Jul 23, 2026

ਵਿੰਨੀਪੈਗ ( ਸੁਰਿੰਦਰ ਮਾਵੀ)- ਕੈਨੇਡਾ -ਅਮਰੀਕਾ ਦੀਆਂ ਸੁਰੱਖਿਆ ਏਜੰਸੀਆਂ ਤੇ ਪੁਲੀਸ ਦੇ ਸਾਂਝੇ ‘ਪ੍ਰਾਜੈਕਟ ਬੇਅ’ ਤਹਿਤ ਅਮਰੀਕਾ ਤੋਂ ਟਰੱਕਾਂ ਰਾਹੀਂ ਲਿਆਂਦਾ ਗਿਆ 17 ਕੁਇੰਟਲ ਡਰੱਗ ਅਤੇ ਵੱਡੀ ਮਾਤਰਾ ਵਿੱਚ ਅਸਲਾ ਬਰਾਮਦ ਕੀਤਾ ਗਿਆ ਹੈ। ਇਸ ਮਾਮਲੇ ਵਿੱਚ 21 ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 14 ਭਾਰਤੀ ਮੂਲ ਦੇ ਹਨ।

ਜਾਣਕਾਰੀ ਮੁਤਾਬਕ, ਇੱਕ ਸਾਲ ਤੋਂ ਚੱਲ ਰਹੇ ਇਸ ਅਪਰੇਸ਼ਨ ਤਹਿਤ ਅਮਰੀਕਾ ਤੋਂ ਕੈਨੇਡਾ ਆਉਂਦੇ ਕੁਝ ਟਰੱਕ ਚਾਲਕਾਂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ ਜਾ ਰਹੀ ਸੀ। ਵਿੰਡਸਰ ਪੁਲੀਸ ਵੱਲੋਂ ਇਸ ਦੌਰਾਨ ਪੀਲ ਪੁਲੀਸ ਸਮੇਤ ‘ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ’ ਅਤੇ ‘ਅਮਰੀਕਨ ਕਸਟਮ ਵਿਭਾਗ’ ਦਾ ਸਹਿਯੋਗ ਹਾਸਲ ਕੀਤਾ ਗਿਆ ਸੀ। ਜਾਂਚ ਪੂਰੀ ਹੋਣ ਤੋਂ ਬਾਅਦ ਪੁਲੀਸ ਨੇ ਵੱਖ-ਵੱਖ ਦਿਨਾਂ ‘ਤੇ ਤਲਾਸ਼ੀ ਵਾਰੰਟ ਲੈ ਕੇ ਛਾਪੇਮਾਰੀ ਕੀਤੀ। ਇਸ ਦੌਰਾਨ ਉਕਤ ਠਿਕਾਣਿਆਂ ਤੋਂ ਕੁੱਲ 17 ਕੁਇੰਟਲ ਨਸ਼ਾ ਬਰਾਮਦ ਹੋਇਆ, ਜਿਸ ਦੀ ਕੀਮਤ 13 ਕਰੋੜ 90 ਲੱਖ ਡਾਲਰ (ਲਗਪਗ 10 ਅਰਬ ਰੁਪਏ) ਮੰਨੀ ਗਈ ਹੈ। ਇਸ ਦੇ ਨਾਲ ਹੀ ਤਲਾਸ਼ੀ ਦੌਰਾਨ ਉੱਥੋਂ ਵੱਡੀ ਮਾਤਰਾ ਵਿੱਚ ਬੰਦੂਕਾਂ, ਰਿਵਾਲਵਰ, ਪਿਸਤੌਲਾਂ ਅਤੇ ਗੋਲੀ-ਸਿੱਕਾ ਫੜਿਆ ਗਿਆ ਹੈ।

ਗ੍ਰਿਫ਼ਤਾਰ ਕੀਤੇ ਗਏ 21 ਮੁਲਜ਼ਮਾਂ  ਵਿੱਚ ਸ਼ਾਮਲ ਭਾਰਤੀ ਮੂਲ ਦੇ ਮੁਲਜ਼ਮਾਂ ਦੀ ਪਛਾਣ ਗਗਨਦੀਪ ਠਿੰਡਲ (27), ਸਿਮਰਨਜੀਤ ਸਿੰਘ (32), ਗੁਰਦੀਪ ਧਾਲੀਵਾਲ (32), ਜਸਵਿੰਦਰ ਸਿੰਘ ਸੋਹੀ (55), ਤਰਮਿੰਦਰ ਸਿੰਘ (19), ਜਤਿੰਦਰਪਾਲ ਸਿੰਘ (39), ਮਹਿਕਪ੍ਰੀਤ ਸਿੰਘ (24), ਤਲਵਿੰਦਰ ਸਿੰਘ (29) ਅਤੇ ਕਰਨਦੀਪ ਸਿੰਘ (27)  ਵਜੋਂ ਕੀਤੀ ਗਈ ਹੈ।  ਇਹ ਸਾਰੇ ਬਰੈਂਪਟਨ ਦੇ ਵਾਸੀ ਹਨ।

ਇਸ ਤੋਂ ਇਲਾਵਾ ਬਾਕੀ ਮੁਲਜ਼ਮਾਂ ਦੀ ਪਛਾਣ ਕੰਵਰਪਾਲ ਕੁਲਾਰ (32) ਵਾਸੀ ਲੈਸਾਲ, ਹਰਵਿੰਦਰ ਸਿੰਘ (33) ਵਾਸੀ ਕਿਚਨਰ, ਹਨਿੰਦਰਪਾਲ ਗਰੇਵਾਲ (34) ਵਾਸੀ ਬੈਰੀ, ਅਵਤਾਰ ਸਹੋਤਾ (54) ਵਾਸੀ ਸ਼ੈਲਬਰਨ ਅਤੇ ਮੁਹੰਮਦ ਬਿਨਹਸਨ (41) ਵਾਸੀ ਟੋਰਾਂਟੋ ਵਜੋਂ ਹੋਈ ਹੈ।

ਗ੍ਰਿਫ਼ਤਾਰ ਮੁਲਜ਼ਮ ਵੱਖ-ਵੱਖ ਸ਼ਹਿਰਾਂ ਨਾਲ ਸਬੰਧਤ ਹੋਣ ਕਰਕੇ, ਉਨ੍ਹਾਂ ਨੂੰ ਆਉਂਦੇ ਦਿਨਾਂ ਵਿੱਚ ਉਨ੍ਹਾਂ ਦੇ ਸ਼ਹਿਰਾਂ ਦੀਆਂ ਅਦਾਲਤਾਂ ਵਿੱਚ ਵੱਖ-ਵੱਖ ਤਾਰੀਖ਼ਾਂ ‘ਤੇ ਪੇਸ਼ ਕੀਤਾ ਜਾਵੇਗਾ।

featured-img

Leave a Reply

Your email address will not be published. Required fields are marked *