14-0 ਦੇ ਫ਼ੈਸਲੇ ਨਾਲ ਪ੍ਰੋਜੈਕਟ ਨੂੰ ਮਿਲੀ ਮਨਜ਼ੂਰੀ-
ਕੈਲਗਰੀ ( ਦਲਵੀਰ ਜੱਲੋਵਾਲੀਆ )- ਬੀਤੇ ਦਿਨ ਕੌਰਨਰਸਟੋਨ ਇਲਾਕੇ ਵਿੱਚ ਗੁਰੂਦੁਆਰਾ ਸਾਹਿਬ ਦੀ ਨਵੀਂ ਜ਼ਮੀਨ ਲਈ ਸਿੱਖ ਭਾਈਚਾਰੇ ਨੂੰ ਇੱਕ ਵੱਡੀ ਅਤੇ ਇਤਿਹਾਸਕ ਪ੍ਰਾਪਤੀ ਮਿਲੀ ਹੈ। ਕੈਲਗਰੀ ਸਿਟੀ ਕੌਂਸਲ ਨੇ 14-0 ਦੇ ਸਰਬਸੰਮਤੀ ਫ਼ੈਸਲੇ ਨਾਲ ਇਸ ਸਥਾਨ ’ਤੇ ਗੁਰੂਦੁਆਰਾ ਸਾਹਿਬ, ਕਮਿਊਨਿਟੀ ਸੈਂਟਰ ਅਤੇ ਸਕੂਲ ਦੇ ਨਿਰਮਾਣ ਲਈ ਮਨਜ਼ੂਰੀ ਦੇ ਦਿੱਤੀ ਹੈ।
ਭਾਈਚਾਰੇ ਵੱਲੋਂ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਇਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਕਰਾਰ ਦਿੱਤਾ ਗਿਆ ਹੈ। ਪ੍ਰਸਤਾਵਿਤ ਪ੍ਰੋਜੈਕਟ ਸਿਰਫ਼ ਧਾਰਮਿਕ ਗਤੀਵਿਧੀਆਂ ਦਾ ਕੇਂਦਰ ਹੀ ਨਹੀਂ ਹੋਵੇਗਾ, ਸਗੋਂ ਸਿੱਖਿਆ, ਸੱਭਿਆਚਾਰ, ਸਮਾਜਿਕ ਸੇਵਾ ਅਤੇ ਕਮਿਊਨਿਟੀ ਵਿਕਾਸ ਲਈ ਵੀ ਇੱਕ ਮਹੱਤਵਪੂਰਨ ਸਥਾਨ ਵਜੋਂ ਕੰਮ ਕਰੇਗਾ।
ਭਾਈਚਾਰੇ ਦੇ ਨੁਮਾਇੰਦਿਆਂ ਨੇ ਕੈਲਗਰੀ ਸਿਟੀ ਕੌਂਸਲ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਮਿਊਨਿਟੀ ਦੀ ਲੋੜ ਨੂੰ ਸਮਝਦੇ ਹੋਏ ਸਰਬਸੰਮਤੀ ਨਾਲ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸੰਗਤ ਦੇ ਸਹਿਯੋਗ, ਅਰਦਾਸਾਂ ਅਤੇ ਸੇਵਾਦਾਰਾਂ ਦੀ ਅਣਥੱਕ ਮਿਹਨਤ ਸਦਕਾ ਇਹ ਉਪਲਬਧੀ ਸੰਭਵ ਹੋ ਸਕੀ ਹੈ।
ਭਾਈਚਾਰੇ ਨੇ ਆਸ ਪ੍ਰਗਟਾਈ ਹੈ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਪ੍ਰੋਜੈਕਟ ਜਲਦ ਤੋਂ ਜਲਦ ਮੁਕੰਮਲ ਹੋਵੇਗਾ ਅਤੇ ਕੈਲਗਰੀ ਵਿੱਚ ਸੇਵਾ, ਸਿੱਖਿਆ ਅਤੇ ਸੱਭਿਆਚਾਰ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰੇਗਾ।
