Jul 9, 2026

ਆਰ ਸੀ ਐਮ ਪੀ ਅਧਿਕਾਰੀ ਨੇ ਖੁਲਾਸਾ ਕਰਦਿਆਂ ਕਿਹਾ ਭਾਰਤ ਨੇ ਜਾਂਚ ਵਿਚ ਦਿੱਤਾ ਹੈ ਪੂਰਾ ਸਹਿਯੋਗ-

ਓਟਵਾ- ਆਰ ਸੀ ਐਮ ਪੀ ਦਾ ਬਿਆਨ ਹੈ ਕਿ  ਕੈਨੇਡੀਅਨ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ 2023 ਵਿੱਚ ਹੋਏ ਕਤਲ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੂੰ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਹੈ, ਜਿਸ ਨਾਲ ਇਸ ਕਤਲ ਵਿੱਚ ਭਾਰਤ ਸਰਕਾਰ ਦੇ ਅਧਿਕਾਰੀਆਂ ਦਾ ਕੋਈ ਸਬੰਧ ਸਾਬਤ ਹੁੰਦਾ ਹੋਵੇ।

ਆਰ ਸੀ ਐਮ ਪੀ ਦੀ ਡਿਪਟੀ ਕਮਿਸ਼ਨਰ ਲੀਜ਼ਾ ਮੋਰਲੈਂਡ ਦਾ ਇਹ ਬਿਆਨ ਉਦੋਂ ਆਇਆ ਹੈ ਜਦੋਂ ਕੁਝ ਘੰਟੇ ਪਹਿਲਾਂ ਹੀ ਅਮਰੀਕਾ ਦੀ ਜਾਂਚ ਏਜੰਸੀ ਐਫ ਬੀ ਆਈ ਨੇ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਸਾਥੀ ਸਤਿੰਦਰਜੀਤ ਸਿੰਘ (ਉਰਫ਼ ਗੋਲਡੀ ਬਰਾੜ) ‘ਤੇ ਨਿੱਝਰ ਦੇ ਕਤਲ ਦਾ ਹੁਕਮ ਦੇਣ ਦਾ ਦੋਸ਼ ਲਗਾਏ ਸਨ। ‘ਅਪਰੇਸ਼ਨ ਹਾਰਡ ਬਾਲ’ ਨਾਮਕ ਇੱਕ ਸਾਂਝੀ ਮੁਹਿੰਮ ਦੇ ਤਹਿਤ, ਅਮਰੀਕਾ, ਕੈਨੇਡਾ ਅਤੇ ਯੂਰਪ ਦੀਆਂ ਏਜੰਸੀਆਂ ਨੇ ਭਾਰਤ ਸਥਿਤ ਤਿੰਨ ਸੰਗਠਿਤ ਅਪਰਾਧਿਕ ਸਮੂਹਾਂ (ਜਿਨ੍ਹਾਂ ਵਿੱਚ ਬਿਸ਼ਨੋਈ ਗੈਂਗ ਵੀ ਸ਼ਾਮਲ ਹੈ) ਨਾਲ ਕਥਿਤ ਸਬੰਧ ਰੱਖਣ ਵਾਲੇ 24 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ‘ਤੇ ਨਿੱਝਰ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਨਾਲ-ਨਾਲ ਸਰਹੱਦ ਪਾਰਲੇ ਸੰਗਠਿਤ ਅਪਰਾਧ ਨਾਲ ਜੁੜੇ ਕਈ ਹੋਰ ਦੋਸ਼ ਵੀ ਲਗਾਏ ਗਏ ਹਨ।

ਉੱਥੇ ਹੀ ਜਾਂਚ ਦੇ ਵੇਰਵੇ ਸਾਂਝੇ ਕਰਦਿਆਂ ਮੋਰਲੈਂਡ ਨੇ ਕੈਨੇਡਾ ਦੇ ਸੀਬੀ ਸੀ ਨਿਊਜ ਨੂੰ ਦੱਸਿਆ ਕਿ ਜਾਂਚ ਟੀਮਾਂ ਨੂੰ ਨਿੱਝਰ ਦੇ ਕਤਲ ਵਿੱਚ ਭਾਰਤੀ ਅਧਿਕਾਰੀਆਂ ਦੇ ਸ਼ਾਮਲ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ।

ਜਦੋਂ ਉਨ੍ਹਾਂ ਕੋਲੋਂ ਟਰੂਡੋ ਵੱਲੋਂ ਲਗਾਏ ਗਏ ਦੋਸ਼ਾਂ ਬਾਰੇ ਸਿੱਧਾ ਸਵਾਲ ਪੁੱਛਿਆ ਗਿਆ, ਤਾਂ ਜਵਾਬ ਵਿੱਚ ਉਨ੍ਹਾਂ ਨੇ ਸਾਫ਼ ਕਿਹਾ ਕਿ ਇਸ ਸੰਗਠਿਤ ਅਪਰਾਧ ਦੀ ਜਾਂਚ ਅਤੇ ਪੇਸ਼ ਕੀਤੇ ਗਏ ਦੋਸ਼-ਪੱਤਰਾਂ (ਚਾਰਜਸ਼ੀਟ) ਵਿੱਚ ਅਜਿਹਾ ਕੋਈ ਵੀ ਸਬੂਤ ਨਹੀਂ ਮਿਲਿਆ ਹੈ, ਜਿਸ ਤੋਂ ਇਹ ਸਾਬਤ ਹੁੰਦਾ ਹੋਵੇ ਕਿ ਭਾਰਤੀ ਅਧਿਕਾਰੀਆਂ ‘ਤੇ ਕੋਈ ਦੋਸ਼ ਹੈ ਜਾਂ ਉਹ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਸ਼ਾਮਲ ਸਨ। ਮੋਰਲੈਂਡ ਨੇ ਹੋਰ ਕਿਹਾ ਕਿ ਭਾਰਤ ਸਰਕਾਰ ਨੇ ਇਸ ਜਾਂਚ ਵਿੱਚ ਸਹਿਯੋਗ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਸਰੀ ਦੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਲਾਟ ਵਿਚ ਭਾਈ ਨਿੱਝਰ ਦੇ ਕਤਲ ਤੋਂ ਕੁਝ ਹਫ਼ਤਿਆਂ ਬਾਅਦ, ਤਤਕਾਲੀ ਪ੍ਰਧਾਨ ਮੰਤਰੀ ਟਰੂਡੋ ਨੇ ਇੱਕ ਸਨਸਨੀਖੇਜ਼ ਪ੍ਰਗਟਾਵਾ ਕਰਦਿਆਂ ਕੈਨੇਡੀਅਨ ਸਿੱਖ ਦੇ ਕਤਲ ਵਿਚ  ਭਾਰਤ ਸਰਕਾਰ ਦਾ ਹੱਥ ਹੋਣ ਦੇ ਦੋਸ਼ ਲਗਾਏ ਸਨ।

Leave a Reply

Your email address will not be published. Required fields are marked *