹੋਰਨਾਂ ਕਈ ਮੁੱਦਿਆਂ ਤੋਂ ਇਲਾਵਾ ਮੁੱਖ ਮਾਮਲਾ ਫੰਡਾਂ ਦੀ ਦੁਰਵਰਤੋਂ ਦਾ ਹੈ। ਕਮੇਟੀ ਦੇ ਸਾਬਕਾ ਪ੍ਰਧਾਨ ਰਾਜ ਅਹੂਜਾ ਤੇ ਉਹਨਾਂ ਦੇ ਸਾਥੀਆਂ ਨੇ ਦੋਸ਼ ਲਾਇਆ ਹੈ ਕਿ ਕਮੇਟੀ ਉੱਪਰ ਕਾਬਜ਼ ਧਿਰ ਵੱਲੋਂ ਸੰਗਤਾਂ ਦੇ ਦਾਨ ਦੀ ਸਹੀ ਵਰਤੋਂ ਨਾ ਹੋਣਾ, ਲੋਕਤੰਤਰੀ ਢੰਗ ਨੂੰ ਛਿੱਕੇ ਟੰਗਣਾ ਤੇ ਫੰਡਾਂ ਦੇ ਮਾਮਲੇ ਵਿੱਚ ਪਾਰਦਰਸ਼ਤਾ ਦੀ ਕਮੀ ਗੰਭੀਰ ਮੁੱਦੇ ਹਨ।
       ਰਾਜ ਅਹੂਜਾ ਅਨੁਸਾਰ ਫੰਡਾਂ ਨੂੰ ਲੈ ਕੇ ਸੁਆਲ ਪੁੱਛਣ ਤੇ ਅਸ਼ੋਕ ਤਿਆਗੀ ਵੱਲੋਂ ਧੱਕੇਸ਼ਾਹੀ ਵਾਲਾ ਰਵਈਆ ਦਿਖਾਇਆ ਜਾ ਰਿਹਾ ਸੀ। ਨਤੀਜੇ ਵਜੋਂ ਉਹਨਾਂ ਆਪਣੇ ਸਾਥੀਆਂ ਸਣੇ ਮੰਦਰ ਦੀ ਪ੍ਰਧਾਨਗੀ ਅਤੇ ਪ੍ਰਮੁੱਖ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ ਹਨ। ਦੂਜੇ ਪਾਸੇ ਕਾਬਜ਼ ਧਿਰ ਦੇ ਮੈਂਬਰਾਂ ਨੇ ਪ੍ਰਤੀਕਰਮ ਚ ਕਿਹਾ ਹੈ ਕਿ ਪਿਛਲੇ ਦੋ ਸਾਲਾਂ ਤੋਂ ਸਾਬਕਾ ਪ੍ਰਧਾਨ ਰਾਜ ਅਹੂਜਾ ਕੋਲ ਖਜ਼ਾਨਚੀ ਦਾ ਅਹੁਦਾ ਸੀ ਤੇ ਸਾਰੇ ਫੰਡ ਉਹਨਾਂ ਦੇ ਅਖਤਿਆਰ ਵਿੱਚ ਸਨ, ਇਸ ਕਰਕੇ ਉਹਨਾਂ ਵੱਲੋਂ ਲਾਏ ਦੋਸ਼ ਨਿਰਮੂਲ ਹਨ।
    ਅਸਤੀਫ਼ਾ ਦੇਣ ਵਾਲੀ ਧਿਰ ਵੱਲੋਂ ਲਾਏ ਗੰਭੀਰ ਦੋਸ਼ਾਂ ਨੂੰ ਲੈ ਕੇ ਅਸ਼ੋਕ ਤਿਆਗੀ ਦਾ ਪੱਖ ਜਾਨਣ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਹਨਾਂ ਵੱਲੋਂ ਕੋਈ ਉੱਤਰ ਨਹੀਂ ਦਿੱਤਾ ਗਿਆ। ਇਸ ਦੌਰਾਨ ਸਾਬਕਾ ਪ੍ਰਧਾਨ ਰਾਜ ਅਹੂਜਾ ਨੇ ਅਸ਼ੋਕ ਤਿਆਗੀ ‘ਤੇ ਇਹ ਵੀ ਦੋਸ਼ ਲਾਇਆ ਕਿ ਉਹਨਾਂ ਆਪਣੇ ਅਸਤੀਫੇ ਦੀ ਸੱਚਾਈ ਦੱਸਣ ਲਈ ਸਾਂਝੇ ਗਰੁੱਪ ਵਿੱਚ ਜਾਣਕਾਰੀ ਦਿੱਤੀ, ਜਿਸ ਨੂੰ ਅਸ਼ੋਕ ਤਿਆਗੀ ਵੱਲੋਂ ਡਿਲੀਟ ਕਰ ਦਿੱਤਾ ਗਿਆ ਅਤੇ ਉਹਨਾਂ ਦਾ ਪੱਖ ਲੋਕਾਂ ਤੱਕ ਨਹੀਂ ਜਾਣ ਦਿੱਤਾ ਗਿਆ ਅਤੇ ਉਹਨਾਂ ਨੂੰ ਐਡਮਿਨ ਤੋਂ ਹੀ ਹਟਾ ਦਿੱਤਾ ਗਿਆ।
     ਕਲੋਨਾ ਹਿੰਦੂ ਕਲਚਰਲ ਕਮੇਟੀ ਤੋਂ ਅਸਤੀਫੇ ਦੇਣ ਵਾਲਿਆਂ ਵਿੱਚ ਸਮਰਲੈਂਡ ਹਿੰਦੂ ਮੰਦਿਰ ਦੇ ਲੰਮਾ ਸਮਾਂ ਪ੍ਰਧਾਨ ਰਹੇ ਅਸ਼ੋਕ ਮੋਹਨ, ਕਮਲੇਸ਼ ਪਟੇਲ, ਪਵਨ ਗਾਂਧਾ, ਹਿਤੇਸ਼ ਠਾਕੁਰ ਅਜੇ ਗਰੋਵਰ ਅਤੇ ਮਨੀਸ਼ਾ ਵੀ ਸ਼ਾਮਿਲ ਹਨ। ਉਧਰ ਕਲੋਨਾ ਹਿੰਦੂ ਕਲਚਰਲ ਸੋਸਾਇਟ ਦੇ ਮੁਢਲੇ ਮੈਂਬਰਾਂ ਵਿੱਚੋਂ ਸੰਦੀਪ, ਸ਼ਸ਼ੀ ਸ਼ਰਮਾ, ਜਿਮ ਖੁਰਾਣਾ ਤੇ ਹੋਰਨਾਂ ਨੇ ਵੀ ਮੰਦਰ ਉੱਪਰ ਕਾਬਜ਼ ਧੜੇ ‘ਤੇ ਗੰਭੀਰ ਦੋਸ਼ ਲਾਏ ਹਨ ਅਤੇ ਫੰਡਾਂ ਦੀ ਦੁਰਵਰਤੋਂ ਨੂੰ ਗੰਭੀਰ ਕਰਾਰ ਦਿੱਤਾ ਹੈ।
      ਉਹਨਾਂ ਚੁਣੌਤੀ ਦਿੱਤੀ ਹੈ ਕਿ ਸਾਰਾ ਮਾਮਲਾ ਲੋਕਾਂ ਵਿੱਚ ਲਿਆਂਦਾ ਜਾਏ, ਤਾਂ ਕਿ ਸੱਚਾਈ ਸਾਹਮਣੇ ਆਏ। ਇਹ ਮਸਲਾ ਕਾਫੀ ਗਰਮਾਇਆ ਹੋਇਆ ਹੈ ਤੇ ਲੋਕਾਂ ਦਾ ਕਹਿਣਾ ਹੈ ਕਿ ਅਜੇ ਮੰਦਰ ਬਣਿਆ ਨਹੀਂ ਤੇ ਪਹਿਲਾਂ ਹੀ ਫੰਡਾਂ ਦੀ ਦੁਰਵਰਤੋਂ ਸ਼ੁਰੂ ਹੋ ਗਈ ਹੈ, ਤਾਂ ਅੱਗੇ ਕੀ ਹੋਏਗਾ। ਕੀ ਮੰਦਰ ਲਈ ਫੰਡ ਦੇਣ ਵਾਲੇ ਸ਼ਰਧਾਲੂ ਅਸਤੀਫਾ ਦੇਣ ਵਾਲੇ ਵਿਅਕਤੀਆਂ ਵੱਲੋਂ ਲਾਏ ਸੰਗੀਨ ਇਲਜ਼ਾਮਾਂ ‘ਤੇ ਭਰੋਸਾ ਕਰਨਗੇ ਅਤੇ ਕਾਬਜ਼ ਧਿਰ ਦੇ ਤਾਨਾਸ਼ਾਹ ਰਵਈਏ ਖਿਲਾਫ਼ ਸਖ਼ਤ ਕਦਮ ਪੁੱਟਣਗੇ, ਇਸ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਹੈ।

Leave a Reply

Your email address will not be published. Required fields are marked *