ਛੇਹਰਟਾ 25 ਜੂਨ (ਰਾਜ-ਤਾਜ) ਇਤਿਹਾਸਕ ਨਗਰ ਚੋਹਲਾ ਸਾਹਿਬ ਦੇ ਵਸਨੀਕ ਮਹਾਨ ਤਪੱਸਵੀ ਬ੍ਰਹਮਗਿਆਨੀ ਬਾਬਾ ਭਾਈ ਅਦਲੀ ਸਾਹਿਬ ਜੀ ਦਾ ਸਲਾਨਾ ਜੋੜ ਮੇਲਾ ਪਿੰਡ ਚੋਹਲਾ ਸਾਹਿਬ (ਜ਼ਿਲ੍ਹਾ ਤਰਨਤਾਰਨ) ਦੇ ਬਾਹਰਵਾਰ ਉਨ੍ਹਾਂ ਦੇ ਤਪ ਅਸਥਾਨ ਵਿਖੇ ਸ੍ਰੀ ਸ਼ਹੀਦੀ ਮਿਸਲ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਜੋਗਾ ਸਿੰਘ ਦੀ ਨਿਗਰਾਨੀ ਹੇਠ ਪਿੰਡ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਦਰਾਂ ਦਿਨਾਂ ਤੋਂ ਚਲ ਰਹੀ ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਉਣ ਉਪਰੰਤ ਖੁੱਲੇ ਪੰਡਾਂਲ ਵਿਚ ਦੀਵਾਨ ਸਜਾਏ ਗਏ ਲਗਭਗ ਰਾਗੀ, ਢਾਡੀ, ਕਵਿਸ਼ਰੀ ਜਥਿਆਂ ਅਤੇ ਪ੍ਰਚਾਰਕਾਂ ਨੇ ਬਾਬਾ ਭਾਈ ਅਦਲੀ ਸਾਹਿਬ ਜੀ ਦੇ ਜੀਵਨ ਦਾ ਇਤਿਹਾਸ ਸੁਣਾਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ਼ ਪ੍ਰੋ: ਨਿਰਮਲ ਸਿੰਘ ਰੰਧਾਵਾ ਮੁੱਖੀ ਸੰਪਰਦਾ ਬਾਬਾ ਬੁੱਢਾ ਵੰਸ਼ਜ ਬਾਬਾ ਸਹਾਰੀ ਗੁਰੂ ਕਾ ਹਾਲੀ ਰੰਧਾਵਾ ਗੁਰੂ ਕੀ ਵਡਾਲੀ-ਛੇਹਰਟਾ ਵਲੋਂ ਵੀ ਆਪਣੇ ਪ੍ਰਵਚਨਾਂ ਰਾਹੀਂ ਬਾਬਾ ਭਾਈ ਅਦਲੀ ਸਾਹਿਬ ਵਲੋਂ ਬਾਬਾ ਬਿਧੀ ਚੰਦ ਸਾਹਿਬ ਦੇ ਜੀਵਨ ਨੂੰ ਪਲਟਨ ਬਾਰੇ ਚਾਨਣਾ ਪਾਇਆ ਗਿਆ । ਵੱਖ ਵੱਖ ਜਥਿਆਂ ਸਮੇਤ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਨੂੰ ਗੁ: ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਭੁਪਿੰਦਰ ਸਿੰਘ ਵਲੋਂ ਗੁਰੂ ਜੀ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ । ਜੋੜ ਮੇਲੇ ‘ਤੇ ਸਵੇਰ ਤੋਂ ਸ਼ਾਮ ਤੱਕ ਗੁਰੂ ਕੇ ਲੰਗਰ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਦੇ ਅਟੁੱਟ ਭੰਡਾਰੇ ਵਰਤਾਰੇ ਗਏ । ਸਲਾਨਾ ਜੋੜ ਮੇਲੇ ‘ਚ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ । ਦੀਵਾਨ ਦੀ ਸਮਾਪਤੀ ਉਪਰੰਤ ਨਾਮਵਾਰ ਕਬੱਡੀ ਦੀਆਂ ਟੀਮਾਂ ਦੇ ਮੈਚ ਕਰਵਾਏ ਗਏ ।
