Oct 22, 2026

ਕਾਠਮੰਡੂ-ਨੇਪਾਲ ਦੇ ਰਸੂਵਾ ਜ਼ਿਲ੍ਹੇ ਵਿੱਚ 26 ਅਗਸਤ ਨੂੰ ਭੋਟੇਕੋਸ਼ੀ ਨਦੀ ਵਿੱਚ ਆਏ ਭਿਆਨਕ ਹੜ੍ਹ ਤੋਂ ਬਾਅਦ ਤਬਾਹੀ ਦਾ ਮੰਜ਼ਰ ਬਰਕਰਾਰ ਹੈ। ਨੇਪਾਲ ਪੁਲੀਸ ਅਨੁਸਾਰ ਹੁਣ ਤੱਕ 616 ਮ੍ਰਿਤਕ ਦੇਹਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਜਦੋਂ ਕਿ 2,301 ਲੋਕਾਂ ਨੂੰ ਜ਼ਖ਼ਮੀ ਹਾਲਤ ਵਿੱਚ ਰੈਸਕਿਊ ਕਰਕੇ ਬਚਾਇਆ ਗਿਆ ਹੈ। ਸਭ ਤੋਂ ਵੱਧ 233 ਮੌਤਾਂ ਚਿਤਵਨ ਜ਼ਿਲ੍ਹੇ ਵਿੱਚ ਹੋਈਆਂ ਹਨ। ਇਸ ਤੋਂ ਇਲਾਵਾ ਨਵਲਪਰਾਸੀ (ਪੂਰਬ) ਵਿੱਚ 158, ਗੋਰਖਾ ਵਿੱਚ 48, ਨਵਲਪਰਾਸੀ (ਪੱਛਮ) ਵਿੱਚ 47, ਧਾਦਿੰਗ ਵਿੱਚ 45, ਨੁਵਾਕੋਟ ਵਿੱਚ 41, ਤਨਹੂੰ ਵਿੱਚ 31 ਅਤੇ ਰਸੂਵਾ ਵਿੱਚ 13 ਲੋਕਾਂ ਦੀ ਜਾਨ ਗਈ ਹੈ।

ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚੋਂ ਪੁਲੀਸ ਨੇ ਨੁਵਾਕੋਟ ਤੋਂ 1,422, ਰਸੂਵਾ ਤੋਂ 676 ਅਤੇ ਧਾਦਿੰਗ ਤੋਂ 3 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਹੈ। ਰਾਹਤ ਅਤੇ ਬਚਾਅ ਕਾਰਜਾਂ ਲਈ ਕੁੱਲ 4,811 ਪੁਲੀਸ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਹਾਲਾਂਕਿ, ਦੇਸ਼ ਭਰ ਦੇ ਮੁਰਦਾਘਰਾਂ ਵਿੱਚ ਸਿਰਫ਼ 350 ਲਾਸ਼ਾਂ ਰੱਖਣ ਦੀ ਸਮਰੱਥਾ ਹੋਣ ਕਾਰਨ ਲਾਸ਼ਾਂ ਦੀ ਸ਼ਨਾਖਤ ਅਤੇ ਸੰਭਾਲ ਵਿੱਚ ਭਾਰੀ ਦਿੱਕਤਾਂ ਆ ਰਹੀਆਂ ਹਨ। ਚਿਤਵਨ ਅਤੇ ਪੋਖਰਾ ਦੇ ਹਸਪਤਾਲਾਂ ‘ਚ ਥਾਂ ਘਟਣ ਕਾਰਨ ਪ੍ਰਸ਼ਾਸਨ ਨੂੰ ਏਸੀ ਵਾਤਾਵਰਨ ਵਾਲੇ ਅਸਥਾਈ ਕੇਂਦਰ ਬਣਾਉਣੇ ਪਏ ਹਨ। ਕਈ ਖੇਤਰਾਂ ਵਿੱਚ ਲਗਾਤਾਰ ਪੈ ਰਹੇ ਭਾਰੀ ਮੀਂਹ ਅਤੇ ਨਦੀ ਦੇ ਵਧਦੇ ਪੱਧਰ ਕਾਰਨ ਬਚਾਅ ਕਾਰਜਾਂ ਨੂੰ ਅਸਥਾਈ ਤੌਰ ’ਤੇ ਰੋਕਣਾ ਪਿਆ ਹੈ, ਜਦੋਂਕਿ ਹੈਲੀਕਾਪਟਰ ਸੇਵਾਵਾਂ ਵੀ ਠੱਪ ਹੋ ਗਈਆਂ ਹਨ। ਖ਼ਰਾਬ ਮੌਸਮ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਨਦੀ ਦੇ ਆਸ-ਪਾਸ ਦੇ ਇਲਾਕਿਆਂ ਨੂੰ ਖਾਲੀ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਦੂਜੇ ਪਾਸੇ, ਕਾਠਮਾਂਡੂ ਅਤੇ ਮੁਗਲਿੰਗ ਵਿਚਕਾਰ ਸੜਕੀ ਆਵਾਜਾਈ ਨੂੰ ਪੂਰੀ ਤਰ੍ਹਾਂ ਬਹਾਲ ਕਰ ਦਿੱਤਾ ਗਿਆ ਹੈ।

featured-img

error: Content is protected !!