ਬੀ ਐਸ ਢਿੱਲੋਂ-
ਅਰਬ ਦੇ ਸ਼ੇਖਾਂ ਦਾ ਲਿਸ਼ ਲਿਸ਼ ਕਰਦਾ , 8 ਰੋਡਵੇਜ ਦੀਆਂ ਬੱਸਾਂ ਦੀਆਂ ਸਵਾਰੀਆਂ ਜਿੰਨਾ 400 ਮੁਸਾਫ਼ਰਾਂ ਦਾ ਭਰਿਆ ਬੋਇੰਗ 777 ਜਹਾਜ਼ , ਜਦੋਂ ਗਰੜ ਗਰੜ ਕਰਦਾ ਅਮਰੀਕਾ ਦੀ ਧਰਤੀ ਤੇ ਉੱਤਰਿਆ ਤਾਂ ਮੈਨੂੰ ਚਿੱਤ ਚੇਤਾ ਵੀ ਨਹੀਂ ਸੀ ਕਿ ਅਗਾਂਹ ਸਵਾਗਤ ਦੀ ਥਾਂ ਕੁੱਤੇ-ਖਾਣੀ ਹੋਵੇਗੀ ।ਮਿੰਨੀ ਬੱਸ ਵੱਲ ਦੌੜ ਰਹੀਆਂ ਪੇਂਡੂ ਸਵਾਰੀਆਂ ਵਾਂਗ ਲੋਕ ਕਾਹਲ਼ੇ ਕਦਮੀ ਚੱਲ ਰਹੇ ਸਨ ।ਕਈ ਮੋੜ ਕੱਟਕੇ ਮੈਂ ਸਕਿਉਰਟੀ ਕਾਊਂਟਰ ਤੇ ਪਹੁੰਚਿਆ ।ਝੋਟੇ ਵਰਗੇ ਕਾਲੇ ਅਧਿਕਾਰੀ ਨੇ ਮੇਰੇ ਕਾਗਜ਼ ਪੱਤਰ ਉਲਟਾ ਪੁਲਟਾ ਕੇ ਵੇਖੇ ਤੇ ਇੱਕ ਦੋ ਸਵਾਲ ਪੁੱਛਕੇ ਫਰੇਮ ਵਿੱਚ ਲੱਗੇ ਨਿੱਕੇ ਕੈਮਰੇ ਦੇ ਸਾਹਮਣੇ ਹੋਣ ਲਈ ਕਿਹਾ ।ਮੈਂ ਕੈਮਰੇ ਦੀ ਅੱਖ ਵਿੱਚ ਵੇਖਿਆ ਤੇ ਉਸਨੇ ਮੇਰੀ ਫੋਟੋ ਖਿੱਚ ਲਈ ।ਮੈਂ ਫਿਰ ਗਲੀਚੇ ਤੇ ਤੁਰਦਾ ਤੁਰਦਾ ਕਨੇਡਾ ਲਈ ਅਗਲਾ ਜਹਾਜ਼ ਚੜ੍ਹਣ ਲਈ ਅਗਲੇ ਸਕਿਉਰਟੀ ਚੈੱਕ ਕਾਊਂਟਰ ਤੇ ਪੁੱਜਾਂ ।ਟਰੇਅ ਵਿੱਚ ਬੂਟ ਜੁਰਾਬਾਂ ਬੈਲਟ ਬਟੂਆ ਘੜੀ ਹੈਂਡਬੈਗ ਰੱਖੇ ਤਾਂ ਪਟਾ ਸਰਕਕੇ ਟਰੇਅ ਦੂਜੇ ਪਾਸੇ ਲੈ ਗਿਆ ।ਇੱਥੇ ਸਿਕਿਉਰਟੀ ਸਖਤ ਸੀ ।ਸਾਹਮਣੇ ਖੜ੍ਹੇ ਗੋਰੇ ਨੇ ਮੈਨੂੰ ਮੈਟਲ ਡਟੈਕਟਰ ਵਿੱਚ ਵੜਣ ਲਈ ਕਿਹਾ । ਮੈਂ ਉਸਦੇ ਦੱਸਣ ਤੇ, ਬਣੇ ਹੋਏ ਨਿਸ਼ਾਨਾਂ ਤੇ ਪੈਰ ਰੱਖਕੇ ਦੋਨੋ ਹੱਥ ਸ਼ੀਸ਼ੇ ਦੀ ਕੰਧ ਨਾਲ ਲਾਕੇ ਖੜ੍ਹ ਗਿਆ ।ਮੈਂ ਫ਼ੌਜੀਆਂ ਵੱਲੋਂ ਬੰਦੇ ਦੇ ਪਿੱਛੋਂ ਸਿਰ ਚ ਗੋਲੀ ਮਾਰਨ ਵਾਲੇ ਅੰਦਾਜ਼ ਚ ਕੰਧ ਨਾਲ ਹੱਥ ਲਾਈ ਖੜ੍ਹਾ ਸੀ ।ਸ਼ੀਸ਼ੇ ਦੇ ਪਿੱਛੋਂ ਡੰਡਾ ਜਿਹਾ ਖੱਬੇ ਤੋਂ ਸੱਜੇ ਪਾਸੇ ਗਿਆ ਤੇ ਮੇਰਾ XRay ਹੋ ਗਿਆ । ਸੰਬੰਧਿਤ ਅਫਸਰ ਨੇ ਮੇਰਾ ਖੋਪੜੀ ਤੋਂ ਅੱਡੀ ਤੱਕ ਹੱਡੀਆਂ ਦਾ ਢਾਂਚਾ ਵੇਖ ਲਿਆ ਸੀ ।ਪਰ ਕਿਤੇ ਕੋਈ ਮਾੜੀ ਤਾਰ ਹਿੱਲ ਗਈ ਸੀ ।ਮੇਰੇ ਦੂਜੇ ਪਾਸੇ ਪੈਰ ਰੱਖਦਿਆਂ ਹੀ ਸਕਿਉਰਟੀ ਵਾਲੇ ਨੇ ਮੈਨੂੰ ਇੱਕ ਪਾਸੇ ਪਈ ਕੁਰਸੀ ਤੇ ਬਿਠਾ ਲਿਆ ।ਮੈਂ ਦੋਨੋ ਹੱਥ ਗੋਡਿਆਂ ਤੇ ਰੱਖਕੇ ਸਿੱਧਾ ਤਣਕੇ ਬੈਠ ਗਿਆ ।ਗੋਰਾ ਅਧਿਕਾਰੀ ਮੇਰੇ ਸਿਰਤੇ ਮੈਟਲ ਡਿਕੈਟਰ ਫੇਰਨ ਲੱਗਾ । ਸਾਲਾ ਪਿੱਦਾ ਜਿਹਾ ਯੰਤਰ ਚੂੰ ਚੂੰ ਕਰਨੋਂ ਨਾ ਹਟੇ ।ਗੋਰੇ ਅਫਸਰ ਨੇ ਮੈਨੂੰ ਪੁੱਛਿਆ “ਸਤਾਰਤ” ? ਮੈਨੂੰ ਸਮਝ ਨਹੀਂ ਆਈ ।ਦੂਜੀ ਵਾਰੀ ਫਿਰ ਕਹਿੰਦਾ ਸਤਾਰਤ ? ਮੈਂ ਸਿਰ ਮਾਰਕੇ ਕਿਹਾ ਨਹੀਂ ਜੀ ਮੈਂ ਤਾਂ ਰਸਤੇ ਚ ਕੋਈ ਸ਼ਰਾਰਤ ਨਹੀਂ ਕੀਤੀ ।ਉਸਨੇ ਤੀਜੀ ਵਾਰੀ ਮੇਰੀ ਪੱਗ ਤੇ ਯੰਤਰ ਘਸਾ ਕੇ ਕਿਹਾ ਸਤਾਰਤ ? ਉਹ ਤੇਰਾ ਭਲਾ ਹੋਜੇ ? ਕੰਜਰ ਦਾ ਪੁੱਤ ਸਟਾਰਚ/ਮਾਵਾ ਕਹਿ ਰਿਹਾ ਸੀ ।ਮੈਂ ਉਸਨੂੰ ਦੱਸਿਆ ਕਿ ਨਹੀਂ ਜੀ ਕੋਈ ਸਟਾਰਚ ਨਹੀਂ ਲੱਗਿਆ। ਮੈਂ ਤਾਂ ਧੋਅ ਕੇ ਬੰਨ੍ਹੀ ਹੈ । ਸਾਲਾ ਪਿੱਦਾ ਯੰਤਰ ਅਜੇ ਵੀ ਚੂੰ ਚੂੰ ਕਰਨੋਂ ਨਾ ਹਟੇ । ਉਹ ਮੇਰੇ ਤੇ ਸ਼ੱਕ ਕਰ ਰਹੇ ਸਨ। ਮੇਰੀ ਨਕਲੀ ਮੁਸਕਰਾਹਟ ਗਾਇਬ ਹੋ ਗਈ ਸੀ ।ਮੇਰੇ ਮੱਥੇ ਤੇ ਤਿਉੜੀ ਪਈ ਤੇ ਮੈਂ ਦੋਨੋ ਹੱਥ ਪੱਗ ਨੂੰ ਪਾ ਲਏ । ਆਖਰ ਸਕਿਉਰਟੀ ਦਾ ਮਾਮਲਾ ਸੀ ਤੇ ਉੱਤੋਂ ਬੇਗਾਨਾ ਮੁਲਕ ।
ਗੋਰੇ ਨੇ ਮੈਨੂੰ “ਤੋਂ ਤੋ ਤੋ” ਕਹਿਕੇ ਪੱਗ ਲਾਹੁਣ ਤੋਂ ਵਰਜਿਆ । ਗੋਰੇ ਸਾਡੇ ਵਾਂਗ ਜੀਭ ਤਾਲੂਏ ਨੂੰ ਲਾਕੇ ਨਹੀਂ ਬੋਲਦੇ ।ਇਹ ਜੀਭ ਦੰਦਾਂ ਨਾਲ ਲਾਕੇ ਬੋਲਦੇ ਹਨ ।ਇਸ ਲਈ “ਨੋ ਨੋ ਨੋ” ਨੂੰ “ਤੋ ਤੋ ਤੋ” ਕਹਿੰਦੇ ਹਨ ।ਬਿਜਲੀ ਦੀ ਤੇਜ਼ੀ ਨਾਲ ਕਿਸੇ ਗਲਤੀ ਦੀ ਤਾਰ ਮੇਰੇ ਵਿੱਚੋਂ ਲੰਘ ਗਈ । ਮੈਨੂੰ ਯਾਦ ਆਇਆ ।ਉਹ ਤੇਰਾ ? ਅੱਖ ਪਲਕਾਰੇ ਚ ਮੈਨੂੰ ਯਾਦ ਆਇਆ ਕਿ ਮੈਂ ਪੱਗ ਪਿੰਨ ਲਾਏ ਸਨ ।ਮੈਂ ਪੱਗ ਚੋਂ ਤਿੰਨੋਂ ਬਰੀਕ ਸੂਈਆਂ ਕੱਢਕੇ ਪਾਸੇ ਟਰੇਅ ਚ ਰੱਖ ਦਿੱਤੀਆਂ ।ਯੰਤਰ ਚੁੱਪ ਹੋ ਗਿਆ ! ਉਹਨਾ ਮੈਨੂੰ ਜਾਣ ਦਾ ਇਸ਼ਾਰਾ ਕੀਤਾ ।ਮੈਂ ਟਰੇਅ ਚੁੱਕਕੇ ਸਾਹਮਣੇ ਬੈਂਚ ਤੇ ਰੱਖਕੇ ਸਮਾਨ ਸਾਂਭਣ ਲੱਗਾ ।ਹੁਣ ਬਿਨਾ ਸੂਈਆਂ ਤੋ ਛੋਟੇ ਪੱਗ ਦੇ ਲੜ ਨੇ ਟਿਕਣਾ ਨਹੀਂ ਸੀ । ਮੈਂ ਪੱਗ ਲਾਹਕੇ ਕੱਛ ਚ ਦਿੱਤੀ ।ਮਤਲਬ ਹੈਂਡ ਬੈਗ ਚ ਪਾਈ ਤੇ ਸਿਰ ਤੇ ਕੈਪ ਲੈਕੇ ਕਨੇਡਾ ਨੂੰ ਜਾਣ ਵਾਲੇ ਪਿੱਦੇ ਜੇ ਜਹਾਜ਼ ਵੱਲ ਚੱਲ ਪਿਆ !!
B S Dhillon
99880914
+1 (236) 594-1122
You tube channel Birinder Dhillon
X twitter @Dh6331Birinder
