Aug 5, 2026

ਲੇਖਕ- ਡਾ ਗੁਰਮਿੰਦਰ ਸਿੱਧੂ-

ਸਮੀਖਿਆ-ਜਸਬੀਰ ਮਾਨ ( 778-892-5122)-

‘ਪ੍ਰਦੇਸਾਂ ਵਿੱਚੋਂ ਚੁਗੇ ਹਰਫ਼’ ਡਾਕਟਰ ਗੁਰਮਿੰਦਰ ਸਿੱਧੂ ਦੀ 22 ਲੇਖਾਂ,ਤੇਤੀ ਤਸਵੀਰਾਂ ਅਤੇ 175 ਸਫ਼ਿਆਂ ਦੀ ਖੂਬਸੂਰਤ ਵਾਰਤਕ ਦੀ ਪੁਸਤਕ ਹੈ।ਇਹ ਪੁਸਤਕ ਇਹਨਾਂ ਨੇ ਆਪਣੇ ਵਿਦੇਸ਼ਾਂ ਦੇ ਸਫ਼ਰ ਦੌਰਾਨ ਲਿਖੀ ਹੈ।ਇਹ ਪੁਸਤਕ ਪਾਠਕਾਂ ਨੂੰ ਵਿਦੇਸ਼ੀ ਜੀਵਨ ਨਾਲ਼ ਜਾਣੂ ਕਰਵਾਉਂਦੀ ਹੈ।ਪੁਸਤਕ ਲਿਖਣਾ ਸਿਰਫ ਸ਼ਬਦ ਇਕੱਠੇ ਕਰਨਾ ਹੀ ਨਹੀਂ ਹੁੰਦਾ ਸਗੋਂ ਆਪਣੇ ਅਤੇ ਹੋਰ ਲੋਕਾਂ ਦਾ ਗਿਆਨ,ਤਜ਼ਰਬੇ ਅਤੇ ਭਾਵਨਾਵਾਂ ਨੂੰ ਸਮਝ ਕੇ ਉਹਨਾਂ ਨੂੰ ਸਹੀ ਰੂਪ ਵਿੱਚ ਪ੍ਰਗਟ ਕਰਨਾ ਹੁੰਦਾ ਹੈ।ਇੱਕ ਚੰਗਾ ਲੇਖਕ ਆਪਣੇ ਆਲ਼ੇ-ਦੁਆਲ਼ੇ ਦੇ ਜੀਵਨ ਨੂੰ ਧਿਆਨ ਨਾਲ਼ ਵੇਖਦਾ ਹੈ,ਲੋਕਾਂ ਦੀਆਂ ਭਾਵਨਾਵਾਂ ਨੂੰ ਮਹਿਸੂਸ ਕਰਦਾ ਹੈ ਅਤੇ ਫਿਰ ਉਹਨਾਂ ਨੂੰ ਸ਼ਬਦਾਂ ਦਾ ਰੂਪ ਦਿੰਦਾ ਹੈ।ਇਸੇ ਕਰਕੇ ਹੀ ਕਿਹਾ ਜਾਂਦਾ ਹੈ ਕਿ ਲਿਖਣ ਦੀ ਕਲਾ ਸਹਿਜੇ-ਸਹਿਜੇ ਅਭਿਆਸ ਨਾਲ਼ ਹੋਰ ਨਿਖ਼ਰਦੀ ਹੈ।ਇਸ ਪੁਸਤਕ ਦੇ ਲੇਖਕ ਡਾਕਟਰ ਗੁਰਮਿੰਦਰ ਸਿੱਧੂ ਲੰਮੇ ਸਮੇਂ ਤੋਂ ਨਿਰੰਤਰ ਲਿਖਦੇ ਆ ਰਹੇ ਹਨ।ਇਹਨਾਂ ਨੇ ਬਹੁਤ ਸਾਰੀਆਂ ਪੁਸਤਕਾਂ ਪੰਜਾਬੀ ਮਾਂ-ਬੋਲੀ ਦੀ ਝੋਲ਼ੀ ਪਾਈਆਂ ਹਨ ਅਤੇ ਬਹੁਤ ਸਾਰੀਆਂ ਸੰਸਥਾਵਾਂ ਤੋਂ ਇਨਾਮ ਵੀ ਜਿੱਤੇ ਹਨ।ਇਸ ਕਰਕੇ ਮੈਂ ਪੂਰੇ ਯਕੀਨ ਨਾਲ਼ ਕਹਿ ਸਕਦੀ ਹਾਂ ਕਿ ਇਹਨਾਂ ਦੀ ਇਹ ਪੁਸਤਕ ‘ਪਰਦੇਸਾਂ ਵਿੱਚੋਂ ਚੁਗੇ ਹਰਫ਼’ ਜਿੱਥੇ ਪਾਠਕਾਂ ਦਾ ਮਨੋਰੰਜਨ ਕਰਵਾਏਗੀ ਉੱਥੇ ਨਾਲ਼-ਨਾਲ਼ ਪਾਠਕਾਂ ਦੀ ਝੋਲ਼ੀ ਗਿਆਨ ਨਾਲ਼ ਵੀ ਭਰਭੂਰ ਕਰੇਗੀ।

ਡਾਕਟਰ ਗੁਰਮਿੰਦਰ ਸਿੱਧੂ ਦੀ ਇਹ ਕਿਤਾਬ ਮੇਰੇ ਲਈ ਇੱਕ ਅਣਮੋਲ ਤੋਹਫ਼ੇ ਵਰਗੀ ਹੈ ਜਿਸਨੂੰ ਮੈਂ ਬੜੀ ਰੀਝ ਨਾਲ਼ ਪੜ੍ਹਿਆ ਅਤੇ ਧੁਰ ਅੰਦਰ ਤੱਕ ਮਾਣਿਆ ਹੈ।ਇਹ ਕਿਤਾਬ ਡਾਕਟਰ ਗੁਰਮਿੰਦਰ ਸਿੱਧੂ ਨੇ ਸਾਡੇ ਵਿਰਾਸਤ ਗਰੁੱਪ ਦੀਆਂ ਸਾਰੀਆਂ ਭੈਣਾਂ ਨੂੰ ਬੜੇ ਮੋਹ ਅਤੇ ਸਤਿਕਾਰ ਨਾਲ਼ 11 ਮਈ 2026 ਨੂੰ ਬੀਅਰ ਕਰੀਕ ਪਾਰਕ ਵਿੱਚ ਹੋਈ ਸਾਡੀ ਇੱਕ ਮਿਲਨੀ ਦੌਰਾਨ ਦਿੱਤੀ ਸੀ।ਮੈਨੂੰ ਇਹ ਕਿਤਾਬ 16 ਜੂਨ,2026 ਸ਼ਾਮ ਨੂੰ ਮਿਲ਼ੀ ਸੀ।ਅਗਲੇ ਹੀ ਦਿਨ 17 ਜੂਨ ਨੂੰ ਮੈਂ ਇਸ ਕਿਤਾਬ ਦਾ ਤਕਰੀਬਨ ਤੀਜਾ ਹਿੱਸਾ ਪੜ੍ਹ ਲਿਆ ਸੀ।ਇਸ ਕਿਤਾਬ ਨੂੰ ਪੜ੍ਹਦਿਆਂ ਮੈਂਨੂੰ ਏਨਾ ਅਨੰਦ ਆਇਆ ਜਿਵੇਂ ਮੈਂ ਕੋਈ ਕਹਾਣੀ ਜਾਂ ਨਾਵਲ ਪੜ੍ਹ ਰਹੀ ਹੋਵਾਂ।

 ਵਾਰਤਕ ਲਿਖਣ ਬਾਰੇ ਮੇਰੀ ਸੋਚ ਬੜੀ ਵੱਖਰੀ ਕਿਸਮ ਦੀ ਸੀ।ਮੈਂ ਸੋਚਿਆ ਕਰਦੀ ਸਾਂ ਕਿ ਵਾਰਤਕ ਲਿਖਣਾ ਬਹੁਤ ਆਸਾਨ ਕੰਮ ਹੈ।ਪਰ ਇਹਨਾਂ ਦੀ ਇਸ ਪੁਸਤਕ ਨੂੰ ਪੜ੍ਹ ਕੇ ਮੈਨੂੰ ਮਹਿਸੂਸ ਹੋਇਆ ਕਿ ਵਾਰਤਕ ਲਿਖਣੀ ਓਨੀ ਸੌਖੀ ਨਹੀਂ ਜਿੰਨੀ ਅਸੀਂ ਸੋਚਦੇ ਹਾਂ।ਵਾਰਤਕ ਵਿੱਚ ਵੀ ਡੂੰਘੇ ਅਧਿਐਨ,ਤਜ਼ਰਬੇ ਅਤੇ ਵਿਸ਼ੇ ਦੀ ਚੰਗੀ ਸਮਝ ਦੀ ਲੋੜ ਹੁੰਦੀ ਹੈ।ਇਸ ਵਿੱਚ ਵਿਚਾਰਾਂ ਨੂੰ ਸਪੱਸ਼ਟ,ਤਰਕਪੂਰਨ ਅਤੇ ਪ੍ਰਭਾਵਸ਼ਾਲੀ ਢੰਗ ਨਾਲ਼ ਪੇਸ਼ ਕਰਨਾ ਪੈਂਦਾ ਹੈ,ਜੋ ਕਿ ਕਾਫੀ ਮਿਹਨਤ ਵਾਲ਼ਾ ਕੰਮ ਹੈ।ਇਸ ਵਿੱਚ ਭਾਸ਼ਾ ਉੱਤੇ ਮਜ਼ਬੂਤ ਪਕੜ ਦੀ ਲੋੜ ਹੁੰਦੀ ਹੈ।

ਇਸ ਕਿਤਾਬ ਨੂੰ ਪੜ੍ਹ ਕੇ ਪਤਾ ਚੱਲਦਾ ਹੈ ਕਿ ਡਾਕਟਰ ਗੁਰਮਿੰਦਰ ਸਿੱਧੂ ਦੀ ਭਾਸ਼ਾ ਤੇ ਏਨੀ ਮਜ਼ਬੂਤ ਪਕੜ ਹੈ ਕਿ ਪੜ੍ਹਨ ਵਾਲ਼ੇ ਦੇ ਮੂੰਹੋਂ ਆਪਣੇ ਆਪ ਹੀ ਵਾਹ ਨਿਕਲ਼ਦਾ ਹੈ।ਹੀਥਰੋ ਏਅਰਪੋਰਟ ਤੋਂ ਉਤਰ ਕੇ ਆਪਣੇ ਚਾਚਾ ਜੀ ਅਤੇ ਉਹਨਾਂ ਦੇ ਬੇਟਿਆਂ ਨਾਲ਼ ਜਦੋਂ ਇਹ ਘਰ ਨੂੰ ਜਾ ਰਹੇ ਹੁੰਦੇ ਹਨ ਤਾਂ ਕਾਰ ਵਿੱਚ ਬੈਠੇ ਰਸਤਿਆਂ ਦੇ ਕੁਦਰਤੀ ਨਜ਼ਾਰਿਆਂ ਨੂੰ ਜਿਸ ਖ਼ੂਬਸੂਰਤ ਨਜ਼ਰ ਨਾਲ਼ ਇਹ ਵੇਖਦੇ ਹਨ,ਉਹਨਾਂ ਨਜ਼ਾਰਿਆਂ ਨੂੰ ਇਹ ਆਪਣੇ ਲੇਖ ‘ਦੇਖ ਲਈ ਵਲਾਇਤ ਵੀ’ ਵਿੱਚ ਵੀ ਓਨੀ ਹੀ ਖ਼ੂਬਸੂਰਤੀ ਨਾਲ਼ ਚਿਤਰਦੇ ਹਨ।ਨਮੂਨੇ ਲਈ ਹਾਜ਼ਰ ਹਨ ਕੁਝ ਸਤਰਾਂ ‘ਬੜੇ ਹੀ ਮਨਮੋਹਕ ਦ੍ਰਿਸ਼,ਹਰ ਪਾਸੇ ਹਰਿਔਲ਼ ਹੀ ਹਰਿਔਲ਼,ਪੱਬੀਆਂ ਉੱਤੇ ਪਿਸਤੇ ਰੰਗਾ ਘਾਹ,ਕਿਤੇ ਕਿਤੇ ਦੂਰ ਕਿਸੇ ਚਰਾਂਦ ਵਿੱਚ ਚਰਦੀਆਂ ਗਾਵਾਂ,ਜਿਵੇਂ ਸਾਵੇ ਕਾਗਜ਼ ਉੱਤੇ ਚਿੱਟੇ ਕਾਲ਼ੇ ਅੱਖਰ ਹੋਣ,ਜਿਵੇਂ ਮੈਂ ਧਰਤ ਤੇ ਛਪੀ ਕੋਈ ਕਵਿਤਾ ਪੜ੍ਹ ਰਹੀ ਹੋਵਾਂ।ਸੜਕਾਂ ਕੰਢੇ ਫੁੱਲਦਾਰ ਬੂਟਿਆਂ ਅਤੇ ਦਰੱਖ਼ਤਾਂ ਦੀਆਂ ਕਤਾਰਾਂ ਜਿਵੇਂ ਇਸ ਕਵਿਤਾ ਦੇ ਰੰਗੀਨ ਹਾਸ਼ੀਏ ਹੋਣ।ਦੇਸ਼ ਸੱਚਮੁੱਚ ਬਹੁਤ ਸੋਹਣਾ ਸੀ।’ ਇਸ ਤਰ੍ਹਾਂ ਹੀ ਇਹਨਾਂ ਨੇ ਆਪਣੇ ਇੱਕ ਹੋਰ ਲੇਖ ‘ਜਿੱਥੇ ਵਸੇ ਚਿੜੀਆਂ ਦਾ ਚੰਬਾ’ ਵਿੱਚ ਵੀ ਸਿਡਨੀ ਸ਼ਹਿਰ ਦਾ ਦ੍ਰਿਸ਼ ਵੀ ਬੜੀ ਖ਼ੂਬਸੂਰਤੀ ਨਾਲ਼ ਉਲੀਕਿਆ ਹੈ।

ਇਹਨਾਂ ਦੀ ਭਾਸ਼ਾ ਬੜੀ ਅਮੀਰ,ਰਸਭਰੀ ਅਤੇ ਪ੍ਰਭਾਵਸ਼ਾਲ਼ੀ ਹੈ।ਇਹਨਾਂ ਨੇ ਆਪਣੇ ਲੇਖਾਂ ਨੂੰ ਰੌਚਕ ਬਣਾਉਣ ਲਈ ਕਿਤੇ ਕਿਤੇ ਅਖਾਣ,ਮੁਹਾਵਰੇ ਅਤੇ ਕਾਵਿ ਟੁਕੜੀਆਂ ਦੀ ਵਰਤੋਂ ਵੀ ਕੀਤੀ ਹੈ।ਜਿਵੇਂ—ਗੋਲੀ ਕੀਹਦੀ ਤੇ ਗਹਿਣੇ ਕੀਹਦੇ,ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ,ਭਾਈ ਕੋ ਭਾਈ ਮਿਲ਼ੇ ਕਰ ਕਰ ਲੰਬੇ ਹਾਥ,ਅੰਨ੍ਹਾ ਕੀ ਭਾਲ਼ੇ ਦੋ ਅੱਖਾਂ ਆਦਿ।ਐਬਸਟਫੋਰਡ ਦੇ ਇੱਕ ਗਰੀਨ ਹਾਊਸ ਵਿੱਚ ਕੰਮ ਕਰਦੀਆਂ ਪੜ੍ਹੀਆਂ ਲਿਖੀਆਂ ਮਜ਼ਬੂਰ ਕੁੜੀਆਂ ਨੂੰ ਵੇਖ ਕੇ ਇਹਨਾਂ ਦੇ ਮਨ ਵਿੱਚ ਕਵਿਤਾ ਆਪ ਮੁਹਾਰੇ ਹੀ ਫੁੱਟਦੀ ਹੈ।ਜੋ ਇਹਨਾਂ ਦੇ ਲੇਖ ‘ਦਰਦਾਂ ਦੇ ਖੂਹ ਅਵੱਲੜੇ’ ਵਿੱਚ ਦਰਜ ਹੈ।ਨਮੂਨੇ ਲਈ ਪੇਸ਼ ਹਨ ਸਤਰਾਂ-

“ਇੱਕ ਸੁਪਨਾ ਜਿਹਦਾ ਰੰਗ ਸੰਧੂਰੀ,ਟੋਟੇ ਟੋਟੇ ਹੋਇਆ

ਗਰੀਨ ਹਾਊਸ ਦੇ ਸ਼ੀਸ਼ੇ ਦੇ ਵਿੱਚ ਧਾਹਾਂ ਮਾਰ ਕੇ ਰੋਇਆ

ਟੋਟੇ ਜੋੜਨ ਬਾਬਲਾ! ਵੇ ਤੇਰੇ ਚੰਬੇ ਦੀਆਂ ਚਿੜੀਆਂ

ਬੈਰੀ ਤੋੜਨ ਬਾਬਲਾ! ਵੇ ਤੇਰੇ ਚੰਬੇ ਦੀਆਂ ਚਿੜੀਆਂ!”

ਇਹਨਾਂ ਦੀ ਇਸ ਕਿਤਾਬ ਦੇ ਲੇਖਾਂ ਦੇ ਸਿਰਲੇਖ ਬੜੇ ਹੀ ਦਿਲ ਖਿੱਚਵੇਂ ਅਤੇ ਦਿਲ ਟੁੰਬਵੇਂ ਹਨ।

ਇਹਨਾਂ ਦੀ ਯਾਤਰਾ ਹੀ ਇਹਨਾਂ ਦੀ ਇਹ ਕਿਤਾਬ ਲਿਖਣ ਦਾ ਸਬੱਬ ਬਣਦੀ ਹੈ।ਇਹ ਆਪਣੇ ਪਹਿਲੇ ਲੇਖ ‘ਪਹਿਲੀ ਵਾਰ ਪੌਣਾਂ ਦੇ ਖੰਭਾਂ ਤੇ’ ਵਿੱਚ ਲਿਖਦੇ ਹਨ ਕਿ 2001 ਦਾ ਜੇਠ ਦਾ ਮਹੀਨਾ ਸੀ,ਭੱਠੀ ਵਾਂਗ ਭਖਦੀ ਦੁਪਹਿਰ…ਕਿ ਅਚਾਨਕ ਠੰਡੀ ਸੀਤ ਹਵਾ ਦਾ ਬੁੱਲਾ ਆਇਆ,ਇਹ ਬੁੱਲਾ ਬਰਫ਼ੀਲੇ ਮੁਲਕ ਕਨੇਡਾ ਤੋਂ ਉੱਥੇ ਹੋ ਰਹੀ ਡਾਕਟਰਾਂ ਦੀ ਕਾਨਫਰੰਸ ਲਈ ਸੱਦਾ ਪੱਤਰ ਸੀ।‘ਅੰਨ੍ਹਾ ਕੀ ਭਾਲ਼ੇ,ਦੋ ਅੱਖਾਂ…!’ ਮੈਥੋਂ ਤਾਂ ਇਹ ਚਾਅ ਨਾ ਚੁੱਕਿਆ ਨਾ ਜਾਵੇ! ਬੜੇ ਚਿਰਾਂ ਦੀ ਰੀਝ ਸੀ ਧਰਤੀ ਦਾ ਇਹ ਖਿੱਤਾ ਵੇਖਣ ਦੀ,ਚਲੋ ਹੁਣ ਇਹ ਬਹਾਨਾ ਬਣ ਗਿਆ।ਇੱਥੋਂ ਹੀ ਇਹਨਾਂ ਦਾ ਇਹ ਕਿਤਾਬ ‘ਪਰਦੇਸਾਂ ਵਿੱਚੋਂ ਚੁਗੇ ਹਰਫ਼’ ਲਿਖਣ ਦਾ ਸਫ਼ਰ ਸ਼ੁਰੂ ਹੁੰਦਾ ਹੈ।

ਇਹਨਾਂ ਦੀ ਇਸ ਕਿਤਾਬ ਦੇ ਵਿਸ਼ੇ ਵੀ ਵੰਨ-ਸਵੰਨੇ ਹਨ।ਕੁਝ ਵਿਸ਼ੇ ਅਜਿਹੇ ਹਨ ਜਿਹੜੇ ਸਾਨੂੰ ਸਤਰੰਗੀ ਪੀਂਘ ਤੇ ਬਿਠਾ  ਅਜਿਹਾ ਹੁਲਾਰਾ ਦਿੰਦੇ ਹਨ ਕਿ ਸਾਨੂੰ ਅਸਮਾਨ ਵਿੱਚ ਉੱਡਣ ਲਾ ਦਿੰਦੇ ਹਨ।ਜਿਵੇਂ ‘ਜਿੱਥੇ ਵਸੇ ਚਿੜੀਆਂ ਦਾ ਚੰਬਾ’ ਵਿੱਚ ਮਾਂ ਧੀ ਦਾ ਜਜ਼ਬਾਤੀ ਮੇਲ਼ ਸਾਡੇ ਮਨਾਂ ਵਿੱਚ ਖੁਸ਼ੀ ਦੀਆਂ ਅਜਿਹੀਆਂ ਤਰੰਗਾਂ ਛੇੜਦਾ ਹੈ ਕਿ ਅਸੀਂ ਭਾਵੁਕ ਹੋਏ ਬਗੈਰ ਰਹਿ ਹੀ ਨਹੀਂ ਸਕਦੇ॥ਆਪਣੇ ਇਸ ਲੇਖ ਦੇ ਅਖ਼ੀਰ ਵਿੱਚ ਇਹ ਲਿਖਦੇ ਹਨ-‘ਸੱਚਮੁੱਚ ਚੰਬੇ ਦੀਆਂ ਚਿੜੀਆਂ ਆਪਣੇ ਘਰ ਲੱਖ ਖੁਸ਼ੀ ਵਸਦੀਆਂ ਹੋਣ,ਪਰ ਮਾਂ ਬਾਬਲ ਦੀ ਯਾਦ ਉਨ੍ਹਾਂ ਦੀਆਂ ਆਦਰਾਂ ਵਿੱਚੋਂ ਹਮੇਸ਼ਾਂ ਰੁੱਗ ਭਰਦੀ ਰਹਿੰਦੀ ਹੈ’।

‘ਟਿੰਮ ਟਿੰਮ ਕਰਦੇ ਦੀਵੇ’ ਲੇਖ ਵਿੱਚ ਵੀ ਇਹਨਾਂ ਨੇ ਕਨੇਡਾ ਵਿੱਚ ਖਾਸ ਕਰ ਸਰੀ ਵਿੱਚ ਪੰਜਾਬੀ ਮਾਂ ਬੋਲੀ ਦੀ ਪ੍ਰਫੁਲਤਾ ਲਈ ਕਾਰਜਸ਼ੀਲ ਬਹੁਤ ਸਾਰੀਆਂ ਸਖਸ਼ੀਅਤਾਂ, ਸਾਹਿਿਤਕ ਸਭਾਵਾਂ,ਅਦਾਰਿਆਂ ਅਤੇ ਗਰੁੱਪਾਂ ਦਾ ਜਿਕਰ ਕੀਤਾ ਹੈ।ਜਿਸਨੂੰ ਪੜ੍ਹ ਕੇ ਅੰਤਾਂ ਦੀ ਪ੍ਰਸੰਨਤਾ ਹੁੰਦੀ ਹੈ।

ਇਸ ਕਿਤਾਬ ਵਿੱਚ ਕੁਝ ਵਿਸ਼ੇ ਅਜਿਹੇ ਹਨ ਜਿੰਨ੍ਹਾਂ ਨੂੰ ਪੜ੍ਹ ਕੇ ਕੋਈ ਵੀ ਅੱਖ ਰੋਏ ਬਗੈਰ ਰਹਿ ਨਹੀਂ ਸਕਦੀ।ਜਿਵੇਂ ਕਿ ਇਹਨਾਂ ਨੇ ਇੰਗਲੈਂਡ ਦੇ ਪ੍ਰਸਿੱਧ ਸ਼ਹਿਰ ਕਵੈਂਟਰੀ ਦੀ ਸੇਂਟ ਮਾਈਕਲ ਚਰਚ ਦੀ ਗੱਲ ਕੀਤੀ ਹੈ ਜਿਸਨੂੰ ‘ਕਵੈਂਟਰੀ ਕੈਥੀਡਰਲ’ ਕਹਿੰਦੇ ਹਨ ਜਿਸਨੂੰ ਦੂਜੀ ਵੱਡੀ ਜੰਗ ਵੇਲ਼ੇ ਬੰਬਾਂ ਨਾਲ਼ ਤਬਾਹ ਕਰ ਦਿੱਤਾ ਗਿਆ ਸੀ ਤੇ ਉਸਦਾ ਸੜਿਆ ਹੋਇਆਂ ਢਾਂਚਾ ਜਾਣੀ ਕੇ ਪੁਰਾਣੇ ਚਰਚ ਦੇ ਖੰਡਰਾਂ ਨੂੰ ਯਾਦਗਰ ਵਜੋਂ ਅਜੇ ਤੱਕ ਸੰਭਾਲ਼ਿਆ ਹੋਇਆ ਹੈ।11 ਸਤੰਬਰ 2001 ਵਰਲਡ ਟਰੇਡ ਸੈਂਟਰ ਤੇ ਹੋਏ ਹਮਲੇ ਦੀ ਘਟਨਾ ਅਧੁਨਿਕ ਇਤਿਹਾਸ ਦੀਆਂ ਸਭ ਤੋਂ ਦੁਖਦਾਈ ਅਤੇ ਦਿਲ ਦਹਿਲਾ ਦੇਣ ਵਾਲ਼ੀਆਂ ਘਟਨਾਵਾਂ ਵਿਚੋਂ ਇੱਕ ਹੈ।ਡਾ: ਗੁਰਮਿੰਦਰ ਸਿੱਧੂ ਨੇ ‘ਹੈਂਕੜਬਾਜ਼ ਚਿਹਰਿਆਂ ਉੱਤੇ ਤਰਦੀ ਦਹਿਸ਼ਤ’ ਸਿਰਲੇਖ ਅਧੀਨ ਉਸ ਸਮੇਂ ਵਰਲਡ ਟਰੇਡ ਸੈਂਟਰ ਤੇ ਹੋਏ ਹਮਲੇ ਨੂੰ ਟੀ ਵੀ ਦੀ ਸਕਰੀਨ ਉੱਪਰ ਚੱਲ ਰਹੇ ਸੀਨ ਨੂੰ ਹੂਬ ਹੂ ਚਿਤਰਿਆ ਹੈ।ਇਹ ਏਸੇ ਲੇਖ ਵਿੱਚ ਇੱਕ ਬੜਾ ਹੀ ਦਰਦ ਨਾਲ ਵਿੰਨਿਆਂ ਸੀਨ ਲਿਖਦੇ ਹਨ।‘ਅਮਰੀਕੀ ਜ਼ਹਿਰ ਨਾਲ਼ ਨੱਕੋ-ਨੱਕ ਭਰੇ ਪਏ ਸਨ,ਨਿਰਦੋਸ਼ ਨੈਣਾਂ ਵਿੱਚੋਂ ਵਗੇ ਪਾਣੀ-ਰੰਗੇ ਹੰਝੂ ਖ਼ੂਨ ਦੇ ਹੰਝੂਆਂ ਵਿੱਚ ਵਟ ਰਹੇ ਸਨ,ਵਾਰ-ਵਾਰ ਦਿਖਾਈਆਂ ਜਾ ਰਹੀਆਂ ਝਲਕੀਆਂ ਬਲ਼ਦੀ ਉੱਤੇ ਤੇਲ ਬਣ-ਬਣ ਡੁੱਲ ਰਹੀਆਂ ਸਨ।ਤੀਜੀ ਵਿਸ਼ਵ ਜੰਗ ਬਰੂਹਾਂ ਉੱਤੇ ਆ ਗਈ ਲੱਗਦੀ ਸੀ।’

“ਆਪਾਂ ਵਾਪਿਸ ਘਰ ਚੱਲੀਏ!” ਬਲਦੇਵ ਨੇ ਮੇਰੇ ਦਿਲ ਦੀ ਗੱਲ ਕਹਿ ਦਿੱਤੀ।

“ਪਾਗਲ ਹੋ ਗਏ ਓ?ਦੇਖੋ ਤਾਂ ਕਿਵੇਂ ਅੱਗ ਵਰ੍ਹ ਰਹੀ ਐ?ਟਿਕ ਕੇ ਬਹਿ ਜਾਓ!”

ਸੁਭਾਵਿਕ ਹੀ ਹੈ ਜਦੋਂ ਬੰਦਾ ਘਰ ਤੋਂ ਬਾਹਰ ਦੂਰ ਕਿਤੇ ਗਿਆ ਹੋਵੇ ਤੇ ਸਿਰ ਤੇ ਅਜਿਹਾ ਖਤਰਾ ਮੰਡਰਾ ਰਿਹਾ ਹੋਵੇ ਤਾਂ ਮਨੁੱਖ ਸਭ ਤੋਂ ਪਹਿਲਾਂ ਆਪਣੇ ਘਰ ਵੱਲ ਹੀ ਭੱਜੇਗਾ। 9-11 ਵੇਲ਼ੇ ਇਹ ਆਪਣੀ ਦੋਸਤ ਭੁਪਿੰਦਰ ਕੋਲ਼ ਫਲੋਰਿਡਾ ਗਏ ਹੋਏ ਸਨ।ਇਹਨਾਂ ਦੀ ਦੋਸਤ ਦਾ ਇਹ ਪਲੈਨ ਸੀ ਕਿ ਇਹਨਾਂ ਨੂੰ ਨਿਊ ਯੋਰਕ ਵਿਖੇ ਵਰਲਡ ਟਰੇਡ ਸੈਂਟਰ ਵੀ ਵਿਖਾਇਆ ਜਾਵੇ।ਜਦ ਨੂੰ ਹੀ ਇਹ ਅਣਹੋਣੀ ਘਟਨਾ ਵਾਪਰ ਜਾਂਦੀ ਹੈ।

ਇਸ ਤਰ੍ਹਾਂ ਪੀੜਾਂ ਵਿੰਨ੍ਹੀਆਂ ਕਿੰਨ੍ਹੀਆਂ ਹੀ ਔਰਤਾਂ ਦੀ ਗਾਥਾ ਇਹਨਾਂ ਨੇ ਆਪਣੇ ਕੁਝ ਲੇਖਾਂ ਵਿੱਚ ਸਾਡੇ ਨਾਲ਼ ਸਾਂਝੀ ਕੀਤੀ ਹੈ।‘ਗੁਲਾਬ ਤੇ ਤੇਜ਼ਾਬ ਦੇ ਛਿੱਟੇ’ ਲੇਖ ਵਿੱਚ ਇੱਕ ਗੋਰੀ ਔਰਤ ਦੀ ਦਰਦਨਾਇਕ ਕਹਾਣੀ ਬਿਆਨ ਕੀਤੀ ਹੈ।ਜਿਸ ਨਾਲ਼ ਇੱਕ ਪੰਜਾਬੀ ਮੁੰਡੇ ਨੇ ਕਈ ਸਾਲ ਪਹਿਲਾਂ ਬੁਰੀ ਤਰ੍ਹਾਂ ਧੋਖਾ ਕੀਤਾ ਹੁੰਦਾ ਹੈ।ਪਹਿਲਾਂ ਤਾਂ ਉਹ ਆਪ ਉਸ ਨਾਲ਼ ਵਿਆਹ ਕਰਵਾ ਕੇ ਪੱਕਾ ਹੁੰਦਾ ਹੈ।ਗੋਰੀ ਨਾਲ਼ ਉਸਦੇ ਇੱਕ ਬੱਚਾ ਵੀ ਹੁੰਦਾ ਹੈ, ਫਿਰ ਉਸ ਨਾਲ਼ ਤਲਾਕ ਲੈ ਕੇ ਉਸਦੇ ਰਾਹੀਂ ਆਪਣੇ ਹੋਰ ਰਿਸ਼ਤੇਦਾਰਾਂ ਨੂੰ ਪੱਕੇ ਕਰਵਾਉਂਦਾ ਹੈ।ਉਹ ਵਿਚਾਰੀ ਔਰਤ ਅਖ਼ੀਰ ਤੇ ਪਾਗਲ ਹੋ ਜਾਂਦੀ ਹੈ ਤੇ ਬੱਘੀ ਵਿੱਚ ਖਿਡਾਉਣਿਆਂ ਨੂੰ ਪਾ ਕੇ ਉੱਤੋਂ ਢਕ ਕੇ ਸੜਕਾਂ ਤੇ ਤੁਰੀ ਫਿਰਦੀ ਹੁੰਦੀ ਹੈ।ਉਹ ਇਸੇ ਭਰਮ ਵਿੱਚ ਰਹਿੰਦੀ ਹੈ ਕਿ ਉਸ ਦਾ ਪਤੀ ਤੇ ਬੱਚਾ ਉਸ ਨਾਲ਼ ਅਜੇ ਵੀ ਰਹਿੰਦਾ ਹੈ।ਇਸ ਲੇਖ ਵਿੱਚ ਇਹ ਲਿਖਦੇ ਹਨ ਕਿ ਉਹਦੇ ਦਿਮਾਗ ਨੇ ਪਤੀ ਤੇ ਬੱਚੇ ਦਾ ਜਾਣਾ ਕਬੂਲ ਹੀ ਨਹੀਂ ਕੀਤਾ,ਉਹ ਉੱਥੇ ਹੀ ਖੜ੍ਹੀ ਹੈ ਜਿੱਥੇ ਉਸਦੇ ਜਾਣ ਵੇਲ਼ੇ ਖੜ੍ਹੀ ਸੀ।

‘ਦਰਦਾਂ ਦੇ ਖੂਹ ਅਵੱਲੜੇ’ ਵਿੱਚ ਵੀ ਇਹਨਾਂ ਨੇ ਦੁਖਿਆਰੀਆਂ ਧੀਆਂ ਦੀ ਵੇਦਨਾਂ ਉਹਨਾਂ ਦੇ ਮੂੰਹੋਂ ਸੁਣਾਈ ਹੈ।ਧੀਆਂ ਪਰਿਵਾਰ ਦੀ ਸ਼ਾਨ,ਮਮਤਾ ਦਾ ਰੂਪ ਅਤੇ ਸਮਾਜ ਦੀ ਅਨਮੋਲ ਧਰੋਹਰ ਹੁੰਦੀਆਂ ਹਨ।ਕਈ ਵਾਰੀ ਉਹਨਾਂ ਨੂੰ ਅਜਿਹੇ ਦੁੱਖ ਅਤੇ ਅਨਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਉਹਨਾਂ ਦੀ ਜ਼ਿੰਦਗੀ ਨੂੰ ਕਠਿਨ ਬਣਾ ਦਿੰਦਾ ਹੈ।ਇਹਨਾਂ ਦੇ ਕਈ ਲੇਖਾਂ ਵਿੱਚ ਵਿਆਹ ਤੋਂ ਬਾਅਦ ਮਾਨਸਿਕ ਤਣਾਅ,ਘਰੇਲੂ ਹਿੰਸਾ ਅਤੇ ਸਮਾਜਿਕ ਦਬਾਅ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਦੀਆਂ ਧੀਆਂ ਦਾ ਦੁੱਖ ਹੈ ਜੋ ਪੜ੍ਹਨ ਵਾਲ਼ੇ ਦੇ ਲੂੰ ਕੰਢੇ ਖੜ੍ਹੇ ਕਰਦਾ ਹੈ।ਦੁਖੀ ਧੀਆਂ ਦੀ ਵੇਦਨਾ ਸਿਰਫ ਉਹਨਾਂ ਦੀ ਆਪਣੀ ਵੇਦਨਾਂ ਨਹੀਂ ਹੁੰਦੀ ਸਗੋਂ ਪੂਰੇ ਸਮਾਜ ਲਈ ਚਿੰਤਾ ਦਾ ਵਿਸ਼ਾ ਹੁੰਦੀ ਹੈ।

‘ਉਨ੍ਹਾਬੀ ਪੱਗ ਵਾਲ਼ੇ ਦੀ ਤਲਾਸ਼’ ਲੇਖ ਵੀ ਲੇਖਿਕਾ ਨੇ 2018 ਦੀ ਕਨੇਡਾ ਯਾਤਰਾ ਸਮੇਂ ਹੀਥਰੋ ਹਵਾਈ ਅੱਡੇ ਦਾ ਅਨੁਭਵ ਸਾਡੇ ਨਾਲ਼ ਸਾਂਝਾ ਕੀਤਾ ਹੈ।ਜਿੱਥੇ ਇਹਨਾਂ ਦੇ ਹਮਸਫ਼ਰ ਡਾ ਬਲਦੇਵ ਸਿੰਘ ਖਹਿਰਾ ਗੁਆਚ ਜਾਂਦੇ ਹਨ।ਇਹਨਾਂ ਨੇ ਇਸ ਲੇਖ ਦੇ ਅਖ਼ੀਰ ਤੇ ਸਾਡੇ ਲਈ ਇੱਕ ਬਹੁਤ ਵਧੀਆ ਸਬਕ ਛੱਡਿਆ ਹੈ ਜੋ ਸਾਨੂੰ ਹਰ ਇੱਕ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨਾ ਚਾਹੀਦਾ ਹੈ।

‘ਪ੍ਰਦੇਸੀਂ ਮਰਦੀਆਂ ਅਣਜੰਮੀਆਂ ਧੀਆਂ’ ਲੇਖ ਵਿੱਚ ਲੇਖਿਕਾ ਭਰੂਣ ਹੱਤਿਆ ਦੀ ਗੱਲ ਕਰਦੀ ਹੈ।ਭਰੂਣ ਹੱਤਿਆ ਇੱਕ ਸਮਾਜਿਕ ਬੀਮਾਰੀ ਹੈ।ਇਸ ਬੀਮਾਰੀ ਉੱਤੇ ਇਹ ਦੋ ਢਾਈ ਦਹਾਕਿਆਂ ਤੋਂ ਕਵਿਤਾਵਾਂ,ਕਹਾਣੀਆਂ ਲਿਖਦੇ ਆ ਰਹੇ ਹਨ।‘ਨਾ ਮੰਮੀ ਨਾ’ ਇਹਨਾਂ ਦੀ ਬਹੁਤ ਹੀ ਪ੍ਰਸਿੱਧ ਕਿਤਾਬ ਹੈ।ਜਿਸ ਦੇ ਕਈ ਐਡੀਸ਼ਨ ਛਪ ਚੁੱਕੇ ਹਨ।ਜਿਹੜੀ ਅੱਜ ਤੋਂ ਦੋ ਢਾਈ ਦਹਾਕੇ ਪਹਿਲਾਂ ਲਿਖੀ ਗਈ ਸੀ।ਇਸ ਵਿੱਚ ਲੇਖਿਕਾ ਨੇ ਮਾਂ ਦੀ ਕੁੱਖ ਵਿੱਚ ਪਲ਼ ਰਹੀ ਧੀ ਦੀ ਵਿਿਥਆ ਲਿਖੀ ਹੈ ਜਿਸ ਨੂੰ ਮਾਰਨ ਦੀਆਂ ਸਕੀਮਾ ਘੜੀਆਂ ਜਾ ਰਹੀਆਂ ਸਨ।ਜਦੋਂ ਇਹ ਅਣਜੰਮੀ ਬੱਚੀ ਦੀ ਵਿਿਥਆ ਛਪੀ ਤਾਂ ਭਾਵੁਕ ਹੋਏ ਲੋਕਾਂ ਦੀਆਂ,ਮਾਪਿਆਂ ਦੀਆਂ ਡਾਕਟਰ ਗੁਰਮਿੰਦਰ ਨੂੰ ਬਹੁਤ ਹੀ ਚਿੱਠੀਆਂ ਆਈਆਂ।ਇਹ ਚਿੱਠੀਆਂ ਇਹਨਾਂ ਨੇ ‘ਨਾ ਮੰਮੀ ਨਾ ਕਿਤਾਬ’ ਵਿੱਚ ਛਾਪੀਆਂ ਹਨ ਅਤੇ ਉਹਨਾਂ ਚਿੱਠੀਆਂ ਨੂੰ ਵੇਖ ਕੇ ਨਾਲ਼ ਹੀ ਇਹਨਾਂ ਨੇ ਲਿਿਖਆ ਹੈ।‘ਇਹ ਸਾਰੇ ਖ਼ਤ ਮੇਰੇ ਰਹਿਨੁਮਾ ਨੇ,ਮੇਰੇ ਹਰਫ਼ਾਂ ਨੂੰ ਦੀਵੇ ਕਹਿ ਕੇ ਮੇਰੇ ਸਿਰ ‘ਤੇ ਫਰਜ਼ਾਂ ਦੀ ‘ਜਾਗੋ’ ਧਰ ਰਹੇ।ਮੈਂ ਇਹ ‘ਜਾਗੋ’ ਚੁੱਕ ਕੇ ਪਿੰਡ ਵਿੱਚ ਗੇੜਾ ਦੇਣਾ ਹੈ।’

 ਮੈਨੂੰ ਇਹਨਾਂ ਦਾ ਇਹ ਲੇਖ ‘ਪ੍ਰਦੇਸੀਂ ਮਰਦੀਆਂ ਅਣਜੰਮੀਆਂ ਧੀਆਂ’ ਪੜ੍ਹ ਕੇ ਇਹ ਮਹਿਸੂਸ ਹੋਇਆ ਕਿ ਡਾ ਗੁਰਮਿੰਦਰ ਸਿੱਧੂ ਅਜੇ ਤੱਕ ਇਹ ਜਾਗੋ ਚੁੱਕ ਕੇ ਦੇਸ਼ ਕੀ ਪ੍ਰਦੇਸਾਂ ਵਿੱਚ ਵੀ ਇਹ ਗੇੜਾ ਦੇ ਰਹੇ ਹਨ।ਕਿਉਂਕਿ ਇਹ ਜਦ ਵੀ ਕਿਸੇ ਰੇਡੀਓ ਜਾਂ ਟੀ ਵੀ ਸਟੇਸ਼ਨ ਤੇ ਜਾਂਦੇ ਹਨ ਉੱਥੇ ਇਹਨਾਂ ਕੋਲ਼ੋਂ ਏਸੇ ਵਿਸ਼ੇ ਤੇ ਹੀ ਜ਼ਿਆਦਾ ਸੁਆਲ ਜੁਆਬ ਪੁੱਛੇ ਜਾਂਦੇ ਹਨ ਅਤੇ ਲੋਕਾਂ ਦੀਆਂ ਫੋਨ ਕਾਲਾਂ ਵੀ ਇਸੇ ਵਿਸ਼ੇ ਤੇ ਵਧੇਰੇ ਆਉਂਦੀਆਂ ਹਨ।

‘ਕਨੇਡਾ ਤੱਕਿਆ ਲਹੌਰ’,‘ਸੁੱਚਿਆਂ ਮੋਤੀਆਂ ਵਰਗੇ ਲੋਕ’ ਅਤੇ ‘ਮਹੁੱਬਤੀ ਸਾਂਝਾ ਦੇ ਪਤਾਸੇ’ ਇਹ ਲੇਖ ਪਿਆਰ,ਵਿਸ਼ਵਾਸ ਅਤੇ ਆਪਣੇਪਣ ਨਾਲ਼ ਜੁੜੇ ਰਿਸ਼ਤਿਆਂ ਨਾਲ਼ ਸਾਡਾ ਰੁਬਰੂ ਕਰਵਾਉਂਦੇ ਹਨ।ਇਹ ਦੋ ਲੋਕਾਂ ਦੇ ਦਿਲਾਂ ਦੀ ਉਹ ਨਜ਼ਦੀਕੀ ਹੈ ਜਿਸ ਵਿੱਚ ਸਤਿਕਾਰ,ਸਮਝ ਅਤੇ ਸਾਥ ਦੀ ਭਾਵਨਾ ਜੁੜੀ ਹੋਈ ਦ੍ਰਿਸ਼ਟੀਗੋਚਰ ਹੁੰਦੀ ਹੈ।

‘ਕਾਲ਼ੇ ਬੱਦਲ਼ ਸੁਨਹਿਰੀ ਕਿੰਗਰੇ’ ਲੇਖ ਦੇ ਸ਼ੁਰੂ ਵਿੱਚ ਲੇਖਿਕਾ ਦੱਸਦੀ ਹੈ ਕਿ ਮਾਂ ਬੋਲੀ ਦਾ ਵਜੂਦ ਕਿਤੇ ਮਿਟ ਨਾ ਜਾਵੇ-ਇਹ ਚਿੰਤਾ ਹਰ ਪੰਜਾਬੀ ਦੇ ਦਿਲ ਵਿੱਚ ਹੈ।ਪਰ ਕੁਝ ਸੁਹਣੀਆਂ ਅਤੇ ਹੌਂਸਲਾ ਦੇਣ ਵਾਲ਼ੀਆਂ ਘਟਨਾਵਾਂ ਜੋ ਏਅਰਪੋਰਟ ਤੇ ਇਹਨਾਂ ਨਾਲ਼ ਵਾਪਰਦੀਆਂ ਹਨ ਉਹ ਇਹ ਯਕੀਨ ਦਿਵਾਉਂਦੀਆਂ ਹਨ ਕਿ ਜਦ ਤੱਕ ਆਪਣੀ ਭਾਸ਼ਾ ਨਾਲ ਪਿਆਰ ਕਰਨ ਵਾਲ਼ੇ ਲੋਕ ਮੌਜੂਦ ਹਨ,ਮਾਂ ਬੋਲੀ ਦੀ ਰੌਣਕ ਕਦੇ ਫਿੱਕੀ ਨਹੀਂ ਪਵੇਗੀ।

ਅਖ਼ੀਰ ਤੇ ਮੈਂ ਡਾ ਗੁਰਮਿੰਦਰ ਸਿੱਧੂ ਨੂੰ ਉਹਨਾਂ ਦੀ ਇਸ ਪੁਸਤਕ ਮਹੱਤਵਪੂਰਨ ਪੁਸਤਕ ਲਈ ਬਹੁਤ ਬਹੁਤ ਮੁਬਾਰਕਵਾਦ ਕਹਿੰਦੀ ਹਾਂ।ਮੈਂ ਵੱਧ ਤੋਂ ਵੱਧ ਲੋਕਾਂ ਨੂੰ ਇਸ ਪੁਸਤਕ ਨੂੰ ਪੜ੍ਹਨ ਲਈ ਅਪੀਲ ਕਰਦੀ ਹਾਂ ਅਤੇ ਇਹ ਵੀ ਯਕੀਨ ਦਿਵਾਉਂਦੀ ਹਾਂ ਕਿ ਇਸ ਪੁਸਤਕ ਨੂੰ ਪੜ੍ਹਨ ਨਾਲ਼ ਉਹਨਾਂ ਦੇ ਮਨੋਰੰਜਨ ਦੇ ਨਾਲ਼ ਨਾਲ਼ ਗਿਆਨ ਵਿੱਚ ਵੀ ਵਾਧਾ ਹੋਵੇਗਾ।

Leave a Reply

Your email address will not be published. Required fields are marked *