ਜਸਵੀਰ ਸਿੰਘ ਭਲੂਰੀਆ–
ਅੱਜਕਲ੍ਹ ਮਾ: ਬਿੱਕਰ ਸਿੰਘ ਹਾਂਗਕਾਂਗ ਜੀ ਦੀ ਪੰਜਾਬੀ ਲਿਪੀ ਬਾਰੇ ਖੋਜ ਦੀਆਂ ਵੀਡੀਓਜ਼ ਯੂਟਿਊਬ ਚੈਨਲਾਂ ਤੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਪੰਜਾਬੀ ਪਿਆਰੇ ਉਨ੍ਹਾਂ ਦੀਆਂ ਵੀਡੀਓਜ਼ ਨੂੰ ਦੇਖ ਕੇ ਹੈਰਾਨ ਅਤੇ ਖੁਸ਼ ਹੋ ਰਹੇ ਹਨ। ਉਨ੍ਹਾਂ ਦੀ ਖੋਜ ਸਾਬਤ ਕਰਦੀ ਹੈ ਕਿ ਪੰਜਾਬੀ ਲਿਪੀ ਭਾਰਤ ਦੀਆਂ ਸਾਰੀਆਂ ਲਿਪੀਆਂ ਤੋਂ ਪੁਰਾਣੀ (ਲਗਭਗ 2700ਸਾਲ) ਹੈ। ਪੰਜਾਬੀ ਵਿਦਵਾਨ ਇਹ ਤਾਂ ਮੰਨਦੇ ਸਨ ਕਿ ਪੰਜਾਬੀ ਲਿਪੀ ਦੁਨੀਆਂ ਦੀਆਂ ਸਾਰੀਆਂ ਲਿਪੀਆਂ ਤੋਂ ਅਮੀਰ ਹੈ ਪਰ ਏਨੀ ਪੁਰਾਤਨ ਹੋਣ ਬਾਰੇ ਕਦੇ ਕਿਸੇ ਨੇ ਜਿਕਰ ਨਹੀਂ ਕੀਤਾ ਸੀ। ਮਾ: ਬਿੱਕਰ ਸਿੰਘ ਹਾਂਗਕਾਂਗ ਪਿਛਲੇ 20 ਸਾਲ ਤੋਂ ਇਸ ਖੋਜ ਕਾਰਜ ਉੱਤੇ ਨਿਰਸੁਆਰਥ ਕੰਮ ਕਰ ਰਹੇ ਹਨ।
ਮਾ: ਬਿੱਕਰ ਸਿੰਘ 1968 ਵਿੱਚ ਰੋਜ਼ਗਾਰ ਦੀ ਭਾਲ ਵਿੱਚ ਹਾਂਗਕਾਂਗ ਚਲੇ ਗਏ। ਉੱਥੇ ਜਾ ਕੇ ਉਨ੍ਹਾਂ ਆਮ ਪੰਜਾਬੀਆਂ ਵਾਂਗ ਕਈ ਤਰ੍ਹਾਂ ਦੇ ਕੰਮ ਕੀਤੇ। ਹੋਰ ਕੰਮਾਂ ਦੇ ਨਾਲ ਨਾਲ ਉਨ੍ਹਾਂ ਨੇ ਪਾਰਟ-ਟਾਈਮ ਟਿਊਸ਼ਨ ਪੜਾਉਣੀ ਸ਼ੁਰੂ ਕਰ ਦਿੱਤੀ। ਟਿਊਸ਼ਨ ਪੜ੍ਹਨ ਲਈ ਉਨ੍ਹਾਂ ਕੋਲ ਪੰਜਾਬੀ ਬੱਚਿਆਂ ਤੋਂ ਇਲਾਵਾ ਹੋਰ ਕੌਮਾਂ ਦੇ ਬੱਚੇ ਵੀ ਆਉਣ ਲੱਗੇ। ਟਿਊਸ਼ਨ ਪੜ੍ਹਾਉਣ ਸਮੇਂ ਜਦੋਂ ਉਨ੍ਹਾਂ ਦਾ ਵਾਹ ਗੁਰਮੁਖੀ-ਅੰਕਾਂ ਨਾਲ ਪਿਆ ਤਾਂ ਉਨ੍ਹਾਂ ਨੇ ਸੋਚਿਆ ਕਿ ਇਹ ਅੰਕ ਤਾਂ ਗੁਰਮੁਖੀ ਦੇ ਹਨ, ਇਨ੍ਹਾਂ ਅੰਕਾਂ ਨੂੰ ਅਰਬਿਕ ਅੰਕ ਕਿਉਂ ਕਿਹਾ ਜਾਂਦਾ ਹੈ ? ਜਦੋਂ ਉਨ੍ਹਾਂ ਨੇ ਖੋਜ-ਪੜਤਾਲ ਕੀਤੀ ਤਾਂ ਉਨ੍ਹਾਂ ਪਾਇਆ ਕਿ ਇਹ ਅੰਕ ਤਾਂ ਗੁਰਮੁਖੀ ਦੇ ਅੱਖਰਾਂ ਤੋਂ ਪੈਦਾ ਹੋਏ ਹਨ। ਇਨ੍ਹਾਂ ਦੀ ਸ਼ਕਲ ਵੀ ਉਹੀ ਹੈ ਅਤੇ ਧੁਨੀ ਉਹੀ ਹੈ। ਬੱਸ ਏਥੋਂ ਹੀ ਉਨ੍ਹਾਂ ਨੂੰ ਪੰਜਾਬੀ ਬੋਲੀ ਦਾ ਖੁਰਾ-ਖੋਜ ਲੱਭਣ ਦੀ ਚੇਟਕ ਲੱਗ ਗਈ। ਫਿਰ ਉਨ੍ਹਾਂ ਨੇ ਦੇਸ਼-ਵਿਦੇਸ਼ ਦੇ ਲਿਪੀ ਮਾਹਿਰਾਂ ਦੀਆਂ ਖੋਜ ਦੀਆਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ। ਜਿਵੇਂ ਜਿਵੇਂ ਉਹ ਕਿਤਾਬਾਂ ਪੜ੍ਹਦੇ ਗਏ ਉਹ ਹੈਰਾਨ ਵੀ ਹੁੰਦੇ ਗਏ ਅਤੇ ਉਤਸ਼ਾਹਿਤ ਵੀ ਹੁੰਦੇ ਗਏ। ਕਿਉਂਕਿ ਕਿ ਜੋ ਤੱਥ ਉੁਨ੍ਹਾਂ ਨੂੰ ਮਿਲੇ ਉਹ ਹੈਰਾਨ ਕਰਨ ਵਾਲੇ ਸਨ ਅਤੇ ਉਹ ਉਨ੍ਹਾਂ ਦੀ ਮਾਂ ਬੋਲੀ ਪੰਜਾਬੀ ਨਾਲ ਸਬੰਧਿਤ ਸਨ। ਖੋਜ ਕਰਦੇ-ਕਰਦੇ ਉਹ ਅੱਗੇ ਵਧੇ ਤਾਂ ਸਿੱਟਾ ਇਹ ਨਿਕਲਿਆ ਕਿ ਇਹ ਅੰਕ (੧-੨-੩-੪-੫……) ਤਾਂ ਪੰਜਾਬੀ ਦੇ ਅੱਖਰਾਂ ਤੋਂ ਪੈਦਾ ਹੋਏ ਹਨ। ਇਸ ਦਾ ਮਤਲਬ ਇਹ ਹੋਇਆ ਕਿ ਅੰਕ (ਹਿਸਾਬ-math) ਦੁਨੀਆਂ ਨੂੰ ਪੰਜਾਬ ਨੇ ਦਿੱਤੇ ਹਨ। ਜੇ ਅੰਕ ਪੰਜਾਬੀ ਵਰਣਮਾਲਾ ਵਿੱਚੋਂ ਪੈਦਾ ਹੋਏ ਨੇ ਤਾਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੰਜਾਬੀ ਲਿਪੀ ਕਿੰਨੀ ਪੁਰਾਣੀ ਹੋਵੇਗੀ? ਮਾ: ਬਿੱਕਰ ਸਿੰਘ ਹਾਂਗਕਾਂਗ ਦਾ ਮੰਨਣਾ ਹੈ ਗੁਰਮੁਖੀ ਲਿਪੀ ਦੇ ਅੱਧੇ ਅੱਖਰ ਫਿਰੋਸ਼ੀਅਨ ਲਿਪੀ ਵਿਚੋਂ ਆਏ ਹਨ ਅਤੇ ਅੱਧੇ ਅੱਖਰ ਪੰਜਾਬ ਵਿੱਚ ਹੀ ਪੈਦਾ ਹੋਏ ਹਨ। ਮਾ: ਜੀ ਭਾਰਤ ਦੀਆਂ ਸਾਰੀਆਂ ਲਿਪੀਆਂ ਅਤੇ ਬਹੁਤ ਸਾਰੀਆਂ ਵਿਦੇਸ਼ੀ ਲਿਪੀਆਂ ਪੜਨ ਦੀ ਮੁਹਾਰਤ ਰੱਖਦੇ ਹਨ।
ਸ਼ੁਰੂ ਵਿੱਚ ਪੰਜਾਬੀ ਲਿਪੀ ਅਤੇ ਅੰਕਾਂ ਬਾਰੇ ਉਨ੍ਹਾਂ ਦੇ ਕੁੱਝ ਲੇਖ ਅਖ਼ਬਾਰਾਂ ਵਿੱਚ ਛਪੇ ਤਾਂ ਪਾਠਕਾਂ/ਵਿਦਵਾਨਾਂ ਦੇ ਫੋਨਾਂ ਨੇ ਉਨ੍ਹਾਂ ਨੂੰ ਕਾਫੀ ਉਤਸ਼ਾਹਿਤ ਕੀਤਾ। ਫਿਰ ਪਿੰਡ ਦੇ ਹੀ ਇੱਕ ਨੌਜਵਾਨ ਨੇ ਉਨ੍ਹਾਂ ਦੀਆਂ ਵੀਡੀਓਜ਼ ਬਣਾ ਕੇ ਆਪਣੇ ਚੈਨਲ (ਮਾਝੇ ਵਾਲਾ ਭਾਊ) ਤੇ ਪਾਈਆਂ ਤਾਂ ਦੀ ਖੋਜ ਦੀ ਚਰਚਾ ਵਿਦੇਸ਼ਾਂ ਵਿੱਚ ਵੀ ਹੋਣ ਲੱਗੀ। ਹੁਣ ਹੋਰ ਵੀ ਚੈਨਲਾਂ ਵਾਲੇ ਉਨ੍ਹਾਂ ਦੀਆਂ ਪੰਜਾਬੀ ਲਿਪੀ ਬਾਰੇ ਵੀਡੀਓਜ਼ ਬਣਾ ਕੇ ਆਪਣੇ ਚੈਨਲਾਂ ਤੇ ਚਲਾ ਰਹੇ ਹਨ। ਇਸ ਸਮੇਂ ਉਨ੍ਹਾਂ ਦੀ ਉਮਰ 76 ਸਾਲ ਦੀ ਹੋ ਚੁੱਕੀ ਹੈ। ਉਮਰ ਵਡੇਰੀ ਹੋਣ ਕਰਕੇ ਉਹ ਚਹੁੰਦੇ ਹਨ ਕਿ ਕੋਈ ਨੌਜਵਾਨ ਇਸ ਖੋਜ ਕਾਰਜ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਅੱਗੇ ਵਧਾਵੇ ਤਾਂ ਕਿ ਇਹ ਹੈਰਾਨੀਜਨਕ ਤੱਥ ਦੁਨੀਆਂ ਭਰ ਦੇ ਲਿਪੀ ਮਾਹਿਰਾਂ ਤੱਕ ਪਹੁੰਚਣ ਅਤੇ ਅਸੀਂ ਪੰਜਾਬੀ ਆਪਣੀ ਬੋਲੀ ਤੇ ਮਾਣ ਕਰ ਸਕੀਏ। ਜਿਕਰਯੋਗ ਹੈ ਕਿ PHD ਕਰ ਚੁੱਕੇ ਬਠਿੰਡਾ ਦੇ ਨੌਜਵਾਨ ਜੱਜ ਸਿੰਘ ਨੇ ਉਨਾਂ ਤੋਂ ਸਹਿਯੋਗ ਲਿਆ ਹੈ ਅਤੇ ਹੋਰ ਨੌਜਵਾਨ ਵੀ ਉਨਾਂ ਤੋਂ ਸਲਾਹ ਲੈ ਰਹੇ ਹਨ।
ਏਥ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਮਾ: ਬਿੱਕਰ ਸਿੰਘ ਹਾਂਗਕਾਂਗ ਉੱਚੀ ਸੋਚ ਵਾਲੇ ਅਤੇ ਸਮਾਜਸੇਵੀ ਵੀ ਹਨ ਜੋ ਅੱਜਕੱਲ੍ਹ ਮੋਗੇ ਜ਼ਿਲ੍ਹੇ ਦੇ ਵੱਡੇ ਪਿੰਡ ਭਲੂਰ ਵਿੱਚ ਰਹਿ ਰਹੇ ਹਨ। ਉਨ੍ਹਾਂ ਦਾ ਪਰਿਵਾਰ ਭਾਵੇਂ ਕੈਨੇਡਾ ਵਿੱਚ ਸੈੱਟ ਹੈ ਪਰ ਉਨ੍ਹਾਂ ਨੂੰ ਆਪਣੀ ਜਨਮ ਭੂਮੀ ਅਤੇ ਆਪਣੀ ਮਾਂ ਬੋਲੀ ਨਾਲ ਅੰਤਾਂ ਦਾ ਮੋਹ ਹੋਣ ਕਰਕੇ ਉਹ ਆਪਣੇ ਜੱਦੀ ਪਿੰਡ ਵਿੱਚ ਹੀ ਰਹਿਣਾ ਪਸੰਦ ਕਰਦੇ ਹਨ।
ਜਸਵੀਰ ਸਿੰਘ ਭਲੂਰੀਆ
ਸਰੀ(ਬੀ.ਸੀ.) ਕੈਨੇਡਾ
+1-236-622-7799

