Jul 11, 2026

ਵੈਨਕੂਵਰ, 7 ਜੁਲਾਈ (ਮਲਕੀਤ ਸਿੰਘ) – ਵੈਨਕੂਵਰ ਦੇ ਬੀ.ਸੀ. ਪਲੇਸ ਸਟੇਡੀਅਮ ਵਿੱਚ ਖੇਡੇ ਗਏ ਫ਼ੀਫ਼ਾ ਵਿਸ਼ਵ ਕੱਪ ਦੇ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ਵਿੱਚ ਸਵਿਟਜ਼ਰਲੈਂਡ ਨੇ ਕੋਲੰਬੀਆ ਨੂੰ ਪੈਨਲਟੀ ਸ਼ੂਟਆਊਟ ਵਿੱਚ 4-3 ਨਾਲ ਹਰਾ ਕੇ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਉਣ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ।  ਨਿਰਧਾਰਤ 90 ਮਿੰਟਾਂ ਅਤੇ ਵਾਧੂ 30 ਮਿੰਟਾਂ ਦੇ ਖੇਡ ਦੌਰਾਨ ਦੋਵੇਂ ਟੀਮਾਂ ਕੋਈ ਵੀ ਗੋਲ ਨਾ ਕਰ ਸਕੀਆਂ ਅਤੇ ਮੈਚ 0-0 ਨਾਲ ਬਰਾਬਰ ਰਿਹਾ।
ਅਖੀਰ  ਪੈਨਲਟੀ ਸ਼ੂਟਆਊਟ ਵਿੱਚ ਸਵਿਟਜ਼ਰਲੈਂਡ ਦੇ ਗੋਲਕੀਪਰ ਗ੍ਰੇਗਰ ਕੋਬੇਲ ਨੇ ਕੋਲੰਬੀਆ ਦੇ ਕੁਚੋ ਹਰਨਾਂਦੇਜ਼ ਦੀ ਪੈਨਲਟੀ ਰੋਕ ਕੇ ਆਪਣੀ ਟੀਮ ਨੂੰ ਵੱਡਾ ਫ਼ਾਇਦਾ ਦਿਵਾਇਆ, ਜਦਕਿ ਕੋਲੰਬੀਆ ਦੇ ਡੇਵਿਨਸਨ ਸਾਂਚੇਜ਼ ਦੀ ਕੋਸ਼ਿਸ਼ ਕਰਾਸਬਾਰ ਨਾਲ ਟਕਰਾ ਗਈ। ਆਖ਼ਰ ਵਿੱਚ ਰੂਬੇਨ ਵਰਗਾਸ ਨੇ ਨਿਰਣਾਇਕ ਪੈਨਲਟੀ ਗੋਲ ਵਿੱਚ ਬਦਲ ਕੇ ਸਵਿਟਜ਼ਰਲੈਂਡ ਨੂੰ 4-3 ਨਾਲ ਜਿੱਤ ਦਿਵਾਈ।
ਮੈਚ ਦੌਰਾਨ ਦੋਵੇਂ ਟੀਮਾਂ ਨੇ ਕਈ ਹਮਲੇ ਕੀਤੇ ਪਰ ਦੋਵਾਂ ਪਾਸਿਆਂ ਦੇ ਗੋਲਕੀਪਰਾਂ ਨੇ ਸ਼ਾਨਦਾਰ ਬਚਾਅ ਕੀਤਾ। ਬੀ.ਸੀ. ਪਲੇਸ ਵਿੱਚ ਹਜ਼ਾਰਾਂ ਦਰਸ਼ਕਾਂ ਦੀ ਮੌਜੂਦਗੀ ਵਿੱਚ ਖੇਡਿਆ ਗਿਆ ਇਹ ਮੁਕਾਬਲਾ ਅੰਤ ਤੱਕ ਰੋਮਾਂਚ ਨਾਲ ਭਰਿਆ ਰਿਹਾ ਅਤੇ ਪੈਨਲਟੀ ਸ਼ੂਟਆਊਟ ਨੇ ਦਰਸ਼ਕਾਂ ਨੂੰ ਸਾਹ ਰੋਕ ਕੇ ਦੇਖਣ ਲਈ ਮਜਬੂਰ ਕਰ ਦਿੱਤਾ।
ਇਸ ਜਿੱਤ ਨਾਲ ਸਵਿਟਜ਼ਰਲੈਂਡ ਨੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ, ਜਿੱਥੇ ਹੁਣ ਉਸ ਦਾ ਸਾਹਮਣਾ ਮੌਜੂਦਾ ਚੈਂਪੀਅਨ ਅਰਜਨਟੀਨਾ ਨਾਲ ਹੋਵੇਗਾ। ਦੂਜੇ ਪਾਸੇ ਕੋਲੰਬੀਆ ਦਾ ਇਸ ਵਿਸ਼ਵ ਕੱਪ ਦਾ ਸਫ਼ਰ ਸਮਾਪਤ ਹੋ ਗਿਆ ਹੈ। ਇੱਥੇ  ਜ਼ਿਕਰਯੋਗ ਹੈ ਕਿ ਇਹ ਮੈਚ ਕੈਨੇਡਾ ਵਿੱਚ ਕਰਵਾਏ ਜਾ ਰਹੇ ਵਿਸ਼ਵ ਕੱਪ ਦੌਰਾਨ ਵੈਨਕੂਵਰ ਦੇ ਬੀ.ਸੀ. ਪਲੇਸ ਵਿੱਚ ਖੇਡਿਆ ਗਿਆ ਆਖ਼ਰੀ ਮੁਕਾਬਲਾ ਵੀ ਸੀ।

Leave a Reply

Your email address will not be published. Required fields are marked *