Jul 7, 2026

ਫੰਡਰੇਜ਼ਰ ਰਾਹੀਂ ਇਕੱਠੀ ਹੋਈ ਰਕਮ ਮਿਸ਼ਨ ਪਾਰਕ ਵਿੱਚ ਬਜ਼ੁਰਗਾਂ ਲਈ ਸ਼ੈੱਡ ਬਣਾਉਣ ਵਾਸਤੇ ਸਿਟੀ ਹਾਲ ਨੂੰ ਭੇਟ ਕੀਤੀ ਜਾਵੇਗੀ-

ਮਿਸ਼ਨ (ਮਹੇਸ਼ਇੰਦਰ ਸਿੰਘ ਮਾਂਗਟ): -ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਰੰਗਮੰਚ ਦੀ ਪ੍ਰਫੁੱਲਤਾ ਦੇ ਨਾਲ-ਨਾਲ ਭਾਈਚਾਰਕ ਭਲਾਈ ਨੂੰ ਸਮਰਪਿਤ ਮਿਸ਼ਨ ਪੰਜ-ਆਬ ਕਲਚਰ ਕਲੱਬ ਵੱਲੋਂ ਕਰਵਾਇਆ ਗਿਆ ਚੌਥਾ ਸਲਾਨਾ ਫੰਡਰੇਜ਼ਰ ਹਰ ਪੱਖੋਂ ਸਫ਼ਲ ਅਤੇ ਯਾਦਗਾਰ ਸਾਬਤ ਹੋਇਆ। ਮਿਸ਼ਨ ਦੇ ਕਲਾਰਕ ਥੀਏਟਰ ਵਿੱਚ ਕਰਵਾਏ ਗਏ ਇਸ ਸਮਾਗਮ ਦੌਰਾਨ ਪ੍ਰਸਿੱਧ ਪੰਜਾਬੀ ਨਾਟਕ ‘ਬੰਦੇ ਬਣੋ ਬੰਦੇ’ ਦਾ ਹਾਊਸਫੁੱਲ ਮੰਚਨ ਕੀਤਾ ਗਿਆ, ਜਿਸ ਵਿੱਚ ਉੱਘੇ ਅਦਾਕਾਰ ਰਾਣਾ ਰਣਬੀਰ ਅਤੇ ਰਾਜਵੀਰ ਬੋਪਾਰਾਏ ਨੇ ਆਪਣੀ ਲਾਜਵਾਬ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ।
ਬੀਤੇ ਦਿਨੀ ਹੋਏ ਇਸ ਸਮਾਗਮ ਵਿੱਚ 700 ਤੋਂ ਵੱਧ ਦਰਸ਼ਕਾਂ ਦੀ ਸ਼ਮੂਲੀਅਤ ਰਹੀ। ਪੰਜਾਬੀ ਪਰਿਵਾਰਾਂ, ਨੌਜਵਾਨਾਂ, ਕਲਾ ਪ੍ਰੇਮੀਆਂ, ਸਮਾਜਿਕ, ਰਾਜਨੀਤਿਕ ਅਤੇ ਕਾਰੋਬਾਰੀ ਸ਼ਖ਼ਸੀਅਤਾਂ ਦੀ ਵੱਡੀ ਹਾਜ਼ਰੀ ਨੇ ਇਹ ਸਾਬਤ ਕਰ ਦਿੱਤਾ ਕਿ ਪੰਜਾਬੀ ਰੰਗਮੰਚ ਅਤੇ ਸੱਭਿਆਚਾਰ ਪ੍ਰਤੀ ਭਾਈਚਾਰੇ ਦਾ ਪਿਆਰ ਲਗਾਤਾਰ ਵਧ ਰਿਹਾ ਹੈ।
ਲਗਭਗ ਦੋ ਘੰਟਿਆਂ ਤੱਕ ਚੱਲੇ ਨਾਟਕ ਵਿੱਚ ਹਾਸ-ਵਿਅੰਗ, ਭਾਵਨਾਵਾਂ ਅਤੇ ਸਮਾਜਿਕ ਸੰਦੇਸ਼ ਦਾ ਅਜਿਹਾ ਸੁੰਦਰ ਸੁਮੇਲ ਦੇਖਣ ਨੂੰ ਮਿਲਿਆ ਕਿ ਦਰਸ਼ਕ ਅੰਤ ਤੱਕ ਆਪਣੀਆਂ ਸੀਟਾਂ ਨਾਲ ਜੁੜੇ ਰਹੇ। ਮਨੁੱਖੀ ਰਿਸ਼ਤਿਆਂ, ਸਮਾਜਿਕ ਜ਼ਿੰਮੇਵਾਰੀਆਂ ਅਤੇ ਚੰਗੇ ਇਨਸਾਨ ਬਣਨ ਦੀ ਪ੍ਰੇਰਣਾ ਦਿੰਦੇ ਇਸ ਨਾਟਕ ਨੂੰ ਦਰਸ਼ਕਾਂ ਵੱਲੋਂ ਵਾਰ-ਵਾਰ ਤਾੜੀਆਂ ਦੀ ਗੂੰਜ ਨਾਲ ਭਰਪੂਰ ਹੁੰਗਾਰਾ ਮਿਲਿਆ।
ਮਿਸ਼ਨ ਪੰਜ-ਆਬ ਕਲਚਰ ਕਲੱਬ ਦੇ ਆਗੂਆਂ ਨੇ ਦੱਸਿਆ ਕਿ ਇਸ ਸਾਲ ਦੇ ਫੰਡਰੇਜ਼ਰ ਰਾਹੀਂ ਇਕੱਠੀ ਹੋਈ ਰਕਮ ਮਿਸ਼ਨ ਸਿਟੀ ਹਾਲ ਨੂੰ ਦਿੱਤੀ ਜਾਵੇਗੀ, ਜਿਸ ਦੀ ਵਰਤੋਂ ਮਿਸ਼ਨ ਦੇ ਇੱਕ ਸਕੂਲ ਦੇ ਮੈਦਾਨ ਵਿੱਚ ਬਜ਼ੁਰਗਾਂ ਲਈ ਬੈਠਣ ਵਾਸਤੇ ਸ਼ੈੱਡ ਬਣਾਉਣ ਦੇ ਪ੍ਰਾਜੈਕਟ ਵਿੱਚ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਕਲੱਬ ਵੱਲੋਂ ਹਰ ਸਾਲ ਸਮਾਜ ਸੇਵਾ ਦੇ ਕਿਸੇ ਨਾ ਕਿਸੇ ਮਹੱਤਵਪੂਰਨ ਕਾਰਜ ਲਈ ਫੰਡ ਇਕੱਠਾ ਕੀਤਾ ਜਾਂਦਾ ਹੈ। ਪਹਿਲੇ ਸਾਲ ਮਿਸ਼ਨ ਹਸਪਤਾਲ, ਦੂਜੇ ਸਾਲ ਮਿਸ਼ਨ ਰੈਸਕਿਊ ਸੰਸਥਾ ਅਤੇ ਤੀਜੇ ਸਾਲ ਮਿਸ਼ਨ ਫੂਡ ਬੈਂਕ ਨੂੰ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਗਈ ਸੀ। ਇਸ ਸਾਲ ਵੀ ਭਾਈਚਾਰੇ ਨੇ ਖੁੱਲ੍ਹੇ ਦਿਲ ਨਾਲ ਸਹਿਯੋਗ ਕਰਕੇ ਇਸ ਉਪਰਾਲੇ ਨੂੰ ਕਾਮਯਾਬ ਬਣਾਇਆ।
ਸਮਾਗਮ ਦੀ ਸਫ਼ਲਤਾ ਵਿੱਚ ਕਲੱਬ ਦੇ ਮੈਂਬਰ ਸਤਵਿੰਦਰ ਸੱਤੀ, ਬਲਵਿੰਦਰ ਕਲੇਰ, ਗੁਰਦੀਪ ਪੰਧੇਰ, ਲੱਖੀ ਲਸੋਈ, ਗੁਰਪ੍ਰੀਤ ਚਾਹਲ, ਸਮਰਪਾਲ ਬਰਾੜ, ਦਲਵਿੰਦਰ ਟਿਵਾਣਾ ਅਤੇ ਜੋਤ ਗਿੱਲ ਨੇ ਵਿਸ਼ੇਸ਼ ਭੂਮਿਕਾ ਨਿਭਾਈ ਅਤੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ।
ਸਮਾਗਮ ਦੇ ਅੰਤ ਵਿੱਚ ਕਲੱਬ ਵੱਲੋਂ ਰਾਣਾ ਰਣਬੀਰ, ਰਾਜਵੀਰ ਬੋਪਾਰਾਏ, ਸਮੂਹ ਸਪਾਂਸਰਾਂ, ਵਲੰਟੀਅਰਾਂ, ਸਹਿਯੋਗੀਆਂ, ਪ੍ਰੈਸ ਦੇ ਨੁਮਾਇੰਦਿਆਂ ਅਤੇ ਵੱਡੀ ਗਿਣਤੀ ਵਿੱਚ ਪਹੁੰਚੇ ਦਰਸ਼ਕਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ। ਪ੍ਰਬੰਧਕਾਂ ਨੇ ਕਿਹਾ ਕਿ ਭਾਈਚਾਰੇ ਦੇ ਭਰਵੇਂ ਸਹਿਯੋਗ ਨੇ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਅਜਿਹੇ ਉੱਚ ਪੱਧਰੀ ਸੱਭਿਆਚਾਰਕ ਅਤੇ ਸਮਾਜ ਸੇਵੀ ਸਮਾਗਮ ਕਰਵਾਉਣ ਲਈ ਹੋਰ ਉਤਸ਼ਾਹਿਤ ਕੀਤਾ ਹੈ|

Leave a Reply

Your email address will not be published. Required fields are marked *