Screenshot
ਸੱਭਿਆਚਾਰਕ ਵਿਭਿੰਨਤਾ, ਭਾਈਚਾਰਕ ਏਕਤਾ ਅਤੇ ਸ਼ਾਨਦਾਰ ਆਤਿਸ਼ਬਾਜ਼ੀ ਨੇ ਬੰਨ੍ਹਿਆ ਸਮਾਂ; ਪੰਜਾਬੀ ਭਾਈਚਾਰੇ ਦੀ ਰਹੀ ਵਿਸ਼ੇਸ਼ ਸ਼ਮੂਲੀਅਤ-

ਵਿੰਨੀਪੈਗ ਵਿਚ ਭਾਰੀ ਜਸ਼ਨ-
ਵਿੰਨੀਪੈਗ, 2 ਜੁਲਾਈ (ਸੁਰਿੰਦਰ ਮਾਵੀ, ਸ਼ਰਮਾ)-ਕੈਨੇਡਾ ਦਾ 159ਵਾਂ ਸਥਾਪਨਾ ਦਿਵਸ ਬੁੱਧਵਾਰ ਨੂੰ ਮੁਲਕ ਦੀ ਰਾਜਧਾਨੀ ਓਟਵਾ ਸਮੇਤ ਵੱਖ ਵੱਖ ਸੂਬਿਆਂ ਦੀਆਂ ਰਾਜਧਾਨੀਆਂ, ਵੱਡੇ ਤੇ ਛੋਟੇ ਸ਼ਹਿਰਾਂ, ਕਸਬਿਆਂ ਵਿਚ ਕੈਨੇਡੀਅਨ ਲੋਕਾਂ ਵਲੋੰ ਭਾਰੀ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ। ਰਾਜਧਾਨੀ ਓਟਵਾ ਵਿਚ ਵਿਸ਼ੇਸ਼ ਸਮਾਗਮ ਦੌਰਾਨ ਕੈਨੇਡਾ ਦੀ ਗਵਰਨਰ ਜਨਰਲ ਲੂਸੀ ਆਰਬਰ ਅਤੇ ਪ੍ਰਧਾਨ ਮੰਤਰੀ ਕਾਰਨੀ ਵਲੋਂ ਸੰਬੋਧਨ ਕਰਦਿਆਂ ਦੇਸ਼ ਵਾਸੀਆਂ ਨੂੰ ਕੈਨੇਡਾ ਡੇਅ ਦੀਆਂ ਵਧੀਆਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਕੈਨੇਡਾ ਦੀ ਏਕਤਾ, ਅਖੰਡਤਾ ਅਤੇ ਦੇਸ਼ ਪਿਆਰ ਦੇ ਜਜਬੇ ਦੀ ਗੱਲ ਕੀਤੀ। ਉਹਨਾਂ ਇਥੋਂ ਸ਼ਾਮ ਨੂੰ ਐਡਮਿੰਟਨ ਵਿਖੇ ਅਲਬਰਟਾ ਵਾਸੀਆਂ ਨੂੰ ਸੰਬੋਧਨ ਕਰਨਾ ਸੀ ਪਰ ਭਾਰੀ ਮੀਂਹ ਤੇ ਝੱਖੜ ਕਾਰਣ ਉਹਨਾਂ ਦਾ ਜਹਾਜ਼ ਉਡਾਣ ਨਾ ਭਰ ਸਕਿਆ। ਅਲਬਰਟਾ ਦੇ ਸ਼ਹਿਰ ਕੈਲਗਰੀ ਵਿਖੇ ਵਿਰੋਧੀ ਧਿਰ ਕੰਸਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀਏਵ ਨੇ ਦੇਸ਼ ਵਾਸੀਆਂ ਨਾਲ ਕੈਨੇਡਾ ਡੇਅ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।
ਵਿੰਨੀਪੈਗ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਦੇਸ਼-ਭਗਤੀ, ਬਹੁ-ਸੱਭਿਆਚਾਰਕ ਏਕਤਾ ਅਤੇ ਭਾਈਚਾਰਕ ਸਾਂਝ ਦੇ ਮਾਹੌਲ ਵਿੱਚ ਉਤਸ਼ਾਹ ਨਾਲ ਮਨਾਇਆ ਗਿਆ। ਸ਼ਹਿਰ ਦੇ ਇਤਿਹਾਸਕ ਸਥਾਨ ਦਿ ਫੋਰਕਸ ਵਿਖੇ ਹਜ਼ਾਰਾਂ ਲੋਕ ਇਕੱਠੇ ਹੋਏ ਅਤੇ ਸੰਗੀਤ, ਸੱਭਿਆਚਾਰਕ ਪੇਸ਼ਕਾਰੀਆਂ, ਨਾਗਰਿਕਤਾ ਸਮਾਰੋਹ ਅਤੇ ਸ਼ਾਨਦਾਰ ਆਤਿਸ਼ਬਾਜ਼ੀ ਰਾਹੀਂ ਕੈਨੇਡਾ ਦੀ ਵਿਭਿੰਨਤਾ ਦਾ ਜਸ਼ਨ ਮਨਾਇਆ। ਇਸ ਮੌਕੇ ਵੱਖ-ਵੱਖ ਦੇਸ਼ਾਂ ਤੋਂ ਆਏ ਦੋ ਦਰਜਨ ਤੋਂ ਵੱਧ ਲੋਕਾਂ ਨੇ ਕੈਨੇਡੀਅਨ ਨਾਗਰਿਕਤਾ ਦੀ ਸਹੁੰ ਚੁੱਕੀ, ਜਿਸ ਨੇ ਸਮਾਗਮ ਨੂੰ ਵਿਸ਼ੇਸ਼ ਮਹੱਤਵ ਪ੍ਰਦਾਨ ਕੀਤਾ।
ਸਮਾਗਮ ਦੀ ਸ਼ੁਰੂਆਤ ਫਸਟ ਨੇਸ਼ਨਜ਼, ਮੈਟੀਸ ਅਤੇ ਇਨੂਇਟ ਭਾਈਚਾਰਿਆਂ ਦੇ ਬਜ਼ੁਰਗਾਂ ਵੱਲੋਂ ਰਵਾਇਤੀ ਸਵਾਗਤੀ ਰਸਮ ਨਾਲ ਕੀਤੀ ਗਈ। ਆਯੋਜਕਾਂ ਨੇ ਕਿਹਾ ਕਿ ਦਿ ਫੋਰਕਸ ਸਦੀਆਂ ਤੋਂ ਵੱਖ-ਵੱਖ ਸਭਿਆਚਾਰਾਂ ਅਤੇ ਲੋਕਾਂ ਦੇ ਮਿਲਾਪ ਦਾ ਪ੍ਰਤੀਕ ਰਿਹਾ ਹੈ, ਇਸ ਲਈ ਹਰ ਵੱਡੇ ਸਮਾਗਮ ਦੀ ਸ਼ੁਰੂਆਤ ਆਦਿਵਾਸੀ ਪਰੰਪਰਾਵਾਂ ਨੂੰ ਸਨਮਾਨ ਦੇ ਕੇ ਕੀਤੀ ਜਾਂਦੀ ਹੈ।ਦਿਨ ਭਰ ਇੱਥੇ ਮੇਲੇ ਵਰਗਾ ਮਾਹੌਲ ਬਣਿਆ ਰਿਹਾ। ਲਾਈਵ ਸੰਗੀਤ, ਸੱਭਿਆਚਾਰਕ ਨਾਚ, ਕਹਾਣੀ ਕਥਨ, ਸਥਾਨਕ ਹਸਤਕਲਾ ਪ੍ਰਦਰਸ਼ਨੀਆਂ, ਫੂਡ ਟਰੱਕ ਅਤੇ ਬੱਚਿਆਂ ਲਈ ਮਨੋਰੰਜਕ ਗਤੀਵਿਧੀਆਂ ਨੇ ਲੋਕਾਂ ਦਾ ਖੂਬ ਮਨੋਰੰਜਨ ਕੀਤਾ। ਵੱਖ-ਵੱਖ ਭਾਈਚਾਰਿਆਂ ਦੇ ਕਲਾਕਾਰਾਂ ਨੇ ਆਪਣੀਆਂ ਪੇਸ਼ਕਾਰੀਆਂ ਰਾਹੀਂ ਕੈਨੇਡਾ ਦੀ ਬਹੁ-ਸੱਭਿਆਚਾਰਕ ਪਛਾਣ ਨੂੰ ਮੰਚ ‘ਤੇ ਜੀਵੰਤ ਕੀਤਾ।
ਵਿਨੀਪੈਗ ਦੇ ਮੇਅਰ ਸਕਾਟ ਗਿਲਿੰਗਹਮ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੈਨੇਡਾ ਡੇਅ ਸਿਰਫ਼ ਦੇਸ਼ ਦੀ ਸਥਾਪਨਾ ਦਾ ਜਸ਼ਨ ਨਹੀਂ, ਸਗੋਂ ਵਿਭਿੰਨਤਾ, ਆਪਸੀ ਸਤਿਕਾਰ ਅਤੇ ਏਕਤਾ ਨੂੰ ਸਲਾਮ ਕਰਨ ਦਾ ਦਿਨ ਹੈ। ਉਨ੍ਹਾਂ ਕਿਹਾ ਕਿ ਵਿਨੀਪੈਗ ਦੀ ਸਭ ਤੋਂ ਵੱਡੀ ਤਾਕਤ ਇਸ ਦੀ ਬਹੁ-ਸੱਭਿਆਚਾਰਕ ਆਬਾਦੀ ਹੈ, ਜੋ ਸ਼ਹਿਰ ਨੂੰ ਵਿਲੱਖਣ ਪਛਾਣ ਦਿੰਦੀ ਹੈ।
ਦਿ ਫੋਰਕਸ ਤੋਂ ਇਲਾਵਾ ਸੀਨੀਬੋਇਨ ਪਾਰਕ, ਵੈਸਟ ਸੇਂਟ ਪਾਲ, ਸੇਜ ਕ੍ਰੀਕ, ਟਰਾਂਸਕੋਨਾ ਅਤੇ ਹੋਰ ਕਈ ਕਮਿਊਨਿਟੀ ਕੇਂਦਰਾਂ ਵਿੱਚ ਵੀ ਸਵੇਰ ਤੋਂ ਦੇਰ ਰਾਤ ਤੱਕ ਕੈਨੇਡਾ ਡੇਅ ਦੇ ਜਸ਼ਨ ਜਾਰੀ ਰਹੇ। ਲਾਲ ਅਤੇ ਚਿੱਟੇ ਰੰਗ ਦੇ ਪਹਿਰਾਵਿਆਂ ਵਿੱਚ ਸਜੇ ਲੋਕ ਹੱਥਾਂ ਵਿੱਚ ਕੈਨੇਡੀਅਨ ਝੰਡੇ ਲਹਿਰਾਉਂਦੇ ਹੋਏ ਰਾਸ਼ਟਰੀ ਦਿਹਾੜੇ ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਨਜ਼ਰ ਆਏ।
ਇਸ ਵਾਰ ਦੇ ਸਮਾਗਮਾਂ ਵਿੱਚ ਵਿਨੀਪੈਗ ਦੇ ਪੰਜਾਬੀ ਅਤੇ ਦੱਖਣੀ ਏਸ਼ੀਆਈ ਭਾਈਚਾਰੇ ਦੀ ਮਜ਼ਬੂਤ ਹਾਜ਼ਰੀ ਵੀ ਖਾਸ ਤੌਰ ‘ਤੇ ਦੇਖਣ ਨੂੰ ਮਿਲੀ। ਵੱਡੀ ਗਿਣਤੀ ਵਿੱਚ ਪੰਜਾਬੀ ਪਰਿਵਾਰ ਆਪਣੇ ਬੱਚਿਆਂ ਸਮੇਤ ਜਸ਼ਨਾਂ ਵਿੱਚ ਸ਼ਾਮਲ ਹੋਏ। ਕਈਆਂ ਨੇ ਕਿਹਾ ਕਿ ਕੈਨੇਡਾ ਨੇ ਉਨ੍ਹਾਂ ਨੂੰ ਸੁਰੱਖਿਅਤ ਜੀਵਨ, ਬਰਾਬਰ ਦੇ ਮੌਕੇ ਅਤੇ ਨਵਾਂ ਭਵਿੱਖ ਦਿੱਤਾ ਹੈ, ਇਸ ਲਈ ਕੈਨੇਡਾ ਡੇਅ ਉਨ੍ਹਾਂ ਲਈ ਸਿਰਫ਼ ਰਾਸ਼ਟਰੀ ਦਿਹਾੜਾ ਨਹੀਂ, ਸਗੋਂ ਧੰਨਵਾਦ ਪ੍ਰਗਟ ਕਰਨ ਦਾ ਵੀ ਮੌਕਾ ਹੈ। ਸਮਾਗਮਾਂ ਦੌਰਾਨ ਪੰਜਾਬੀ ਬੋਲੀ, ਰਵਾਇਤੀ ਪਹਿਰਾਵਿਆਂ ਅਤੇ ਭਾਈਚਾਰਕ ਮਿਲਾਪ ਨੇ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਰਹੇ।
ਲੋਕਾਂ ਦੀ ਸਹੂਲਤ ਲਈ ਵਿਨੀਪੈਗ ਟਰਾਂਜ਼ਿਟ ਵੱਲੋਂ ਵਾਧੂ ਬੱਸ ਸੇਵਾਵਾਂ ਚਲਾਈਆਂ ਗਈਆਂ। ਸ਼ਾਮ ਵੇਲੇ ਦੇਸ਼-ਭਗਤੀ ਗੀਤਾਂ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਨੇ ਮਾਹੌਲ ਨੂੰ ਹੋਰ ਰੌਣਕਮਈ ਬਣਾ ਦਿੱਤਾ, ਜਦਕਿ ਰਾਤ ਨੂੰ ਦਿ ਫੋਰਕਸ ਸਮੇਤ ਵੱਖ-ਵੱਖ ਸਥਾਨਾਂ ‘ਤੇ ਹੋਈ ਸ਼ਾਨਦਾਰ ਆਤਿਸ਼ਬਾਜ਼ੀ ਨੇ ਹਜ਼ਾਰਾਂ ਦਰਸ਼ਕਾਂ ਨੂੰ ਮੋਹ ਲਿਆ।
ਉਧਰ, ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੇ ਕੈਨੇਡਾ ਡੇਅ ਸੰਦੇਸ਼ ਵਿੱਚ ਕਿਹਾ ਕਿ ਦੇਸ਼ ਦੀ ਅਸਲ ਤਾਕਤ ਇਸ ਦੇ ਲੋਕਾਂ ਦੀ ਵਿਭਿੰਨਤਾ, ਆਪਸੀ ਸਤਿਕਾਰ ਅਤੇ ਏਕਤਾ ਵਿੱਚ ਵੱਸਦੀ ਹੈ। ਦੂਜੇ ਪਾਸੇ, ਰਾਜਧਾਨੀ ਓਟਾਵਾ ਵਿੱਚ ਭਾਰੀ ਮੀਂਹ, ਗਰਜ-ਚਮਕ ਅਤੇ ਹੜ੍ਹ ਵਰਗੇ ਹਾਲਾਤਾਂ ਕਾਰਨ ਸ਼ਾਮ ਦੇ ਮੁੱਖ ਕੈਨੇਡਾ ਡੇਅ ਸਮਾਗਮ ਰੱਦ ਕਰਨੇ ਪਏ। ਇਸ ਦੇ ਉਲਟ, ਵਿਨੀਪੈਗ ਵਿੱਚ ਮੌਸਮ ਅਨੁਕੂਲ ਰਿਹਾ ਅਤੇ ਲੋਕਾਂ ਨੇ ਪੂਰੇ ਉਤਸ਼ਾਹ ਨਾਲ ਕੈਨੇਡਾ ਦੇ 159ਵੇਂ ਸਥਾਪਨਾ ਦਿਵਸ ਦਾ ਜਸ਼ਨ ਮਨਾਇਆ।
***
ਕੈਨੇਡਾ ਡੇਅ ਮੌਕੇ ਬੀ.ਸੀ.ਦੇ ਕਈ ਸ਼ਹਿਰਾਂ ਚ ਲੱਗੀਆਂ ਰੌਣਕਾਂ
ਹਜ਼ਾਰਾਂ ਲੋਕਾਂ ਨੇ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ ਰਾਸ਼ਟਰੀ ਦਿਵਸ
ਵੈਨਕੂਵਰ, 2 ਜੁਲਾਈ (ਮਲਕੀਤ ਸਿੰਘ) – ਕੈਨੇਡਾ ਡੇਅ ਮੌਕੇ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ, ਵੈਨਕੂਵਰ,ਸਰੀ,ਰਿਚਮੰਡ ਆਦਿ ਸ਼ਹਿਰਾਂ ‘ਚ ਹਜ਼ਾਰਾਂ ਲੋਕ ਲਾਲ ਅਤੇ ਚਿੱਟੇ ਰੰਗਾਂ ਵਾਲੇ ਪਹਿਰਾਵੇ ਪਾ ਕੇ ਕੈਨੇਡਾ ਡੇਅ ਦੇ ਜਸ਼ਨਾਂ ਵਿੱਚ ਸ਼ਾਮਲ ਹੋਏ ਜਿਸ ਕਾਰਨ ਸਮੁੱਚਾ ਮਾਹੌਲ ਲਾਲ ਚਿੱਟੇ ਰੰਗ ਚ ਰੰਗਿਆ ਮਹਿਸੂਸ ਹੋਇਆ। ਸਮਾਗਮਾਂ ਦੌਰਾਨ ਲੋਕਾਂ ਨੇ ਕੈਨੇਡੀਅਨ ਝੰਡੇ ਲਹਿਰਾਏ, ਇੱਕ-ਦੂਜੇ ਨੂੰ ਕੈਨੇਡਾ ਡੇਅ ਦੀਆਂ ਵਧਾਈਆਂ ਦਿੱਤੀਆਂ ਅਤੇ ਯਾਦਗਾਰੀ ਤਸਵੀਰਾਂ ਖਿੱਚਵਾਈਆਂ।
ਦਿਨ ਭਰ ਚੱਲੇ ਜਸ਼ਨਾਂ ਵਿੱਚ ਸੰਗੀਤਕ ਪੇਸ਼ਕਾਰੀਆਂ, ਸੱਭਿਆਚਾਰਕ ਪ੍ਰੋਗਰਾਮ, ਮਨੋਰੰਜਨ ਗਤੀਵਿਧੀਆਂ ਅਤੇ ਵੱਖ-ਵੱਖ ਭਾਈਚਾਰਿਆਂ ਦੀਆਂ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਸਰੀ ਸ਼ਹਿਰ ‘ਚ ਵੀ ਵੱਖ-ਵੱਖ ਸਿਆਸੀ ਹਸਤੀਆਂ ਅਤੇ ਵੱਖ ਵੱਖ ਭਾਈਚਾਰੇ ਦੇ ਲੋਕਾਂ ਨੇ ਇਕੱਤਰ ਹੋ ਕੈਨੇਡਾ ਡੇਅ ਦੇ ਜਸ਼ਨਾਂ ਵਿੱਚ ਸ਼ਮੂਲੀਅਤ ਕੀਤੀ ਇਸ ਮੌਕੇ ਤੇ ਆਯੋਜਿਤ ਇੱਕ ਰੰਗਾਰੰਗ ਪ੍ਰੋਗਰਾਮ ਦੌਰਾਨ ਪੰਜਾਬੀ ਗਾਇਕ ਕੁਲਵਿੰਦਰ ਧਨੋਆ, ਬੀਬਾ ਹੁਸਨਪ੍ਰੀਤ,ਰਾਣਾ ਗਿੱਲ, ਸੁਖਵਿੰਦਰ ਗੋਸਲ, ਪੰਮਾ ਸੁਰਖਪੁਰੀਆ, ਲੱਖਾ ਸਿੱਧਵਾਂ, ਵਿਜੇ ਯਮਲਾ ਅਤੇ ਸਰਦਾਰ ਜੀ ਆਦਿ ਕਲਾਕਾਰਾਂ ਵੱਲੋਂ ਪੇਸ਼ ਕੀਤੇ ਗਏ ਚੋਣਵੇ ਗੀਤਾਂ ਦੀ ਧੁਨਾਂ ਤੇ ਕੁਝ ਲੋਕ ਝੂਮਦੇ ਵੀ ਨਜ਼ਰੀਂ ਪਏ
ਰਿਚਮੰਡ ‘ਚ ਸਾਰਾ ਦਿਨ ਚੱਲੇ ਜਸ਼ਨ-
ਕੈਨੇਡਾ ਡੇਅ ਮੌਕੇ ਬ੍ਰਿਟਿਸ਼ ਕੋਲੰਬੀਆ ਦੇ ਰਿਚਮੰਡ ਸ਼ਹਿਰ ਦੇ ਸਟੀਵਸਟਨ ਇਲਾਕੇ ਵਿੱਚ ਕਰਵਾਏ ਗਏ ਸਾਲਾਨਾ ਸਟੀਵਸਟਨ ਸੈਲਮਨ ਮੇਲੇ ‘ਚ ਸਵੇਰ ਤੋਂ ਦੇਰ ਸ਼ਾਮ ਤੱਕ ਚੱਲੇ ਇਸ ਸਮਾਗਮਾ ਦੌਰਾਨ ਸੈਂਕੜੇ ਪਰਿਵਾਰਾਂ, ਸੈਲਾਨੀਆਂ ਅਤੇ ਸਥਾਨਕ ਵਸਨੀਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਕੈਨੇਡਾ ਡੇਅ ਦੇ ਜਸ਼ਨ ਮਨਾਏ। ਸਮਾਗਮ ਦੌਰਾਨ ਰੰਗ-ਬਿਰੰਗੇ ਕੱਪੜਿਆਂ ਚ ਤਿਆਰ ਹੋਏ ਲੋਕਾਂ ਵੱਲੋਂ ਕੀਤੀ ਗਈ ਪਰੇਡ ਵਿੱਚ ਸਥਾਨਕ ਸੰਸਥਾਵਾਂ, ਸੱਭਿਆਚਾਰਕ ਟੀਮਾਂ , ਸਜੀਆਂ ਹੋਈਆਂ ਝਾਕੀਆਂ, ਸੰਗੀਤਕ ਟੋਲੀਆਂ ਨੇ ਭਾਗ ਲਿਆ।
ਕੈਪਸ਼ਨ ਰੰਗਾਰੰਗ ਪ੍ਰੋਗਰਾਮ ਦੌਰਾਨ ਗੀਤਾਂ ਦੀ ਪੇਸ਼ਕਾਰੀ ਕਰਦੇ ਹੋਏ ਪੰਜਾਬੀ ਗਾਇਕ ਕੁਲਵਿੰਦਰ ਧਨੋਆ ਤੇ ਬੀਬਾ ਹੁਸਨਪ੍ਰੀਤ-








