ਵੈਨਕੂਵਰ, 29 ਜੂਨ (ਮਲਕੀਤ ਸਿੰਘ) – ਬ੍ਰਿਟਿਸ਼ ਕੋਲੰਬੀਆ ਦੇ ਵੈਨਕੂਵਰ ਟਾਪੂ ਸਥਿਤ ਇੱਕ ਸੰਘੀ ਜੇਲ੍ਹ ਤੋਂ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਇੱਕ ਕੈਦੀ ਫ਼ਰਾਰ ਹੋਣ ਤੋਂ ਬਾਅਦ ਪੁਲਿਸ ਨੇ ਵਿਆਪਕ ਭਾਲ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਅਰਨੈਸਟ ਜੈਨਸਨ ਦੂਜੇ ਦਰਜੇ ਦੇ ਕਤਲ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਸੀ। ਅਧਿਕਾਰੀਆਂ ਦਾ ਮੰਨਣਾ ਹੈ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਜੇਲ੍ਹ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਹੈ ਅਤੇ ਉਸ ਦੀ ਭਾਲ ਲਈ ਵੱਖ-ਵੱਖ ਪੁਲਿਸ ਏਜੰਸੀਆਂ ਅਤੇ ਜੇਲ੍ਹ ਅਧਿਕਾਰੀ ਮਿਲ ਕੇ ਕਾਰਵਾਈ ਕਰ ਰਹੇ ਹਨ।
ਪੁਲਿਸ ਨੇ ਜੈਨਸਨ ਨੂੰ ਖ਼ਤਰਨਾਕ ਵਿਅਕਤੀ ਕਰਾਰ ਦਿੰਦਿਆਂ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਉਹ ਕਿਤੇ ਵੀ ਨਜ਼ਰ ਆਵੇ ਤਾਂ ਉਸ ਦੇ ਨੇੜੇ ਨਾ ਜਾਣ ਜਾਂ ਖ਼ੁਦ ਕਾਬੂ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਅਤੇ ਲੋੜੀਂਦੀ ਜਾਣਕਾਰੀ ਤੁਰੰਤ ਨਜ਼ਦੀਕੀ ਪੁਲਿਸ ਨੂੰ ਸੂਚਿਤ ਕੀਤਾ ਜਾਵੇ।
