Jul 21, 2026

ਵੱਖ-ਵੱਖ ਭਾਈਚਾਰਿਆਂ ਨਾਲ ਸੰਬੰਧਿਤ ਲਗਭਗ 80 ਹਜਾਰ ਲੋਕਾਂ ਨੇ ਮੇਲੇ ਦਾ ਆਨੰਦ ਮਾਣਿਆ-

ਵੈਨਕੂਵਰ, 20 ਜੁਲਾਈ (ਮਲਕੀਤ ਸਿੰਘ, ਕਾਹਲੋਂ )- ਕੈਨੇਡਾ ‘ਚ ਵੱਸਦੇ  ਸਥਾਨਕ ਵੱਖ-ਵੱਖ ਭਾਈਚਾਰਿਆਂ ਦੇ ਸਹਿਯੋਗ ਨਾਲ ਸਰੀ ਸਿਟੀ ਕੌਂਸਲ ਵੱਲੋਂ ਸਰੀ ਸਥਿਤ ਹਾਲੈਂਡ ਪਾਰਕ ਵਿੱਚ ਆਯੋਜਿਤ ਕਰਵਾਏ ਗਏ 19ਵੇਂ  ਤਿੰਨ ਰੋਜਾ  ਬਹੁਭਾਂਤੀ ਸੱਭਿਆਚਾਰਕ ਮੇਲੇ ‘ਚ ਜਿੱਥੇ ਕਿ ਵੱਖ-ਵੱਖ ਭਾਈਚਾਰਿਆਂ ਨਾਲ ਸੰਬੰਧਿਤ ਲਗਾਈਆਂ ਗਈਆਂ ਸਟੇਜਾਂ ਤੋਂ ਵੱਖ ਵੱਖ ਕਲਾਕਾਰਾਂ ਨੇ ਆਪੋ ਆਪਣੇ ਵਿਰਸੇ ਨਾਲ ਸੰਬੰਧਿਤ ਵੰਨਗੀਆਂ ਪੇਸ਼ ਕੀਤੀਆਂ, ਉੱਥੇ ਪੰਜਾਬੀ ਭਾਈਚਾਰੇ ਲਈ ਲਗਾਈ ਗਈ ਸਟੇਜ ਤੋਂ ਉੱਘੇ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਵੱਲੋਂ ਆਪਣੇ ਚੋਣਵੇਂ ਗੀਤਾਂ ਦੀ ਪੇਸ਼ਕਾਰੀ ਕਰਕੇ  ਹਜ਼ਾਰਾਂ ਦੀ ਗਿਣਤੀ ‘ਚ ਉੱਥੇ ਮੌਜੂਦ ਸਰੋਤਿਆਂ ਦਾ ਦੇਰ ਰਾਤ ਤੱਕ ਮਨੋਰੰਜਨ ਕੀਤਾ ਗਿਆ। ਇਸ ਤੋਂ ਪਹਿਲਾਂ ਅਰਸ਼ ਰਿਆਜ,ਕਰਨਵੀਰ ਕਲੇਰ ਅਤੇ ਪਰਵੇਜ਼ ਗਿੱਲ ਨੇ ਆਪਣੇ ਚਰਚਿਤ ਗੀਤਾਂ ਦੀ ਛਹਿਬਰ ਲਗਾ ਕੇ ਹਾਜ਼ਰ ਸਰੋਤਿਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।  ਮੇਲੇ ਦੇ ਪਹਿਲੇ ਦਿਨ ਗਾਇਕ ਜੋੜੀ ਲੱਖਾ ਤੇ ਨਾਜ ਵੱਲੋਂ ਵੀ ਆਪਣਾ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਇਸ ਮੇਲੇ ਵਿੱਚ ਦੂਸਰੇ ਭਾਈਚਾਰਿਆਂ ਨਾਲ ਸੰਬੰਧਿਤ ਕਲਾਕਾਰਾਂ ਦੇ ਗੀਤਾਂ ਦੀਆਂ ਸੰਗੀਤਕ ਧੁਨਾਂ ਤੇ ਵੀ ਵੱਖ ਵੱਖ ਦੇਸ਼ਾਂ ਨਾਲ ਸੰਬੰਧਿਤ  ਬਹੁਗਿਣਤੀ ਸਰੋਤੇ ਦੇਰ ਰਾਤ ਤੱਕ ਝੂਮਦੇ ਅਤੇ ਨੱਚਦੇ ਟੱਪਦੇ  ਨਜ਼ਰ ਆਏ।
ਸਰੀ ਸਿਟੀ ਕੌਂਸਲ ਵੱਲੋਂ ਸਾਂਝੀ ਕੀਤੀ ਇੱਕ ਜਾਣਕਾਰੀ ਮੁਤਾਬਿਕ  ਲਗਾਤਾਰ ਤਿੰਨ ਦਿਨ ਚੱਲੇ ਇਸ ਮੇਲੇ ਦੌਰਾਨ ਤਕਰੀਬਨ 80 ਹਜਾਰ  ਤੋਂ ਵੱਧ ਲੋਕਾਂ ਨੇ ਸ਼ਿਰਕਤ ਕਰਕੇ ਵਨ -ਸਵੰਨੇ ਸਵਾਦਲੇ ਭੋਜਨ, ਸੰਗੀਤ ਅਤੇ ਸੱਭਿਆਚਾਰ ਦੇ ਵਿਲੱਖਣ ਜਸ਼ਨਾਂ ਦਾ ਆਨੰਦ ਮਾਣਿਆ।
ਪੱਛਮੀ ਕੈਨੇਡਾ ਦੇ ਸਭ ਤੋਂ ਵੱਡੇ ਬਹੁ-ਸੱਭਿਆਚਾਰਕ ਮੇਲੇ ਵਜੋਂ ਜਾਣੇ ਜਾਂਦੇ ਸਰੀ  ਫਿਊਜ਼ਨ ਮੇਲੇ  ‘ਚ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ  ਸਰੀ ਦੀ ਮੇਅਰ ਬਰੈਂਡਾ ਲੋਕ ਨੇ ਕਿਹਾ ਨੇ ਸਰੀ ਫਿਊਜ਼ਨ ਮੇਲਾ ਵੱਖ ਵੱਖ ਭਾਈਚਾਰਿਆਂ ਦੇ ਸਾਂਝੇ ਤਜਰਬਿਆਂ ਦੇ ਆਦਾਨ- ਪ੍ਰਦਾਨ ਅਤੇ ਆਪਸੀ ਮਿਲਵਰਤਣ ਦਾ ਇੱਕ ਵਧੀਆ ਸਰੋਤ ਬਣ ਚੁੱਕਾ ਹੈ ਜੋ ਕਿ ਸਾਡੇ ਸਾਰਿਆਂ ਲਈ ਇੱਕ ਮਾਣ ਵਾਲੀ ਗੱਲ ਹੈ । ਇਸ ਉੱਦਮ ਲਈ ਉਨਾਂ ਨੇ  ਸਿਟੀ ਕੌਂਸਲ ਦੇ ਸਟਾਫ਼, ਵਲੰਟੀਅਰਾਂ, ਸੱਭਿਆਚਾਰਕ ਗਰੁੱਪਾਂ ਅਤੇ ਕਲਾਕਾਰਾਂ ਦਾ ਧੰਨਵਾਦ ਵੀ ਕੀਤਾ।

Leave a Reply

Your email address will not be published. Required fields are marked *