Jun 24, 2026

ਹਰ ਸਾਲ 6 ਸਤੰਬਰ ਨੂੰ ਸਮਾਗਮ ਕਰਵਾਉਣ ਦਾ ਐਲਾਨ–

ਸਰੀ (ਮਹੇਸ਼ਇੰਦਰ ਸਿੰਘ ਮਾਂਗਟ, ਗੁਰਪ੍ਰੀਤ ਸਿੰਘ ਤਲਵੰਡੀ ) – ਗਿਆਨੀ ਦਿੱਤ ਸਿੰਘ ਸਾਹਿਤ ਸਭਾ ਕੈਨੇਡਾ ਵੱਲੋਂ ਸਰੀ ਸਥਿਤ ਖਾਲਸਾ ਲਾਇਬ੍ਰੇਰੀ ਵਿੱਚ ਗਦਰ ਲਹਿਰ ਦੇ ਚਾਰ ਮਹਾਨ ਯੋਧਿਆਂ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਜਾਬੀ ਸਾਹਿਤ, ਇਤਿਹਾਸ ਅਤੇ ਸਮਾਜਿਕ ਖੇਤਰ ਨਾਲ ਜੁੜੀਆਂ ਨਾਮਵਰ ਸ਼ਖ਼ਸੀਅਤਾਂ ਨੇ ਭਾਗ ਲਿਆ ਅਤੇ ਗਦਰੀ ਬਾਬਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਸੰਘਰਸ਼ਮਈ ਜੀਵਨ ‘ਤੇ ਚਾਨਣਾ ਪਾਇਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਸਿੱਧ ਵਿਦਵਾਨ ਅਤੇ ਲੇਖਕ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਸ਼ਹੀਦ ਭਾਈ ਈਸ਼ਰ ਸਿੰਘ ਢੁੱਡੀਕੇ, ਭਾਈ ਉੱਤਮ ਸਿੰਘ ਹਾਂਸ, ਭਾਈ ਬੀਰ ਸਿੰਘ ਬਾਹੋਵਾਲ ਅਤੇ ਭਾਈ ਰੂੜ ਸਿੰਘ ਤਲਵੰਡੀ ਦੋਸਾਂਝ ਦੇ ਜੀਵਨ ਅਤੇ ਗਦਰ ਲਹਿਰ ਵਿੱਚ ਉਨ੍ਹਾਂ ਦੇ ਯੋਗਦਾਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਲਾਹੌਰ ਸਾਜ਼ਿਸ਼ ਕੇਸ ਤਹਿਤ 18 ਜੂਨ 1916 ਨੂੰ ਇਨ੍ਹਾਂ ਚਾਰਾਂ ਗਦਰੀ ਯੋਧਿਆਂ ਨੂੰ ਫਾਂਸੀ ਦੇ ਕੇ ਸ਼ਹੀਦ ਕੀਤਾ ਗਿਆ ਸੀ। ਉਨ੍ਹਾਂ ਇਤਿਹਾਸਕਾਰ ਸੋਹਣ ਸਿੰਘ ਪੂਨੀ ਵੱਲੋਂ ਗਦਰੀ ਯੋਧਿਆਂ ਦੀ ਯਾਦ ਨੂੰ ਸੰਜੋਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ।
ਡਾ. ਕੁਲਵੰਤ ਸਿੰਘ ਥਿੰਦ ਅਤੇ ਭੁਪਿੰਦਰ ਸਿੰਘ ਮੱਲ੍ਹੀ ਨੇ ਆਪਣੇ ਵਿਚਾਰਾਂ ਵਿੱਚ ਕਿਹਾ ਕਿ ਗਦਰੀ ਯੋਧਿਆਂ ਨੇ ਬਸਤੀਵਾਦ ਅਤੇ ਨਸਲਵਾਦ ਦੇ ਵਿਰੁੱਧ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਦਿਆਂ ਕੁਰਬਾਨੀਆਂ ਦਿੱਤੀਆਂ, ਜਿਨ੍ਹਾਂ ਨੂੰ ਅੱਜ ਵੀ ਯਾਦ ਰੱਖਣ ਦੀ ਲੋੜ ਹੈ।
ਇਸ ਮੌਕੇ ਜਗਤਾਰ ਸਿੰਘ ਸੰਧੂ, ਪ੍ਰਿੰਸੀਪਲ ਮਲੂਕ ਚੰਦ ਕਲੇਰ, ਬਲਵੀਰ ਸਿੰਘ ਸੰਘਾ, ਕੇਸਰ ਸਿੰਘ ਕੂੰਨਰ ਅਤੇ ਡਾ. ਜਸਵਿੰਦਰ ਸਿੰਘ ਦਿਲਾਵਰੀ ਨੇ ਵੀ ਆਪਣੇ ਸੰਬੋਧਨਾਂ ਵਿੱਚ ਗਦਰੀ ਬਾਬਿਆਂ ਦੀਆਂ ਕੁਰਬਾਨੀਆਂ ਨੂੰ ਨਮਨ ਕੀਤਾ। ਬੁਲਾਰਿਆਂ ਨੇ ਸਿੰਘ ਸਭਾ ਲਹਿਰ ਦੇ ਪ੍ਰਮੁੱਖ ਆਗੂ ਪ੍ਰੋ. ਗਿਆਨੀ ਦਿੱਤ ਸਿੰਘ ਦੇ ਸਿੱਖੀ ਅਤੇ ਪੰਜਾਬੀ ਭਾਸ਼ਾ ਪ੍ਰਤੀ ਯੋਗਦਾਨ ਨੂੰ ਵੀ ਯਾਦ ਕੀਤਾ।
ਪੰਜਾਬੀ ਪੱਤਰਕਾਰ ਅਤੇ ਲੇਖਕ ਗੁਰਪ੍ਰੀਤ ਸਿੰਘ ਤਲਵੰਡੀ ਨੇ ਪ੍ਰੋ. ਗਿਆਨੀ ਦਿੱਤ ਸਿੰਘ ਦੇ ਜੀਵਨ ਅਤੇ ਕਾਰਜਾਂ ਬਾਰੇ ਚਰਚਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੰਜਾਬੀ ਦੇ ਪਹਿਲੇ ‘ਖਾਲਸਾ ਅਖ਼ਬਾਰ’ ਦੀ ਸ਼ੁਰੂਆਤ ਕਰਨ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਦੀ ਸਥਾਪਨਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਪ੍ਰੋ. ਗਿਆਨੀ ਦਿੱਤ ਸਿੰਘ ਨੂੰ ਇੱਕ ਦੂਰਅੰਦੇਸ਼ ਸਮਾਜ ਸੁਧਾਰਕ ਅਤੇ ਇਨਕਲਾਬੀ ਵਿਚਾਰਕ ਕਰਾਰ ਦਿੱਤਾ।
ਸੀਨੀਅਰ ਪੱਤਰਕਾਰ ਜੋਗਿੰਦਰ ਸਿੰਘ ਨੇ ਕਿਹਾ ਕਿ ਪੰਜਾਬੀ ਮੀਡੀਆ ਨੂੰ ਗਦਰ ਲਹਿਰ ਅਤੇ ਸਿੰਘ ਸਭਾ ਲਹਿਰ ਵਰਗੀਆਂ ਇਤਿਹਾਸਕ ਸੁਧਾਰ ਲਹਿਰਾਂ ਨੂੰ ਵਧੇਰੇ ਮਹੱਤਵ ਦੇਣਾ ਚਾਹੀਦਾ ਹੈ ਤਾਂ ਜੋ ਨਵੀਂ ਪੀੜ੍ਹੀ ਆਪਣੇ ਸ਼ਹੀਦਾਂ ਅਤੇ ਇਤਿਹਾਸ ਨਾਲ ਜੁੜ ਸਕੇ।
ਮੈਡਮ ਸ਼ਬਨਮ ਮੱਲ੍ਹੀ ਅਤੇ ਐਡਵੋਕੇਟ ਕੁਲਵੀਰ ਸਿੰਘ ਵੈਹਣੀਵਾਲ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਪੰਜਾਬੀ ਲੇਖਕਾਂ ਅਤੇ ਪੱਤਰਕਾਰਾਂ ਨੂੰ ਸੱਚ ਅਤੇ ਇਤਿਹਾਸ ਦੀ ਪੱਖਦਾਰੀ ਕਰਨ ਦਾ ਸੱਦਾ ਦਿੱਤਾ।
ਸਮਾਗਮ ਦੇ ਅੰਤ ਵਿੱਚ ਗਿਆਨੀ ਦਿੱਤ ਸਿੰਘ ਸਾਹਿਤ ਸਭਾ ਕੈਨੇਡਾ ਵੱਲੋਂ ਐਲਾਨ ਕੀਤਾ ਗਿਆ ਕਿ ਹਰ ਸਾਲ 6 ਸਤੰਬਰ ਨੂੰ ਪ੍ਰੋ. ਗਿਆਨੀ ਦਿੱਤ ਸਿੰਘ ਦੀ ਯਾਦ ਵਿੱਚ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵਿਸ਼ਾਲ ਸਮਾਗਮ ਕਰਵਾਏ ਜਾਣਗੇ। ਇਸ ਦੇ ਨਾਲ ਹੀ ਨੌਜਵਾਨ ਪੀੜ੍ਹੀ ਨੂੰ ਸਾਹਿਤ ਸਭਾ ਨਾਲ ਜੁੜ ਕੇ ਸ਼ਹੀਦਾਂ ਅਤੇ ਮਹਾਨ ਸ਼ਖ਼ਸੀਅਤਾਂ ਦੀ ਸੋਚ ਨੂੰ ਘਰ-ਘਰ ਤੱਕ ਪਹੁੰਚਾਉਣ ਦੀ ਅਪੀਲ ਵੀ ਕੀਤੀ ਗਈ।

Leave a Reply

Your email address will not be published. Required fields are marked *