ਚਿੱਤਰਕਾਰ ਬਲਵਿੰਦਰ ਸਿੰਘ ਖੰਨਾ ਦਾ ਜਰਨੈਲ ਸਿੰਘ ਯਾਦਗਾਰੀ ਪੁਰਸਕਾਰ ਨਾਲ ਸਨਮਾਨ-
ਸਰੀ- ਬੀਤੇ ਦਿਨੀਂ ਪ੍ਰਸਿੱਧ ਚਿੱਤਰਕਾਰ ਜਰਨੈਲ ਸਿੰਘ ਦੇ 70ਵੇਂ ਜਨਮ ਦਿਨ ਨੂੰ ਸਮਰਪਿਤ ਯਾਦਗਾਰੀ ਸਮਾਗਮ ਕਰਵਾਇਆ ਗਿਆ। ਇਸ ਵਿਚ ਵੱਡੀ ਗਿਣਤੀ ਚ ਸਾਹਿਤ ਪ੍ਰੇਮੀ, ਕਲਾ ਪ੍ਰੇਮੀ ਅਤੇ ਵਿਦਿਆਰਥੀ ਸ਼ਾਮਿਲ ਹੋਏ। ਮਰਹੂਮ ਚਿੱਤਰਕਾਰ ਜਰਨੈਲ ਸਿੰਘ ਦੀ ਸੁਪਤਨੀ ਬੀਬੀ ਬਲਜੀਤ ਕੌਰ, ਸਪੁੱਤਰੀ ਨੀਤੀ ਸਿੰਘ, ਸਪੁੱਤਰ ਜਵਾਹਰ ਸਿੰਘ ਤੇ ਸਮਾਗਮ ਪ੍ਰਬੰਧਕ ਗੁਰਦੀਪ ਸਿੰਘ ਭੁੱਲਰ ਦੇ ਸੱਦੇ ਤੇ ਕਰਵਾਏ ਗਏ ਇਸ ਸਮਾਗਮ ਵਿਚ ਕਲਾ ਪ੍ਰੇਮੀਆਂ ਦੇ ਨਾਲ ਬਾਲ ਤੇ ਨੌਜਵਾਨ ਕਲਾਕਾਰਾਂ ਨੇ ਸ਼ਮੂੁਲੀਅਤ ਕਰਦਿਆਂ ਪੇਂਟਿੰਗ ਅਤੇ ਹੋਰ ਕਲਾ ਕ੍ਰਿਤਾਂ ਨਾਲ ਮਹਾਨ ਕਲਾਕਾਰ ਨੂੰ ਯਾਦ ਕੀਤਾ। ਸਮਾਗਮ ਵਿੱਚ ਆਰਟਿਸਟ ਬਲਵਿੰਦਰ ਸਿੰਘ ਖੰਨਾ ਨੂੰ ਜਰਨੈਲ ਸਿੰਘ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਵੱਖ-ਵੱਖ ਵਿਦਵਾਨਾਂ ਨੇ ਵਿਚਾਰ ਸਾਂਝੇ ਕਰਦਿਆਂ ਚਿੱਤਰਕਾਰ ਜਰਨੈਲ ਸਿੰਘ ਦੀ ਕਲਾ ਦੇ ਖੇਤਰ ਵਿਚ ਮਹਾਨ ਦੇਣ ਦੀ ਗੱਲ ਕਰਦਿਆਂ ਉਹਨਾਂ ਦੇ ਜਨਮ ਦਿਨ ਮੌਕੇ ਹਰ ਸਾਲ ਵੱਡਾ ਸਮਾਗਮ ਕਰਵਾਉਣ ਅਤੇ ਨਵੇਂ ਕਲਾਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਸੁਝਾਅ ਦਿੱਤੇ। ਬੁਲਾਰਿਆਂ ਵਿਚ ਪ੍ਰੋ ਗੁਰਵਿੰਦਰ ਸਿੰਘ ਧਾਲੀਵਾਲ, ਗੁਰਬਾਜ ਬਰਾੜ, ਮੋਹਣ ਗਿੱਲ, ਜਰਨੈਲ ਸਿੰਘ ਸੇਖਾ ਨਾਵਲਿਸਟ, ਅਜਮੇਰ ਰੋਡੇ, ਸੁਰਜੀਤ ਕਲਸੀ, ਭੁਪਿੰਦਰ ਮੱਲੀ ਤੇ ਹੋਰ ਪ੍ਰਮੁੱਖ ਸਨ। ਇਸ ਮੌਕੇ ਬੱਚਿਆਂ ਤੇ ਨੌਜਵਾਨ ਕਲਾਕਾਰਾਂ ਵਲੋਂ ਤਿਆਰ ਕੀਤੀਆਂ ਕਲਾ ਕਿਰਤਾਂ ਦੀ ਵਿਸ਼ੇਸ਼ ਨੁਮਾਇਸ਼ ਲਗਾਈ ਗਈ ਜਿਸਦੀ ਕਲਾ ਪ੍ਰੇਮੀਆਂ ਨੇ ਭਰਪੂਰ ਸ਼ਲਾਘਾ ਕੀਤੀ। ਪ੍ਰਬੰਧਕਾਂ ਵਲੋਂ ਕਲਾਕਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਦੌਰਾਨ ਕਵੀ ਮੋਹਨ ਗਿੱਲ ਨੇ ਦੱਸਿਆ ਕਿ ਮਹਾਨ ਚਿੱਤਰਕਾਰ ਜਰਨੈਲ ਸਿੰਘ ਬਾਰੇ ਇਕ ਸਿਮਰਤੀ ਗਰੰਥ ਤਿਆਰ ਕੀਤਾ ਗਿਆ ਹੈ ਜਿਸ ਦਾ ਰੀਲੀਜ਼ ਸਮਾਗਮ ਜਲਦ ਹੀ ਕਰਵਾਏ ਜਾਣ ਦੀ ਯੋਜਨਾ ਹੈ। ਸਮਾਗਮ ਦੀ ਉਘੇ ਦਸਤਾਵੇਜੀ ਫਿਲਮਕਾਰ ਨਵਲਪ੍ਰੀਤ ਰੰਗੀ ਵਲੋਂ ਵਿਸ਼ੇਸ਼ ਕਵਰੇਜ ਕੀਤੀ ਗਈ।






























