Aug 23, 2026

ਸਰੀ (ਸੁਰਿੰਦਰ ਸਿੰਘ ਜੱਬਲ)- ਬਰੁੱਕਸਾਈਡ ਗੁਰਦੁਆਰਾ ਸਾਹਿਬ ਦੀ ਸੰਗਤ, ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਤੇ ਬੱਚਿਆਂ ਨੇ ਰਲਮਿਲ ਕੇ ਕੈਨੇਡਾ ਦਾ 159ਵਾਂ ਜਨਮ ਦਿਨ ਬੜੀਆਂ ਖੁਸ਼ੀਆਂ ਨਾਲ ਮਨਾਇਆ।ਗਿਆਨੀ ਸਤਿਵਿੰਦਰਪਾਲ ਸਿੰਘ ਨੇ ਕੈਨੇਡਾ ਦੀ ਖੁਸ਼ਹਾਲੀ ਤੇ ਚੜ੍ਹਦੀ ਕਲਾ ਲਈ ਅਕਾਲ ਪੁਰਖ ਜੀ ਅੱਗੇ ਅਰਦਾਸ ਬੇਨਤੀ ਕੀਤੀ ਅਤੇ ਕੈਨੇਡਾ ਦੇ ਨੈਸ਼ਨਲ ਐਂਥਮ “ਓ ਕੈਨੇਡਾ” ਦਾ ਸੰਗਤੀ ਰੂਪ ਵਿਚ ਗੁਣਗਾਣ ਕੀਤਾ। ਹਾਜ਼ਿਰ ਸੰਗਤ ਤੇ ਬੱਚਿਆਂ ਨੇ ਕੈਨੇਡਾ ਦਿਨ ਤੇ ਕੇਕ ਕੱਟਣ ਉਪਰੰਤ ਕੇਕ ਅਤੇ ਸਪੈਸ਼ਲ ਪਕਵਾਨ ਰੂਪੀ ਭੋਜਨ ਛਕ ਕੇ ਖੁਸ਼ੀਆਂ ਨੂੰ ਚਾਰ ਚੰਨ ਲਾਏ ਤੇ ਕੈਨੇਡਾ ਦੇ ਚੰਗੇ ਭਵਿਸ਼ ਲਈ ਕਾਮਨਾ ਕੀਤੀ ਕਿ ਜਿਨ੍ਹਾਂ ਆਸਾਂ ਉਮੀਦਾਂ ਨਾਲ ਉਹਨਾਂ ਨੇ ਕੈਨੇਡਾ ਨੂੰ ਆਪਣਾ ਦੇਸ ਅਪਣਾਇਆ ਹੈ ਪ੍ਰਮਾਤਮਾਂ ਉਨ੍ਹਾਂ ਤੇ ਕੋਈ ਆਂਚ ਨਾ ਆਉੇਣ ਦੇਵੇ ਤੇ ਆਪਣੀ ਰਜ਼ਾ ਨਾਲ ਊਹਨਾਂ ਦੀਆਂ ਆਸਾਂ ਪੂਰੀਆਂ ਕਰੇ। ਹਰ ਇਕ ਕੈਨੇਡੀਅਨ ਇਕ ਦੂਜੇ ਦੀ ਫਰਾਖਦਿਲੀ ਦੀ ਚਾਦਰ ਹੇਠਾਂ ਮੌਲਿਕ ਆਜ਼ਾਦੀ ਅਤੇ ਆਪਣੀ ਵਿਰਾਸਤ ਦਾ ਨਿੱਘ ਮਾਣਦੇ ਹੋੇਏ ਬਹੁ-ਸਭਿਅਕ,ਬਹੁ-ਭਾਸ਼ਾਈ ਅਤੇ ਬਹੁ-ਧਰਮੀ ਅਤੇ ਆਪਣੇ ਅਮਲੀ ਲੋਕਤੰਤਰ ਵਿਚ ਆਪਣੀਆਂ ਆਸਾਂ ਪੂਰੀਆਂ ਕਰਨ ਦੇ ਨਾਲ ਨਾਲ ਸਰਬੱਤ ਦੇ ਭਲੇ ਦਾ ਸੰਦੇਸ਼ ਲੈ ਕੇ ਸੰਸਾਰ ਵਿਚ ਚਾਨਣਮੁਨਾਰਾ ਬਣੇ। ਕੈਨੇਡਾ ਦੇ ਇਸ ਜਨਮਦਿਨ ਤੇ ਕਾਮਨਾ ਹੈ ਕਿ ਕੈਨੇਡਾ ਦੇ ਸਾਰੇ ਸੂਬਿਆਂ ਵਿਚ ਆਪਸੀ ਪਰਸਪਰ ਵਪਾਰ ਦੇ ਰਾਹ ਜਲਦੀ ਹੀ ਸੁਖਾਵੇਂ ਹੋਣ ਅਤੇ ਅੰਤਰਾਸ਼ਟਰੀ ਪੱਧਰ ਤੇ ਵਪਾਰਿਕ ਨੀਤੀਆਂ ਅਤੇ ਅਪਸੀ ਮਿਲਵਰਤਨ ਉੱਪਰ ਕਾਲੇ ਬੱਦਲ ਜੋ ਸੰਸਾਰ ਉਪਰ ਛਾਏ ਹੋਏ ਹਨ ਅਕਾਲਪਰੁਖ ਜੀ ਦੀ ਮਿਹਰ ਸਦਕੇ ਜਲਦੀ ਹੀ ਸਮਾਪਤ ਹੋ ਜਾਣ।ਸਰੀ ਸ਼ਹਿਰ ਦੀ ਸਮੁੱਚੀ ਕੌਂਸਲ ਅਤੇ ਸਨਮਾਨਯੋਗ ਮੇਅਰ ਵਲੋਂ ਬਰੁੱਕਸਾਈਡ ਗੁਰਦੁਆਰਾ ਸਾਹਿਬ ਦੇ ਦੋ ਸੇਵਾਦਾਰਾਂ ਲਈ 25 ਜੂਨ ਨੂੰ ਭੇਜੇ ਗਏ ਸਨਮਾਨ ਚਿੰਨ੍ਹ ਅਤੇ ਸਰਟੀਫੀਕੇਟ ਨਾਲ ਕਲਮੀਤ ਕੌਰ ਗਹੀਰ ਅਤੇ ਲਹਿੰਬਰ ਸਿੰਘ ਸੱਲ ਨੂੰ ਕੈਨੇਡਾ ਦਿਨ ਤੇ ਸੁਸਾਇਟੀ ਦੇ ਪ੍ਰਧਾਨ ਸਾਹਿਬ ਵਲੋਂ ਨਿਵਾਜਿਆ ਗਿਆ।ਪ੍ਰਬੰਧਕ ਕਮੇਟੀ ਵਲੋਂ ਸਰੀ ਸਿਟੀ ਕੌਂਸਲ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ।ਸਮਾਗਮ ਦੇ ਅੰਤ ਵਿਚ ਸਾਰਿਆਂ ਨੇ ਗੁਰੂ ਕਾ ਲੰਗਰ ਬੜੇ ਹੀ ਪਿਆਰ ਤੇ ਸਤਿਕਾਰ ਨਾਲ ਛਕਿਆ।