ਵੈਨਕੂਵਰ (ਮਲਕੀਤ ਸਿੰਘ)-ਸਰੀ–ਡੈਲਟਾ ਦੇ ਸਕਾਟ ਰੋਡ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਤੋਂ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਇਕ ਵਿਸ਼ਾਲ ਮਹਾਨ ਨਗਰ ਕੀਰਤਨ 1 ਅਗਸਤ ਨੂੰ ਸਜਾਇਆ ਜਾ ਰਿਹਾ ਹੈ। ਇਸ ਸਬੰਧੀ ਸਮੂਹ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਭਾਈ ਭੁਪਿੰਦਰ ਸਿੰਘ ਹੋਠੀ ਅਤੇ ਅਮਨਦੀਪ ਸਿੰਘ ਜੌਹਲ, ਮਨਪ੍ਰੀਤ ਸਿੰਘ , ਮਲਕੀਤ ਸਿੰਘ ਭਾਈ ਸਰੋਵਰ ਸਿੰਘ ਅਤੇ ਭਾਈ ਹਰਜੀਤ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਹਿਲੀ ਅਗਸਤ ਨੂੰ ਸਵੇਰੇ 8:30 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਛਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਆਰੰਭ ਹੋਵੇਗਾ। ਨਗਰ ਕੀਰਤਨ ਨਿਰਧਾਰਤ ਰੂਟਾਂ ਤੋਂ ਹੁੰਦਾ ਹੋਇਆ ਵੱਡੀ ਗਿਣਤੀ ਵਿੱਚ ਸੰਗਤਾਂ ਦੀ ਸ਼ਮੂਲੀਅਤ ਨਾਲ ਸ਼ਾਮ ਨੂੰ ਮੁੜ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗਾ।
ਉਨ੍ਹਾਂ ਦੱਸਿਆ ਕਿ ਇਸ ਮਹਾਨ ਦਿਹਾੜੇ ਨੂੰ ਸਮਰਪਿਤ 23 ਜੁਲਾਈ ਤੋਂ ਗੁਰੂ ਘਰ ਵਿਖੇ ਰੋਜ਼ਾਨਾ ਆਤਮ-ਰਸ ਕੀਰਤਨ ਦਰਬਾਰ ਅਤੇ ਵਿਸ਼ੇਸ਼ ਧਾਰਮਿਕ ਸਮਾਗਮ ਨਿਰੰਤਰ ਜਾਰੀ ਹਨ। ਇਨ੍ਹਾਂ ਸਮਾਗਮਾਂ ਵਿੱਚ ਸਿੱਖ ਪੰਥ ਦੇ ਉੱਚ ਕੋਟੀ ਦੇ ਰਾਗੀ ਜਥੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜ ਰਹੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਸਮਾਗਮਾਂ ਦੀ ਲੜੀ ਦੇ ਅੰਤਿਮ ਪੜਾਅ ਵਜੋਂ 2 ਅਗਸਤ ਨੂੰ ਸਵੇਰੇ ਅੰਮ੍ਰਿਤ ਸੰਚਾਰ ਵੀ ਕਰਵਾਇਆ ਜਾਵੇਗਾ।
