ਡੈਲਟਾ- ਬੀ.ਸੀ ਸਰਕਾਰ ਅਤੇ ਡੈਲਟਾ ਸਿਟੀ ਕੌਂਸਲ ਵਲੋਂ ਸੂਬੇ ਵਿਚ ਪਹਿਲੇ ਅਸਥ ਘਾਟ ਨੂੰ ਲੋਕ ਅਰਪਣ ਕੀਤਾ ਗਿਆ। ਪਿਛਲੇ ਲੰਬੇ ਸਮੇਂ ਤੋਂ ਭਾਰਤੀ ਮੂਲ ਦੇ ਭਾਈਚਾਰੇ ਵਲੋਂ ਕੀਤੀ ਜਾ ਰਹੀ ਮੰਗ ਨੂੰ ਨੇਪਰੇ ਚਾੜਦਿਆਂ ਇਹ ਅਸਥ ਘਾਟ ਡੈਲਟਾ ਵਿੱਚ ਟਿਲਬਰੀ ਆਈਲੈਂਡ (ਡੱਕ ਆਈਲੈਂਡ) ‘ਤੇ ਟਿਲਬਰੀ ਪਾਰਕ ਵਿੱਚ ਫਰੇਜ਼ਰ ਵਿਊਪੁਆਇੰਟ ‘ਤੇ ਬਣਾਇਆ ਗਿਆ ਹੈ ਜਿਥੇ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਲੋਕ ਪਰਿਵਾਰਾਂ ਤੋਂ ਵਿੱਛੜਨ ਵਾਲੇ ਆਪਣੇ ਪਿਆਰਿਆਂ ਦੀਆਂ ਅੰਤਿਮ ਰਸਮਾਂ ਦੇ ਨਾਲ ਉਹਨਾਂ ਦੀ ਅਸਥੀਆਂ ਨੂੰ ਜਲ ਪ੍ਰਵਾਹ ਕਰ ਸਕਣਗੇ।
ਅਸਥ ਘਾਟ ਦੇ ਉਦਘਾਟਨੀ ਸਮਾਗਮ ਮੌਕੇ ਬੀ.ਸੀ. ਦੇ ਅਟਾਰਨੀ ਜਨਰਲ ਨਿੱਕੀ ਸ਼ਰਮਾ, ਡੈਲਟਾ ਦੇ ਮੇਅਰ ਜਾਰਜ ਵੀ. ਹਾਰਵੀ, ਡੈਲਟਾ ਨੌਰਥ ਦੇ ਵਿਧਾਇਕ ਅਤੇ ਮੰਤਰੀ ਰਵੀ ਕਾਹਲੋਂ ਤੋਂ ਇਲਾਵਾ ਹੋਰ ਕਈ ਸ਼ਖਸੀਅਤਾਂ ਮੌਜੂਦ ਸਨ। ਇਸ ਮੌਕੇ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਕਿਹਾ ਕਿ ਬੀਸੀ ਵਿਚ ਵਸਦੇ ਹਿੰਦੂ ਅਤੇ ਸਿੱਖ ਧਰਮਾਂ ਦੇ ਲੋਕ ਦਹਾਕਿਆਂ ਤੋਂ ਇਸਦੀ ਮੰਗ ਕਰਦੇ ਆ ਰਹੇ ਸਨ।”ਲੋਕਾਂ ਨੂੰ ਆਪਣੇ ਅਜ਼ੀਜ਼ਾਂ ਦਾ ਉਨ੍ਹਾਂ ਤਰੀਕਿਆਂ ਨਾਲ ਸਨਮਾਨ ਕਰਨ ਦੇ ਯੋਗ ਹੋਣਾ ਚਾਹੀਦਾ ਹੈ ਜੋ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਅਰਥਪੂਰਨ ਹੋਣ, ਅਤੇ ਉਨ੍ਹਾਂ ਨੂੰ ਇੱਜ਼ਤ, ਸਤਿਕਾਰ ਅਤੇ ਭਾਈਚਾਰਕ ਸਹਾਇਤਾ ਨਾਲ ਅਜਿਹਾ ਕਰਨ ਦੇ ਯੋਗ ਹੋਣਾ ਚਾਹੀਦਾ ਹੈ। “ਇਹ ਪ੍ਰੋਜੈਕਟ ਭਾਈਚਾਰੇ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਲੋੜ ਨੂੰ ਪੂਰਾ ਕਰਦਾ ਹੈ, ਅਤੇ ਸਾਡੀ ਸਰਕਾਰ ਵਲੋਂ ਜ਼ਰੂਰੀ ਪਰਮਿਟ ਨਾਲ ਇਸ ਸਾਈਟ ਦੀ ਸਿਰਜਣਾ ਵਿੱਚ ਸਹਾਇਤਾ ਕਰਨ ‘ਤੇ ਮਾਣ ਹੈ।”
ਡੈਲਟਾ ਦੇ ਮੇਅਰ ਜਾਰਜ ਹਾਰਵੀ, ਜਿਨ੍ਹਾਂ ਨੇ ਇਸ ਸਹੂਲਤ ਨੂੰ ਸਥਾਪਿਤ ਕੀਤੇ ਜਾਣ ਲਈ ਪ੍ਰਸਤਾਵ ਅੱਗੇ ਲਿਆਂਦਾ ਸੀ, ਨੇ ਪ੍ਰੋਜੈਕਟ ਦੀ ਅਧਿਆਤਮਿਕ ਜ਼ਰੂਰਤ ਤੇ ਮਹੱਤਤਾ ਦੀ ਗੱਲ ਕੀਤੀ।
